ਤਿਲੰਗਾਨਾ: ਰਾਹੁਲ ਵੱਲੋਂ ਜਾਤੀ ਜਨਗਣਨਾ ਕਰਵਾਉਣ ਦਾ ਵਾਅਦਾ

ਤਿਲੰਗਾਨਾ: ਰਾਹੁਲ ਵੱਲੋਂ ਜਾਤੀ ਜਨਗਣਨਾ ਕਰਵਾਉਣ ਦਾ ਵਾਅਦਾ

ਹੈਦਰਾਬਾਦ-ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਇੱਥੇ ਤਿਲੰਗਾਨਾ ਵਾਸੀਆਂ ਨਾਲ ਵਾਅਦਾ ਕੀਤਾ ਕੀਤਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ ’ਚ ਆਉਂਦੀ ਹੈ ਤਾਂ ਸੂਬੇ ਸਣੇ ਦੇਸ਼ ਭਰ ਵਿੱਚ ਜਾਤੀ ਜਨਗਣਨਾ ਕਰਵਾਈ ਜਾਵੇਗੀ। ਸੂਬੇ ਵਿੱਚ ਕਾਂਗਰਸ ਦੀ ‘ਵਿਜੈਭੇਰੀ’ ਯਾਤਰਾ ਦੌਰਾਨ ਭੁਪਾਨਪੱਲੀ ਵਿੱਚ ਪੇਢਾਪੱਲੀ ਦੇ ਰਾਹ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਤਿਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ (ਕੇਸੀਆਰ) ’ਤੇ ਇਸ ਮੁੱਦੇ ’ਤੇ ਚੁੱਪੀ ਧਾਰਨ ਦਾ ਦੋਸ਼ ਲਾਇਆ। ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਵਿੱਚ ਸਭ ਤੋਂ ਵੱਡਾ ਮੁੱਦਾ ਜਾਤੀ ਜਨਗਣਨਾ ਦਾ ਹੈ ਅਤੇ ਇਹ ਇੱਕ ਐਕਸ-ਰੇਅ ਹੈ, ਜੋ ਦਲਿਤਾਂ, ਆਦਿਵਾਸੀਆਂ ਅਤੇ ਹੋਰ ਪੱਛੜੇ ਵਰਗ (ਓਬੀਸੀ) ਦੀ ਸਥਿਤੀ ’ਤੇ ਚਾਨਣਾ ਪਾਵੇਗਾ। ਉਨ੍ਹਾਂ ਲੋਕਾਂ ਨੂੰ ਮੋਦੀ ਅਤੇ ਰਾਓ ਤੋਂ ਸਵਾਲ ਪੁੱਛਣ ਲਈ ਕਿਹਾ ਕਿ ਉਹ ਜਾਤੀ ਜਨਗਣਨਾ ਕਦੋਂ ਕਰਵਾਉਣਗੇ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਤਿਲੰਗਾਨਾ ਵਿੱਚ ਸੱਤਾ ’ਚ ਆਉਂਦੀ ਹੈ ਤਾਂ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਪਹਿਲਾ ਕੰਮ ਸੂਬੇ ਦਾ ‘ਐਕਸ-ਰੇਅ’ (ਜਾਤੀ ਜਨਗਣਨਾ) ਕਰਵਾਉਣ ਦਾ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੇ ਸੂਬੇ ਛੱਤੀਸਗੜ੍ਹ, ਰਾਜਸਥਾਨ ਅਤੇ ਕਰਨਾਟਕ ਨੂੰ ਜਾਤੀ ਜਨਗਣਨਾ ਕਰਵਾਉਣ ਲਈ ਕਿਹਾ ਗਿਆ ਹੈ। ਰਾਹੁਲ ਨੇ ਕਿਹਾ, ‘‘ਤਿਲੰਗਾਨਾ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਜਾਤੀ ਜਨਗਣਨਾ ਕਰਵਾਉਣੀ ਪਵੇਗੀ। ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਕਾਂਗਰਸ ਪਾਰਟੀ ਤਿਲੰਗਾਨਾ ਵਿੱਚ ਜਾਤੀ ਜਨਗਣਨਾ ਕਰਵਾਏਗੀ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਸੰਸਦ ਵਿੱਚ ਜਾਤੀ ਜਨਗਣਨਾ ਦਾ ਮੁੱਦਾ ਚੁੱਕਿਆ ਸੀ। ਉਨ੍ਹਾਂ ਕਿਹਾ ਕਿ ਸਿਰਫ਼ 90 ਸਿਖਰਲੇ ਅਧਿਕਾਰੀ/ਨੌਕਰਸ਼ਾਹ ਹੀ ਦੇਸ਼ ਚਲਾਉਂਦੇ ਹਨ ਅਤੇ ਉਨ੍ਹਾਂ ਵਿੱਚੋਂ ਸਿਰਫ਼ ਤਿੰਨ ਓਬੀਸੀ ਹਨ। ਰਾਹੁਲ ਨੇ ਦਾਅਵਾ ਕੀਤਾ, ‘‘ਇਹ (ਓਬੀਸੀ) ਅਧਿਕਾਰੀ ਬਜਟ ਦਾ ਸਿਰਫ਼ ਪੰਜ ਫ਼ੀਸਦੀ ਕੰਟਰੋਲ ਕਰਦੇ ਹਨ। ਮੇਰਾ ਸਵਾਲ ਇਹ ਹੈ ਕਿ ਕੀ ਦੇਸ਼ ਵਿੱਚ ਓਬੀਸੀ ਦੀ ਆਬਾਦੀ ਸਿਰਫ਼ ਪੰਜ ਫ਼ੀਸਦੀ ਹੈ।’’ ਉਨ੍ਹਾਂ ਆਪਣਾ ਦੋਸ਼ ਦੁਹਰਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਉਨ੍ਹਾਂ ਨੂੰ ਡਰਾਉਣ ਲਈ ਵਿਰੋਧੀ ਧਿਰ ਦੇ ਨੇਤਾਵਾਂ ਖ਼ਿਲਾਫ਼ ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ। ਗਾਂਧੀ ਨੇ ਸਵਾਲ ਕੀਤਾ ਕਿ ਜੇਕਰ ਤਿਲੰਗਾਨਾ ਦੇ ਮੁੱਖ ਮੰਤਰੀ ਸੱਚਮੁੱਚ ਭਾਜਪਾ ਖ਼ਿਲਾਫ਼ ਲੜ ਰਹੇ ਹਨ ਤਾਂ ਉਨ੍ਹਾਂ ਖ਼ਿਲਾਫ਼ ਮਾਮਲੇ ਕਿਉਂ ਨਹੀਂ ਦਰਜ ਕੀਤੇ ਗਏ ਅਤੇ ਉਨ੍ਹਾਂ ਖ਼ਿਲਾਫ਼ ਈਡੀ, ਆਈਟੀ ਅਤੇ ਸੀਬੀਆਈ ਜਾਂਚ ਕਿਉਂ ਨਹੀਂ ਹੋਈ। ਉਨ੍ਹਾਂ ਕਿਹਾ, ‘‘ਮੈਂ ਭਾਜਪਾ ਖ਼ਿਲਾਫ਼ ਲੜਦਾ ਹਾਂ ਅਤੇ ਮੇਰੇ ਖ਼ਿਲਾਫ਼ 24 ਮਾਮਲੇ ਦਰਜ ਹਨ। ਮੈਨੂੰ ਸੰਸਦ ਦੀ ਮੈਂਬਰਸ਼ਿਪ ਤੋਂ ਅਯੋਗ ਕਰਾਰ ਦਿੱਤਾ ਗਿਆ। ਮੇਰੀ ਲੜਾਈ ਆਰਐੱਸਐੱਸ ਅਤੇ ਭਾਜਪਾ ਦੀ ਵਿਚਾਰਧਾਰਾ ਨਾਲ ਹੈ।