ਪਹਿਲੀ ਨੂੰ ਪੰਜਾਬ ਦੇ ਸਾਰੇ ਮੁੱਦਿਆਂ ’ਤੇ ਹੋਵੇਗੀ ਬਹਿਸ: ਮਾਨ

ਪਹਿਲੀ ਨੂੰ ਪੰਜਾਬ ਦੇ ਸਾਰੇ ਮੁੱਦਿਆਂ ’ਤੇ ਹੋਵੇਗੀ ਬਹਿਸ: ਮਾਨ

ਚੰਡੀਗੜ੍ਹ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਤਵਾਰ ਨੂੰ ਪਾਰਟੀ ਹੈੱਡਕੁਆਰਟਰ ਤੋਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਹਿਲੀ ਨਵੰਬਰ ਪੰਜਾਬ ਦਾ ਦਿਨ ਹੈ ਅਤੇ ਉਸ ਦਿਨ ਪੰਜਾਬ ਦੇ ਸਾਰੇ ਮੁੱਦਿਆਂ ’ਤੇ ਡੂੰਘੀ ਤੇ ਵਿਸਥਾਰਪੂਰਵਕ ਚਰਚਾ ਹੋਵੇਗੀ। ਸ੍ਰੀ ਮਾਨ ਨੇ ਕਿਹਾ ਕਿ ਅਸੀਂ ਵਿਰੋਧੀ ਧਿਰ ਨਾਲ ਸਿਰਫ਼ ਐਸਵਾਈਐਲ ’ਤੇ ਨਹੀਂ ਬਲਕਿ ਪੰਜਾਬ ਦੇ ਸਾਰੇ ਮੁੱਦਿਆਂ ’ਤੇ ਬਹਿਸ ਕਰਨਾ ਚਾਹੁੰਦੇ ਹਾਂ। ਪਹਿਲੀ ਨਵੰਬਰ 1966 ਨੂੰ ਪੰਜਾਬ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਪੰਜਾਬ ਲਈ ਇਹ ਬਹਿਸ ਹੋਣੀ ਬਹੁਤ ਜ਼ਰੂਰੀ ਹੈ ਕਿ ਪੰਜਾਬ ਦੀ ਖੇਤੀ ਕਿਸ ਤਰ੍ਹਾਂ ਵਿਗੜ ਗਈ ਅਤੇ ਕਿਵੇਂ ਖੇਤੀ ਘਾਟੇ ਦਾ ਧੰਦਾ ਬਣ ਗਈ ਹੈ। ਸ੍ਰੀ ਮਾਨ ਨੇ ਕਿਹਾ ਕਿ ਅੱਜ ਪੰਜਾਬ ਪਾਣੀ ਦੀ ਸਮੱਸਿਆ ਨਾਲ ਜੂਝ ਰਿਹਾ ਹੈ, ਇਸ ਲਈ ਅਸੀਂ ਪਾਣੀਆਂ ਦੇ ਮੁੱਦੇ ’ਤੇ ਵੀ ਚਰਚਾ ਕਰਾਂਗੇ ਕਿ ਪੰਜਾਬ ਦਾ ਪਾਣੀ ਕਿਵੇਂ ਲੁੱਟਿਆ ਗਿਆ। ਇਸ ਤੋਂ ਇਲਾਵਾ ਨਸ਼ਿਆਂ ਦੀ ਸਮੱਸਿਆ ਬਾਰੇ ਵੀ ਵਿਸਥਾਰ ਨਾਲ ਚਰਚਾ ਕਰਾਂਗੇ ਕਿ ਕਿਵੇਂ ਪੰਜਾਬ ਵਿਚ ਡਰੱਗ ਮਾਫੀਆ ਭਾਰੂ ਹੋ ਗਿਆ ਅਤੇ ਨੌਜਵਾਨਾਂ ਨੂੰ ਨਸ਼ੇ ਦੇ ਜਾਲ ਵਿਚ ਕਿਵੇਂ ਫਸਾਇਆ ਗਿਆ। ਪੰਜਾਬ ਦੇ ਨੌਜਵਾਨ ਵੱਡੀ ਗਿਣਤੀ ਵਿੱਚ ਵਿਦੇਸ਼ਾਂ ਨੂੰ ਜਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਹਰ ਰੋਜ਼ ਸਰਕਾਰ ’ਤੇ ਹਮਲਾ ਕਰਨ ਲਈ ਕੋਈ ਨਾ ਕੋਈ ਨਵੀਂ ਗੱਲ ਲੈ ਕੇ ਆਉਂਦੀਆਂ ਹਨ, ਜਿਸ ਕਰਕੇ ਹਰ ਰੋਜ਼ ਝਗੜਾ ਕਰਨ ਦੀ ਬਜਾਏ ਪੰਜਾਬ ਦੇ ਮੁੱਦਿਆਂ ’ਤੇ ਖੁੱਲ੍ਹ ਕੇ ਬੋਲਣਾ ਹੀ ਬਿਹਤਰ ਹੈ। ਇਸ ਬਹਿਸ ’ਚ ਸੱਚ ਲੋਕਾਂ ਦੇ ਸਾਹਮਣੇ ਆ ਜਾਵੇਗਾ।