ਐੱਨਆਈਏ ਨੇ ਦਿੱਲੀ ਤੇ ਚੰਡੀਗੜ੍ਹ ਸਣੇ ਪੰਜ ਸੂਬਿਆਂ ਵਿੱਚ 53 ਥਾਈਂ ਛਾਪੇ ਮਾਰੇ

ਐੱਨਆਈਏ ਨੇ ਦਿੱਲੀ ਤੇ ਚੰਡੀਗੜ੍ਹ ਸਣੇ ਪੰਜ ਸੂਬਿਆਂ ਵਿੱਚ 53 ਥਾਈਂ ਛਾਪੇ ਮਾਰੇ

ਨਵੀਂ ਦਿੱਲੀ-ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੱਜ ਅਤਿਵਾਦੀਆਂ, ਗੈਂਗਸਟਰਾਂ ਤੇ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਖ਼ਿਲਾਫ਼ ਕਾਰਵਾਈ ਕਰਦਿਆਂ ਦੇਸ਼ ਦੇ ਕਈ ਸੂਬਿਆਂ ਵਿੱਚ ਛਾਪੇ ਮਾਰੇ ਤੇ ਕਈ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ। ਜਾਂਚ ਏਜੰਸੀ ਦੇ ਬੁਲਾਰੇ ਨੇ ਕਿਹਾ ਕਿ ਇਹ ਛਾਪੇ ਸੂਚੀਬੱਧ ਅਤਵਿਾਦੀ ਅਰਸ਼ ਡੱਲਾ ਦੇ ਸਹਿਯੋਗੀਆਂ ਤੇ ਹੋਰਨਾਂ ਗੈਂਗਸਟਰਾਂ ਖ਼ਿਲਾਫ਼ ਦਰਜ ਮਾਮਲਿਆਂ ਨਾਲ ਸਬੰਧਤ ਸਨ। ਉਨ੍ਹਾਂ ਕਿਹਾ ਕਿ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਤੇ ਉਤਰਾਖੰਡ ਸਣੇ ਦਿੱਲੀ ਅਤੇ ਚੰਡੀਗੜ੍ਹ ਵਿੱਚ ਕੁੱਲ 53 ਥਾਈਂ ਛਾਪੇ ਮਾਰੇ ਗਏ ਅਤੇ ਇਸ ਦੌਰਾਨ ਸਥਾਨਕ ਪੁਲੀਸ ਨੇ ਪੂਰਾ ਸਹਿਯੋਗ ਦਿੱਤਾ। ਇਨ੍ਹਾਂ ਛਾਪਿਆਂ ਦੌਰਾਨ ਪਿਸਤੌਲਾਂ, ਗੋਲਾ-ਬਰੂਦ, ਵੱਡੀ ਗਿਣਤੀ ਵਿੱਚ ਡਿਜੀਟਲ ਉਪਕਰਨ ਅਤੇ ਭੜਕਾਊ ਸਮੱਗਰੀ ਜ਼ਬਤ ਕੀਤੀ ਗਈ। ਜਾਂਚ ਏਜੰਸੀ ਦੀ ਇਹ ਕਾਰਵਾਈ ਪਾਕਿਸਤਾਨ, ਸੰਯੁਕਤ ਅਰਬ ਅਮੀਰਾਤ, ਕੈਨੇਡਾ, ਪੁਰਤਗਾਲ ਤੇ ਹੋਰ ਦੇਸ਼ਾਂ ਵਿੱਚ ਸਥਿਤ ਅਤਵਿਾਦੀ ਸੰਗਠਨਾਂ ਤੇ ਨਸ਼ਾ ਤਸਕਰਾਂ ਨਾਲ ਕੰਮ ਕਰਨ ਵਾਲੇ ਵੱਖ ਵੱਖ ਗਰੋਹਾਂ ਨਾਲ ਜੁੜੇ ਹਥਿਆਰਾਂ ਦੇ ਸਪਲਾਇਰਾਂ, ਫਾਇਨਾਂਸਰਾਂ ਤੇ ਹੋਰ ਸਾਮਾਨ ਮੁਹੱਈਆ ਕਰਵਾਉਣ ਵਾਲੇ ਅਨਸਰਾਂ ’ਤੇ ਕੇਂਦਰਿਤ ਸੀ। ਜਨਿ੍ਹਾਂ ਥਾਵਾਂ ’ਤੇ ਛਾਪੇ ਮਾਰੇ ਗਏ ਉਨ੍ਹਾਂ ਵਿੱਚ ਹਰਿਆਣਾ ਦਾ ਰੋਹਤਕ, ਸਿਰਸਾ, ਫਤਿਹਾਬਾਦ ਤੇ ਫਰੀਦਾਬਾਦ ਜ਼ਿਲ੍ਹੇ, ਰਾਜਸਥਾਨ ਵਿੱਚ ਸ੍ਰੀਗੰਗਾਨਗਰ, ਝੁੰਝੁਨੂੰ, ਹਨੁਮਾਨਗੜ੍ਹ ਤੇ ਜੋਧਪੁਰ ਜ਼ਿਲ੍ਹੇ, ਉੱਤਰ ਪ੍ਰਦੇਸ਼ ਵਿੱਚ ਗੋਰਖ਼ਪੁਰ, ਉਤਰਾਖੰਡ ਵਿੱਚ ਦੇਹਰਾਦੂਨ ਤੇ ਊਧਮਸਿੰਘ ਨਗਰ ਜ਼ਿਲ੍ਹੇ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਦਿੱਲੀ ਐੱਨਸੀਆਰ ਦੇ ਦੱਖਣ-ਪੂਰਬੀ ਜ਼ਿਲ੍ਹੇ ਅਤੇ ਚੰਡੀਗੜ੍ਹ ਵਿੱਚ ਵੀ ਛਾਪੇ ਮਾਰੇ ਗਏ। ਬੁਲਾਰੇ ਅਨੁਸਾਰ ਡੱਲਾ ਤੋਂ ਇਲਾਵਾ ਇਨ੍ਹਾਂ ਛਾਪਿਆਂ ਦੌਰਾਨ ਜਾਂਚ ਦੇ ਘੇਰੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ, ਸੁੱਖਾ ਦੁਨੇਕੇ, ਹੈਰੀ ਮੌਰ, ਨਰੇਂਦਰ ਉਰਫ ਲਾਲੀ, ਕਾਲਾ ਜਠੇੜੀ ਤੇ ਦੀਪਕ ਟੀਨੂੰ ਵੀ ਸਨ। ਅਗਸਤ 2022 ਵਿੱਚ ਪੰਜ ਮਾਮਲੇ ਦਰਜ ਕਰਨ ਮਗਰੋਂ ਐੱਨਆਈਏ ਵੱਲੋਂ ਸ਼ੁਰੂ ਕੀਤੀ ਗਈ ਕਾਰਵਾਈ ਦੀ ਲੜੀ ਤਹਿਤ ਇਹ ਸੱਤਵੀਂ ਛਾਪੇਮਾਰੀ ਸੀ। ਇਹ ਕੇਸ ਖਾਲਿਸਤਾਨ ਸਮਰਥਕ ਸੰਗਠਨਾਂ ਨੂੰ ਦਿੱਤੇ ਜਾਂਦੇ ਅਤਵਿਾਦੀ ਫੰਡ, ਗੈਂਗਸਟਰਾਂ ਵੱਲੋਂ ਕੀਤੀ ਜਾਂਦੀ ਜਬਰੀ ਵਸੂਲੀ ਤੇ ਹੱਤਿਆਵਾਂ ਦੀਆਂ ਸਾਜ਼ਿਸ਼ਾਂ ਨਾਲ ਸਬੰਧਤ ਹਨ। -