ਕਾਂਗਰਸ ਦੇ ਖ਼ਤਰਨਾਕ ਇਰਾਦੇ ਜੱਗ ਜ਼ਾਹਿਰ ਹੋਏ: ਮੋਦੀ

ਕਾਂਗਰਸ ਦੇ ਖ਼ਤਰਨਾਕ ਇਰਾਦੇ ਜੱਗ ਜ਼ਾਹਿਰ ਹੋਏ: ਮੋਦੀ

ਅੰਬਿਕਾਪੁਰ/ਸਾਗਰ/ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੈਮ ਪਿਤਰੋਦਾ ਦੇ ਵਿਰਾਸਤੀ ਟੈਕਸ ਵਾਲੇ ਬਿਆਨ ’ਤੇ ਕਾਂਗਰਸ ਨੂੰ ਘੇਰਦਿਆਂ ਕਿਹਾ ਹੈ ਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦੇ ਲੋਕਾਂ ਦੀ ਸੰਪਤੀ ਅਤੇ ਹੱਕ ਖੋਹਣ ਦੇ ਖ਼ਤਰਨਾਕ ਇਰਾਦੇ ਜੱਗ ਜ਼ਾਹਿਰ ਹੋ ਗਏ ਹਨ। ਛੱਤੀਸਗੜ੍ਹ ਦੇ ਅੰਬਿਕਾਪੁਰ ਅਤੇ ਮੱਧ ਪ੍ਰਦੇਸ਼ ਦੇ ਸਾਗਰ ’ਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਦਾਅਵਾ ਕੀਤਾ ਕਿ ਕਾਂਗਰਸ ਲੋਕਾਂ ਦੀ ਸੰਪਤੀ ਅਤੇ ਕਮਾਈ ਲੁੱਟ ਕੇ ਆਪਸ ’ਚ ਵੰਡ ਲਵੇਗੀ। ਉਨ੍ਹਾਂ ਕਿਹਾ,‘‘ਵਿਰੋਧੀ ਧਿਰ ਦਾ ਲੋਕਾਂ ਨੂੰ ਲੁੱਟਣ ਦਾ ‘ਜ਼ਿੰਦਗੀ ਕੇ ਸਾਥ ਭੀ, ਜ਼ਿੰਦਗੀ ਕੇ ਬਾਅਦ ਭੀ’ ਮੰਤਰ ਬਣ ਗਿਆ ਹੈ।’’ ਚੋਣ ਰੈਲੀਆਂ ’ਚ ਮੋਦੀ ਨੇ ਕਿਹਾ ਕਿ ਕਾਂਗਰਸ ਦਾ ਲੁਕਵਾਂ ਏਜੰਡਾ ਸਾਹਮਣੇ ਆ ਗਿਆ ਹੈ ਅਤੇ ਪਾਰਟੀ ਦੇਸ਼ ਦੇ ਸਮਾਜਿਕ ਤਾਣੇ-ਬਾਣੇ ਅਤੇ ਪਰਿਵਾਰਕ ਕਦਰਾਂ-ਕੀਮਤਾਂ ਤੋਂ ਥਿੜਕ ਗਈ ਹੈ। ਉਹ ਲੋਕਾਂ ਦੀ ਸੰਪਤੀ ਅਤੇ ਜ਼ਿੰਦਗੀ ਭਰ ਦੀ ਕਮਾਈ ਕਾਨੂੰਨੀ ਢੰਗ ਨਾਲ ਲੁੱਟਣਾ ਚਾਹੁੰਦੇ ਹਨ। ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਤਰੋਦਾ ਦੇ ਬਿਆਨ ਮਗਰੋਂ ਗਰਮਾਈ ਸਿਆਸਤ ਨੂੰ ਸ਼ਾਂਤ ਕਰਨ ਲਈ ਕਾਂਗਰਸ ਤੁਰੰਤ ਹਰਕਤ ’ਚ ਆਈ ਅਤੇ ਉਨ੍ਹਾਂ ਪਿਤਰੋਦਾ ਦੇ ਬਿਆਨ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਅਤੇ ਕਿਹਾ ਕਿ ਜੇ ਕਾਂਗਰਸ ਸੱਤਾ ’ਚ ਆਈ ਤਾਂ ਉਸ ਦਾ ਅਜਿਹਾ ਕੋਈ ਟੈਕਸ ਲਾਉਣ ਦੀ ਯੋਜਨਾ ਨਹੀਂ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ’ਤੇ ਕਿਹਾ ਕਿ ਪਿਤਰੋਦਾ ਦੇ ਬਿਆਨ ਨੂੰ ਸਨਸਨੀਖੇਜ਼ ਬਣਾ ਕੇ ਅਤੇ ਬਿਨਾਂ ਕਿਸੇ ਸੰਦਰਭ ਦੇ ਇਸ ਨੂੰ ਚੁੱਕ ਕੇ ਮੋਦੀ ਵੱਲੋਂ ਆਪਣੇ ਕੂੜ ਪ੍ਰਚਾਰ ਤੋਂ ਧਿਆਨ ਵੰਡਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿਤਰੋਦਾ ਨੇ ਸੰਪਤੀ ਦੀ ਮੁੜ ਵੰਡ ਦੇ ਮੁੱਦੇ ’ਤੇ ਚਰਚਾ ਕਰਦੇ ਹੋਏ ਅਮਰੀਕਾ ਵਿੱਚ ਲਗਦੇ ਵਿਰਾਸਤੀ ਟੈਕਸ ਬਾਰੇ ਗੱਲ ਕੀਤੀ ਸੀ। ਅੰਬਿਕਾਪੁਰ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ,‘‘ਸ਼ਾਹੀ ਪਰਿਵਾਰ ਦੇ ਸ਼ਹਿਜ਼ਾਦੇ ਦੇ ਸਲਾਹਕਾਰ, ਜੋ ਸ਼ਹਿਜ਼ਾਦੇ ਦੇ ਪਿਤਾ ਦਾ ਵੀ ਸਲਾਹਕਾਰ ਸੀ, ਨੇ ਕਿਹਾ ਹੈ ਕਿ ਮੱਧ ਵਰਗ ਅਤੇ ਸਖ਼ਤ ਮਿਹਨਤ ਨਾਲ ਕਮਾਉਣ ਵਾਲਿਆਂ ’ਤੇ ਵਧੇਰੇ ਟੈਕਸ ਲਗਣਾ ਚਾਹੀਦਾ ਹੈ।’’ ਮੋਦੀ ਦਾ ਸਿੱਧਾ ਇਸ਼ਾਰਾ ਰਾਹੁਲ ਗਾਂਧੀ ਅਤੇ ਪਿਤਰੋਦਾ ਵੱਲ ਸੀ। ਉਂਜ ਪਿਤਰੋਦਾ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਉਨ੍ਹਾਂ ਆਪਣੀ ਹੈਸੀਅਤ ’ਚ ਵਿਰਾਸਤੀ ਟੈਕਸ ਬਾਰੇ ਅਮਰੀਕਾ ’ਚ ਜੋ ਵਿਚਾਰ ਪ੍ਰਗਟਾਏ ਸਨ, ਉਸ ਨੂੰ ਕਾਂਗਰਸ ਦੇ ਮੈਨੀਫੈਸਟੋ ਬਾਰੇ ਮੋਦੀ ਵੱਲੋਂ ਫੈਲਾਏ ਜਾ ਰਹੇ ਝੂਠ ਤੋਂ ਧਿਆਨ ਵੰਡਾਉਣ ਲਈ ਗੋਦੀ ਮੀਡੀਆ ਨੇ ਤੋੜ-ਮਰੋੜ ਕੇ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਦਾ ਮੰਗਲਸੂਤਰ ਅਤੇ ਸੋਨਾ ਖੋਹਣ ਦੇ ਬਿਆਨ ਹਕੀਕਤ ਤੋਂ ਕੋਹਾਂ ਦੂਰ ਹਨ। ਪਿਤਰੋਦਾ ਨੇ ‘ਐਕਸ’ ’ਤੇ ਕਿਹਾ,‘‘ਮੈਂ ਟੀਵੀ ’ਤੇ ਸਾਧਾਰਨ ਗੱਲਬਾਤ ਦੌਰਾਨ ਅਮਰੀਕਾ ’ਚ ਉਥੋਂ ਦੇ ਵਿਰਾਸਤੀ ਟੈਕਸ ਦੀ ਮਿਸਾਲ ਦਿੰਦਿਆਂ ਸਿਰਫ਼ ਜ਼ਿਕਰ ਕੀਤਾ ਸੀ। ਕੀ ਮੈਂ ਤੱਥ ਵੀ ਨਹੀਂ ਰੱਖ ਸਕਦਾ ਹਾਂ? ਮੈਂ ਕਿਹਾ ਸੀ ਕਿ ਅਜਿਹੇ ਮੁੱਦੇ ਹਨ ਜਿਨ੍ਹਾਂ ਬਾਰੇ ਲੋਕਾਂ ਨੂੰ ਬਹਿਸ ਅਤੇ ਵਿਚਾਰ ਵਟਾਂਦਰਾ ਕਰਨਾ ਹੋਵੇਗਾ। ਇਸ ਬਿਆਨ ਦਾ ਕਾਂਗਰਸ ਸਮੇਤ ਕਿਸੇ ਵੀ ਪਾਰਟੀ ਦੀ ਨੀਤੀ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ।’’ ਭਾਜਪਾ ਦੇ ਤਿੱਖੇ ਹਮਲੇ ਦਰਮਿਆਨ ਕਾਂਗਰਸ ਆਖਦੀ ਆ ਰਹੀ ਹੈ ਕਿ ਉਸ ਦੇ ਮੈਨੀਫੈਸਟੋ ’ਚ ਸੰਪਤੀ ਦੀ ਵੰਡ ਬਾਰੇ ਕੋਈ ਜ਼ਿਕਰ ਨਹੀਂ ਹੈ ਅਤੇ ਉਹ ਸਿਰਫ਼ ਵਿਆਪਕ ਸਮਾਜਿਕ-ਆਰਥਿਕ ਜਾਤੀ ਜਨਗਣਨਾ ਦੇ ਪੱਖ ’ਚ ਹੈ। ਪਿਤਰੋਦਾ ਦੇ ਬਿਆਨ ਨਾਲ ਭਾਜਪਾ ਨੂੰ ਨਵਾਂ ਮਸਾਲਾ ਮਿਲ ਗਿਆ ਹੈ ਅਤੇ ਉਸ ਦੇ ਆਗੂਆਂ ਨੇ ਇਸ ਦਾ ਲਾਹਾ ਲੈਂਦਿਆਂ ਲੋਕ ਸਭਾ ਚੋਣਾਂ ਦੇ 26 ਅਪਰੈਲ ਨੂੰ ਦੂਜੇ ਪੜਾਅ ਤੋਂ ਪਹਿਲਾਂ ਕਾਂਗਰਸ ਖ਼ਿਲਾਫ਼ ਹਮਲੇ ਤੇਜ਼ ਕਰ ਦਿੱਤੇ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ‘ਐਕਸ’ ’ਤੇ ਕਿਹਾ,‘‘ਕਾਂਗਰਸ ਦੀ ਜਿਊਂਦੇ ਰਹਿੰਦਿਆਂ ਟੈਕਸ ਅਤੇ ਫਿਰ ਮੌਤ ਮਗਰੋਂ ਵਿਰਾਸਤੀ ਟੈਕਸ ਲਾਉਣ ਦੀ ਯੋਜਨਾ ਹੈ। ਉਸ ਦਾ ਉਦੇਸ਼ ਮੱਧ ਵਰਗ ਨੂੰ ਢਾਹ ਲਾਉਣਾ ਹੈ ਤਾਂ ਜੋ ਉਹ ਆਪਣੀ ਬੱਚਤ ਜਾਂ ਮਾੜੀ-ਮੋਟੀ ਕਮਾਈ ਬੱਚਿਆਂ ਨੂੰ ਨਾ ਦੇ ਸਕਣ। ਡਾਕਟਰ ਐੱਮਐੱਮਐੱਸ (ਮਨਮੋਹਨ ਸਿੰਘ) ਦੀ ਸੰਗਠਤ ਅਤੇ ਕਾਨੂੰਨੀ ਲੁੱਟ ਲਾਗੂ ਹੋਵੇਗੀ। ਕਾਂਗਰਸ ਦਾ ਟੈਕਸ ਅਤਿਵਾਦ।’’ ਭਾਜਪਾ ਦੇ ਕੌਮੀ ਤਰਜਮਾਨ ਸੁਧਾਂਸ਼ੂ ਤ੍ਰਿਵੇਦੀ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ,‘‘ਸੈਮ ਪਿਤਰੋਦਾ ਨੇ ਕਾਂਗਰਸ ਦੇ ਨਾਪਾਕ ਇਰਾਦੇ ਦਾ ਖ਼ੁਲਾਸਾ ਕਰ ਦਿੱਤਾ ਹੈ। ਸਾਡਾ ਬੱਚਤ ਆਧਾਰਿਤ ਅਰਥਚਾਰਾ ਹੈ। ਭਾਰਤ ’ਚ ਇਕ ਪੀੜ੍ਹੀ ਸਖ਼ਤ ਮਿਹਨਤ ਕਰਕੇ ਕਮਾਉਂਦੀ ਹੈ। ਦੂਜੀ ਪੀੜ੍ਹੀ ਉਸ ਨੂੰ ਹੋਰ ਮਜ਼ਬੂਤ ਬਣਾਉਂਦੀ ਹੈ ਅਤੇ ਫਿਰ ਤੀਜੀ ਪੀੜ੍ਹੀ ਕੁਝ ਸੁਖਾਲਾ ਮਹਿਸੂਸ ਕਰਦੀ ਹੈ। ਪਰ ਕਾਂਗਰਸ ਲੋਕਾਂ ਦੀ ਖੁਸ਼ੀ ਅਤੇ ਸ਼ਾਂਤੀ ਖੋਹ ਲੈਣਾ ਚਾਹੁੰਦੀ ਹੈ। ਸੈਮ ਪਿਤਰੋਦਾ ਸੋਨੇ ’ਤੇ ਟੈਕਸ ਲਾਉਣ ਬਾਰੇ ਗੱਲ ਕਰ ਰਿਹਾ ਹੈ।’’ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਪਿਤਰੋਦਾ ਦੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਨਾਲ ਕਾਂਗਰਸ ਦੀ ਤੁਸ਼ਟੀਕਰਨ ਦੀ ਸਿਆਸਤ ਦਾ ਪਰਦਾਫਾਸ਼ ਹੋ ਗਿਆ ਹੈ। ‘ਪਿਤਰੋਦਾ ਦੇ ਬਿਆਨ ਨਾਲ ਕਾਂਗਰਸ ਦੇ ਇਰਾਦੇ ਦੀ ਪੁਸ਼ਟੀ ਹੋ ਗਈ ਹੈ ਕਿ ਉਹ ਬਹੁਗਿਣਤੀ ਦੀ ਸੰਪਤੀ ਜ਼ਬਤ ਕਰਕੇ ਘੱਟ ਗਿਣਤੀਆਂ ’ਚ ਵੰਡ ਦੇਣਗੇ।