ਵਿਸ਼ਵ ਦੇ ਮੋਹਰੀ ਸਨਅਤਕਾਰ ਪੰਜਾਬ ’ਚ ਨਵਿੇਸ਼ ਕਰਨ ਲੱਗੇ: ਭਗਵੰਤ ਮਾਨ

ਵਿਸ਼ਵ ਦੇ ਮੋਹਰੀ ਸਨਅਤਕਾਰ ਪੰਜਾਬ ’ਚ ਨਵਿੇਸ਼ ਕਰਨ ਲੱਗੇ: ਭਗਵੰਤ ਮਾਨ

ਘਨੌਰ (ਪਟਿਆਲਾ)/ਰਾਜਪੁਰਾ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਦੁਨੀਆਂਂ ਭਰ ਦੇ ਮੋਹਰੀ ਸਨਅਤਕਾਰ ਹੁਣ ਸੂਬੇ ਦਾ ਰੁਖ਼ ਕਰਨ ਲੱਗੇ ਹਨ। ਉਹ ਅੱਜ ਹਲਕਾ ਘਨੌਰ ਦੇ ਪਿੰਡ ਚਮਾਰੂ ਵਿੱਚ ਨੀਦਰਲੈਂਡਜ਼ ਆਧਾਰਤ ਕੈਟਲ ਫੀਡ ਪਲਾਂਟ ਦਾ ਨੀਂਹ ਪੱਥਰ ਰੱਖਣ ਮਗਰੋਂ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਰਵਾਇਤੀ ਫ਼ਸਲਾਂ ਦੀ ਖੇਤੀ ਕਰ ਰਹੇ ਪੰਜਾਬ ਤੇ ਹਰਿਆਣਾ ਦੇ ਕਿਸਾਨ ਫ਼ਸਲੀ ਵਿਭਿੰਨਤਾ ਲਈ ਨਵੇਂ ਰਾਹ ਤਲਾਸ਼ ਰਹੇ ਹਨ ਜਾਂ ਉਹ ਬਿਹਤਰ ਕਮਾਈ ਲਈ ਬਾਗ਼ਬਾਨੀ, ਡੇਅਰੀ, ਮੁਰਗੀ ਪਾਲਣ, ਮੱਛੀ ਪਾਲਣ, ਸੂਰ ਪਾਲਣ ਅਤੇ ਹੋਰ ਕਿੱਤਿਆਂ ਵੱਲ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਸ਼ੂਆਂ ਦੀ ਫੀਡ ਬਣਾਉਣ ਵਾਲੀਆਂ ਦੁਨੀਆਂ ਭਰ ਦੀਆਂ ਮੂਹਰਲੀ ਕਤਰ ਦੀਆਂ 10 ਕੰਪਨੀਆਂ ਵਿੱਚੋਂ ਇਕ ਡੀ ਹਿਊਜ਼ ਇੱਥੇ ਪਲਾਂਟ ਸਥਾਪਤ ਕਰਨ ਜਾ ਰਹੀ ਹੈ। 138 ਕਰੋੜ ਨਾਲ ਬਣ ਰਹੇ ਇਸ ਪਲਾਂਟ ਨਾਲ ਅਜਿਹੇ ਕਿਸਾਨਾਂ ਦੀਆਂ ਉਮੀਦਾਂ ਜਾਗੀਆਂ ਹਨ। ਬਿਹਤਰੀਨ ਤਕਨਾਲੋਜੀ ਆਉਣ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ। ਮੁੱਖ  ਮੰਤਰੀ ਨੇ ਕਿਹਾ ਕਿ ਇਹ ਨੀਦਰਲੈਂਡਜ਼ ਦੀ ਕਿਸੇ ਇਕ ਕੰਪਨੀ ਦਾ ਪੰਜਾਬ ਵਿੱਚ ਪਹਿਲਾ ਵੱਡਾ ਨਵਿੇਸ਼ ਹੈ। ਪਲਾਂਟ ਦਾ ਪਹਿਲਾ ਪੜਾਅ 2025 ਦੀ ਪਹਿਲੀ ਤਿਮਾਹੀ ਤੱਕ ਮੁਕੰਮਲ ਹੋ ਜਾਵੇਗਾ, ਜਿਹੜਾ 180 ਕਿੱਲੋ ਮੀਟਰਿਕ ਟਨ ਪਸ਼ੂਆਂ ਦੀ ਫੀਡ ਤਿਆਰ ਕਰੇਗਾ। ਇਸ ਸਮਰੱਥਾ ਵਿੱਚ 240 ਕਿੱਲੋ ਮੀਟਰਿਕ ਟਨ ਤੱਕ ਵਾਧਾ ਕੀਤਾ ਜਾ ਸਕੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੇ ਯਤਨਾਂ ਨਾਲ ਹੁਣ ਤੱਕ ਪੰਜਾਬ ਵਿੱਚ 50840 ਕਰੋੜ ਦਾ ਨਵਿੇਸ਼ ਆਇਆ ਹੈ। ਟਾਟਾ ਸਟੀਲ ਨੇ ਜਮਸ਼ੇਦਪੁਰ ਤੋਂ ਬਾਅਦ ਪੰਜਾਬ ਵਿੱਚ ਸਭ ਤੋਂ ਵੱਡਾ ਨਵਿੇਸ਼ ਕੀਤਾ ਹੈ। ਜਿੰਦਲ ਸਟੀਲ, ਵਰਬੀਓ, ਕਲਾਸ, ਟੈਫੇ, ਹਿੰਦੋਸਤਾਨ ਲਵਿਰ ਤੇ ਹੋਰ ਕੰਪਨੀਆਂ ਵੀ ਪੰਜਾਬ ਵਿੱਚ ਨਵਿੇਸ਼ ਕਰ ਰਹੀਆਂ ਹਨ। ਪੰਜਾਬ ਦੇ 2.25 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ।