ਕਾਂਗਰਸ ਵਰਕਿੰਗ ਕਮੇਟੀ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਬਾਰੇ ਅੱਜ ਉਲੀਕੇਗੀ ਰਣਨੀਤੀ

ਕਾਂਗਰਸ ਵਰਕਿੰਗ ਕਮੇਟੀ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਬਾਰੇ ਅੱਜ ਉਲੀਕੇਗੀ ਰਣਨੀਤੀ

ਹੈਦਰਾਬਾਦ-ਮਲਿਕਾਰਜੁਨ ਖੜਗੇ ਦੀ ਪ੍ਰਧਾਨਗੀ ਹੇਠ ਇੱਥੇ ਭਲਕੇ ਸ਼ਨਿਚਰਵਾਰ ਨੂੰ ਹੋਣ ਵਾਲੀ ਕਾਂਗਰਸ ਦੀ ਨਵੀਂ ਵਰਕਿੰਗ ਕਮੇਟੀ ਦੀ ਪਹਿਲੀ ਮੀਟਿੰਗ ਵਿੱਚ ਪੰਜ ਸੂਬਿਆਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ 2024 ਦੀਆਂ ਲੋਕ ਸਭਾ ਚੋਣਾਂ ਲਈ ਰਣਨੀਤੀ ਤਿਆਰ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਸੂਤਰਾਂ ਅਨੁਸਾਰ ਇਸ ਦੌਰਾਨ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਪਿਛਲੀ ਯਾਤਰਾ ਦੀ ਸਫਲਤਾ ਤੋਂ ਬਾਅਦ ‘ਭਾਰਤ ਜੋੜੋ ਯਾਤਰਾ 2.0’ ਸ਼ੁਰੂ ਕਰਨ ਬਾਰੇ ਵੀ ਵਿਚਾਰ-ਚਰਚਾ ਕੀਤੀ ਜਾਵੇਗੀ। ਖੜਗੇ ਦੀ ਅਗਵਾਈ ਹੇਠਲੀ ਕਾਂਗਰਸ ਦੀ ਨਵੀਂ ਵਰਕਿੰਗ ਕਮੇਟੀ ਦੇ 39 ਮੈਂਬਰ ਹਨ, ਜੋ ਭਲਕੇ ਮੀਟਿੰਗ ਵਿੱਚ ਹਿੱਸਾ ਲੈਣਗੇ। ਮਗਰੋਂ ਅਗਲੇ ਦਿਨ ਵਿਸਥਾਰਤ ਵਰਕਿੰਗ ਕਮੇਟੀ ਦੀ ਮੀਟਿੰਗ ਹੋਵੇਗੀ, ਜਿਸ ਵਿੱਚ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਹੋਰ ਸੀਨੀਅਰ ਆਗੂ ਵਿਚਾਰ-ਚਰਚਾ ਕਰਨਗੇ। ਇਸੇ ਤਰ੍ਹਾਂ 17 ਸਤੰਬਰ ਨੂੰ ਹੈਦਰਾਬਾਦ ਵਿੱਚ ‘ਮੈਗਾ ਰੈਲੀ’ ਕੀਤੀ ਜਾਵੇਗੀ, ਜਿੱਥੇ ਕਾਂਗਰਸ ਤੇਲੰਗਾਨਾ ਵਿਧਾਨ ਸਭਾ ਚੋਣਾਂ ਲਈ ਗਾਰੰਟੀਆਂ ਦਾ ਐਲਾਨ ਕਰੇਗੀ। -ਪੀਟੀਆਈ