ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੁਸ਼ੀਲ ਰਿੰਕੂ ਨਾਲ ਮੁਲਾਕਾਤ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੁਸ਼ੀਲ ਰਿੰਕੂ ਨਾਲ ਮੁਲਾਕਾਤ

ਜਲੰਧਰ-ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼ਹਿਰ ਵਿੱਚ ਆਏ ਅਤੇ ਉਨ੍ਹਾਂ ਸਥਾਨਕ ਹੋਟਲ ਵਿੱਚ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਵੱਲੋਂ ਸੰਸਦ ਮੈਂਬਰ ਨਾਲ ਮੁਲਾਕਾਤ ਅਜਿਹੇ ਸਮੇਂ ਕੀਤੀ ਗਈ ਜਦੋਂ ਅਜਿਹੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਸਨ ਕਿ ਰਿੰਕੂ ਤੇ ਪਾਰਟੀ ਵਿਚਾਲੇ ਸਭ ਕੁਝ ਠੀਕ ਨਹੀਂ ਚੱਲ ਰਿਹਾ। ਸੂਤਰਾਂ ਦਾ ਕਹਿਣਾ ਹੈ ਕਿ ਸੰਸਦ ਮੈਂਬਰ ਸੁਸ਼ੀਲ ਰਿੰਕੂ ਪਿਛਲੇ ਹਫ਼ਤੇ ਲੋਕ ਸਭਾ ਚੋਣਾਂ ਲਈ ਮੁੜ ਤੋਂ ਉਮੀਦਵਾਰ ਐਲਾਨੇ ਜਾਣ ਮਗਰੋਂ ਪਾਰਟੀ ਤੋਂ ਪ੍ਰਚਾਰ ਲਈ ਵਿੱਤੀ ਸਹਾਇਤਾ ਦੀ ਮੰਗ ਕਰ ਰਹੇ ਹਨ।ਸੰਸਦ ਮੈਂਬਰ ਰਿੰਕੂ ਦੇ ਸਹਿਯੋਗੀਆਂ ਨੇ ਕਿਹਾ ਕਿ ਤਿੰਨ ਸਾਲਾਂ ਦੌਰਾਨ ਦੌਰਾਨ ਇਹ ਲਗਾਤਾਰ ਤੀਜੀ ਵਾਰ ਚੋਣ ਹੋ ਰਹੀ ਹੈ। ਉਨ੍ਹਾਂ ਕਿਹਾ, ‘ਰਿੰਕੂ ਨੇ ਸਾਲ 2022 ਵਿੱਚ ਕਾਂਗਰਸ ਉਮੀਦਵਾਰ ਵਜੋਂ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਸੀ ਪਰ ਹਾਰ ਗਏ ਸਨ। ਸਾਲ 2023 ’ਚ ਉਨ੍ਹਾਂ ‘ਆਪ’ ਵਿੱਚ ਸ਼ਾਮਲ ਹੋਣ ਤੋਂ ਬਾਅਦ ਲੋਕ ਸਭਾ ਹਲਕੇ ਦੀ ਉਪ ਚੋਣ ਲੜੀ ਤੇ ਜੇਤੂ ਰਹੇ। ਹੁਣ 2024 ’ਚ ਉਨ੍ਹਾਂ ਨੂੰ ਮੁੜ ਜਲੰਧਰ ਲੋਕ ਸਭਾ ਹਲਕੇ ਤੋਂ ‘ਆਪ’ ਨੇ ਉਮੀਦਵਾਰ ਐਲਾਨਿਆ ਹੈ। ਹਰ ਸਾਲ ਚੋਣ ਲੜਨਾ ਮੁਸ਼ਕਲ ਕੰਮ ਹੈ। ਇਹੀ ਇੱਕ ਮੁੱਦਾ ਹੈ ਜਿਸ ਬਾਰੇ ਉਹ ਮੁੱਖ ਮੰਤਰੀ ਨਾਲ ਚਰਚਾ ਕਰਨੀ ਚਾਹੁੰਦੇ ਹਨ।’ ਜ਼ਿਕਰਯੋਗ ਹੈ ਕਿ ਲੰਘੇ ਸ਼ਨਿਚਰਵਾਰ ਨੂੰ ਅਜਿਹੀਆਂ ਰਿਪੋਰਟਾਂ ਸਾਹਮਣੇ ਆਈਆਂ ਸਨ ਕਿ ਸੁਸ਼ੀਲ ਰਿੰਕੂ ਭਾਜਪਾ ’ਚ ਸ਼ਾਮਲ ਹੋ ਸਕਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਅੱਜ ਦਸੂਹਾ ’ਚ ਸ਼ਹੀਦ ਪੁਲੀਸ ਮੁਲਾਜ਼ਮ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਤੋਂ ਬਾਅਦ ਦੁਪਹਿਰ ਸਮੇਂ ਜਲੰਧਰ ਪੁੱਜੇ ਤੇ ਪਾਰਟੀ ਵਿੱਚ ‘ਸਭ ਅੱਛਾ ਨਾ ਹੋਣ’ ਦੀਆਂ ਅਫਵਾਹਾਂ ਦਰਮਿਆਨ ਰਿੰਕੂ ਨੂੰ ਮਿਲੇ। ਰਿੰਕੂ ਵੀ ਇਸ ਗੱਲੋਂ ਪ੍ਰੇਸ਼ਾਨ ਦੱਸੇ ਜਾ ਰਹੇ ਹਨ ਕਿ ਸਾਲ 2023 ਦੀ ਉਪ ਚੋਣ ਦੌਰਾਨ ਉਨ੍ਹਾਂ ਵੱਲੋਂ ਪ੍ਰਾਜੈਕਟਾਂ ਤੇ ਵਾਅਦਿਆਂ ਦੇ ਜੋ ਐਲਾਨ ਕੀਤੇ ਗਏ ਸਨ, ਉਹ 10 ਮਹੀਨਿਆਂ ਅੰਦਰ ਵੀ ਪੂਰੇ ਨਹੀਂ ਹੋਏ। ਸੁਸ਼ੀਲ ਰਿੰਕੂ ਨੇ ਹਾਲਾਂਕਿ ਅਜਿਹੀਆਂ ਸਾਰੀਆਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ, ‘ਮੇਰਾ ਪਾਰਟੀ ਨਾਲ ਕੋਈ ਮਸਲਾ ਨਹੀਂ ਹੈ। ਮੁੱਖ ਮੰਤਰੀ ਨਾਲ ਮੇਰੀ ਮੁਲਾਕਾਤ ਸਿਰਫ਼ ਚੋਣ ਮੁਹਿੰਮ ਬਾਰੇ ਚਰਚਾ ਕਰਨ ਲਈ ਸੀ। ਇਹ ਸਿਰਫ਼ ਇਕੱਲੇ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਸੀ ਅਤੇ ਬਾਕੀ ਸਭ ਅਫਵਾਹਾਂ ਹਨ। ਮੇਰੀ ਫੰਡਾਂ ਨੂੰ ਲੈ ਕੇ ਵੀ ਕੋਈ ਮੰਗ ਨਹੀਂ ਹੈ ਕਿਉਂਕਿ ਮੇਰੀ ਪ੍ਰਚਾਰ ਮੁਹਿੰਮ ਖਰਚੀਲੀ ਨਹੀਂ ਹੋਵੇਗੀ।’ ਉਨ੍ਹਾਂ ਆਪਣੇ ਭਾਜਪਾ ’ਚ ਜਾਣ ਦੀਆਂ ਚਰਚਾਵਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਦੱਸਿਆ। ਉਨ੍ਹਾਂ ਕਿਹਾ, ‘ਜਲੰਧਰ ’ਚ ਖੇਡ ਯੂਨੀਵਰਸਿਟੀ ਜਿਹੇ ਪ੍ਰਾਜੈਕਟਾਂ ਦੇ ਪੈਡਿੰਗ ਰਹਿਣ ਦਾ ਵੀ ਕੋਈ ਮਸਲਾ ਨਹੀਂ ਹੈ ਕਿਉਂਕਿ ਅਜਿਹੇ ਪ੍ਰਾਜੈਕਟ ਘੱਟ ਤੋਂ ਘੱਟ ਦੋ-ਤਿੰਨ ਸਾਲ ਲੈ ਲੈਂਦੇ ਹਨ ਅਤੇ ਇਹ ਪ੍ਰਾਜੈਕਟ 2027 ਤੋਂ ਪਹਿਲਾਂ ਮੁਕੰਮਲ ਹੋ ਜਾਵੇਗਾ।’