ਪਾਰਟੀ ਦਾ ਮੈਨੀਫੈਸਟੋ ਲੋਕਾਂ ਨੂੰ ਇਨਸਾਫ ਦਿਵਾਉਣ ’ਤੇ ਕੇਂਦਰਿਤ: ਕਾਂਗਰਸ

ਪਾਰਟੀ ਦਾ ਮੈਨੀਫੈਸਟੋ ਲੋਕਾਂ ਨੂੰ ਇਨਸਾਫ ਦਿਵਾਉਣ ’ਤੇ ਕੇਂਦਰਿਤ: ਕਾਂਗਰਸ


ਨਵੀਂ ਦਿੱਲੀ- ਕਾਂਗਰਸ ਵਰਕਿੰਗ ਕਮੇਟੀ (ਸੀਡਬਲਯੂਸੀ) ਦੀ ਅੱਜ ਇੱਥੇ ਹੋਈ ਮੀਟਿੰਗ ਦੌਰਾਨ ਕਾਂਗਰਸ ਨੇ ਕਿਹਾ ਕਿ ਦੇਸ਼ ਤਬਦੀਲੀ ਚਾਹੁੰਦਾ ਹੈ ਅਤੇ ਪਾਰਟੀ ਦਾ ਲੋਕ ਸਭਾ ਚੋਣਾਂ ਲਈ ਮੈਨੀਫੈਸਟੋ ਲੋਕਾਂ ਨੂੰ ਨਿਆਂ ਦੇ ਪੰਜ ਥੰਮ੍ਹਾਂ ਦੇ ਆਧਾਰ ’ਤੇ ਨਿਆਂ ਯਕੀਨੀ ਬਣਾਉਣ ’ਤੇ ਕੇਂਦਰਿਤ ਹੋਵੇਗਾ। ਪਾਰਟੀ ਨੇ ਦਾਅਵਾ ਕੀਤਾ ਕਿ ਭਾਜਪਾ ਦੀਆਂ ਗਾਰੰਟੀਆਂ ਦਾ ਹਸ਼ਰ ਵੀ ਉਹੀ ਹੋਵੇਗਾ ਜੋ ਉਸ ਦੇ 2004 ਦੇ ‘ਸ਼ਾਈਨਿੰਗ ਇੰਡੀਆ’ ਦੇ ਨਾਅਰੇ ਦਾ ਹੋਇਆ ਸੀ। ਪਾਰਟੀ ਲਈ ਫ਼ੈਸਲੇ ਲੈਣ ਵਾਲੀ ਸਭ ਤੋਂ ਵੱਡੀ ਸੰਸਥਾ ਸੀਡਬਲਯੂਸੀ ਨੇ ਅੱਜ ਲੋਕ ਸਭਾ ਚੋਣਾਂ ਲਈ ਮੈਨੀਫੈਸਟੋ ਬਾਰੇ ਘੱਟੋ-ਘੱਟ ਤਿੰਨ ਘੰਟੇ ਚਰਚਾ ਕੀਤੀ ਅਤੇ ਨੌਜਵਾਨਾਂ, ਮਹਿਲਾਵਾਂ, ਕਿਰਤੀਆਂ, ਕਿਸਾਨਾਂ ਤੇ ਹਾਸ਼ੀਏ ’ਤੇ ਆਏ ਲੋਕਾਂ ਲਈ ਇਨਸਾਫ ਦੀ ਗਾਰੰਟੀ ਨਾਲ ਹਰ ਘਰ ਤੱਕ ਪਹੁੰਚ ਕਰਨ ਦਾ ਫ਼ੈਸਲਾ ਕੀਤਾ ਗਿਆ। ਸੂਤਰਾਂ ਨੇ ਦੱਸਿਆ ਕਿ ਮੈਨੀਫੈਸਟੋ ਵਿੱਚ ਪੁਰਾਣੀ ਪੈਨਸ਼ਨ ਯੋਜਨਾ ਦੇਸ਼ ਭਰ ’ਚ ਲਾਗੂ ਕਰਨ ਅਤੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਰੋਕਣ ਤੇ ਇਨ੍ਹਾਂ ਦੀ ਆਜ਼ਾਦੀ ਯਕੀਨੀ ਬਣਾਉਣ ਸਬੰਧੀ ਕਾਨੂੰਨ ਲਿਆਉਣ ਦਾ ਵਾਅਦਾ ਵੀ ਕੀਤਾ ਗਿਆ ਹੈ। ਪਾਰਟੀ ਆਗੂ ਕੇਸੀ ਵੇਣੂਗੋਪਾਲ ਨੇ ਕਿਹਾ ਕਿ ਇਹ ਪੰਜ ਗਾਰੰਟੀਆਂ ਇਨ੍ਹਾਂ ਚੋਣਾਂ ਦੌਰਾਨ ਸਭ ਤੋਂ ਵੱਡੀਆਂ ਖੇਡ ਪਲਟਾਊ ਸਾਬਤ ਹੋਣ ਜਾ ਰਹੀਆਂ ਹਨ। ਉਨ੍ਹਾਂ ਕਿਹਾ, ‘ਸੀਡਬਲਯੂਸੀ ਨੇ ਆਪਣੀਆਂ ਗਾਰੰਟੀਆਂ ਨੂੰ ਹੇਠਲੇ ਪੱਧਰ ਤੱਕ ਲਿਜਾਣ ਅਤੇ ਨੌਜਵਾਨਾਂ, ਗਰੀਬਾਂ, ਮਹਿਲਾਵਾਂ, ਕਿਰਤੀਆਂ ਤੇ ਕਿਸਾਨਾਂ ਦੇ ਮਸਲਿਆਂ ਵੱਲ ਧਿਆਨ ਦੇਣ ਦਾ ਫ਼ੈਸਲਾ ਕੀਤਾ ਹੈ।’ ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਗਾਰੰਟੀਆਂ ਜੁਮਲੇ ਤੇ ਝੂਠ ਦੇ ਪੁਲੰਦੇ ਹਨ।