ਰਾਜਧਾਨੀ ਦਿੱਲੀ ਦਾ ਹਵਾ ਪ੍ਰਦੂਸ਼ਣ ‘ਗੰਭੀਰ’ ਸ਼੍ਰੇਣੀ ਵਿੱਚ ਬਰਕਰਾਰ

ਰਾਜਧਾਨੀ ਦਿੱਲੀ ਦਾ ਹਵਾ ਪ੍ਰਦੂਸ਼ਣ ‘ਗੰਭੀਰ’ ਸ਼੍ਰੇਣੀ ਵਿੱਚ ਬਰਕਰਾਰ

ਨਵੀਂ ਦਿੱਲੀ-ਤੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਹਵਾ ਦੀ ਗੁਣਵੱਤਾ ਅੱਜ ਮੁੜ ‘ਗੰਭੀਰ’ ਸ਼੍ਰੇਣੀ ਵਿੱਚ ਦਰਜ ਕੀਤੀ ਗਈ। ਕੌਮੀ ਰਾਜਧਾਨੀ ਵਿੱਚ ਹਵਾ ਪ੍ਰਦੂਸ਼ਣ ਵਿੱਚ ਇੱਕ-ਤਿਹਾਈ ਹਿੱਸਾ ਗੁਆਂਢੀ ਰਾਜਾਂ ਵਿੱਚ ਪਰਾਲੀ ਸਾੜਨ ਕਾਰਨ ਫੈਲੇ ਧੂੰਏਂ ਦਾ ਹੈ। ਪੰਜਾਬੀ ਬਾਗ਼ (460), ਨਰੇਲਾ (448), ਬਵਾਨਾ (462), ਆਨੰਦ ਵਿਹਾਰ (452), ਅਤੇ ਰੋਹਿਣੀ (451) ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਤਿ ਹੋਣ ਕਾਰਨ ਸ਼ਹਿਰ ਦਾ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ (ਏਕਿਊਆਈ) ਅੱਜ ਸਵੇਰੇ 418 ਨੂੰ ਛੂਹ ਗਿਆ। ਨੋਇਡਾ ਅਤੇ ਗੁਰੂਗ੍ਰਾਮ ਵਿੱਚ ਸੂਚਕ ਅੰਕ ਕ੍ਰਮਵਾਰ 409 ਅਤੇ 370 ਸੀ। ਫਰੀਦਾਬਾਦ ਅਤੇ ਗਾਜ਼ੀਆਬਾਦ ਵਰਗੇ ਆਲੇ-ਦੁਆਲੇ ਦੇ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ 396 ਅਤੇ 382 ਸੀ। ਮੰਗਲਵਾਰ ਸ਼ਾਮ 4 ਵਜੇ ਤੱਕ ਦਿੱਲੀ ਵਿੱਚ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 421 ਦਰਜ ਕੀਤਾ ਗਿਆ, ਜੋ ਪਹਿਲਾਂ 395 ਸੀ। ਇਸੇ ਦੌਰਾਨ ਕੌਮੀ ਰਾਜਧਾਨੀ ਵਿੱਚ ਹਵਾ ਪ੍ਰਦੂਸ਼ਣ ਦੇ ਮੱਦੇਨਜ਼ਰ ਸਾਰੇ ਸਕੂਲਾਂ ਦੀਆਂ ਦਸੰਬਰ ਦੀਆਂ ਸਰਦੀਆਂ ਦੀਆਂ ਛੁੱਟੀਆਂ ਵਿੱਚ ਫੇਰਬਦਲ ਕੀਤਾ ਗਿਆ ਹੈ। ਦਿੱਲੀ ਸਿੱਖਿਆ ਡਾਇਰੈਕਟੋਰੇਟ ਦੇ ਸਰਕੁਲਰ ਅਨੁਸਾਰ ਹੁਣ ਇਹ ਛੁੱਟੀਆਂ 9 ਨਵੰਬਰ ਤੋਂ 18 ਨਵੰਬਰ ਤੱਕ ਹੋਣਗੀਆਂ। ਦਿੱਲੀ ਦੇ ‘ਡਿਸੀਜ਼ਨ ਸਪੋਰਟ ਸਿਸਟਮ’ ਦੇ ਅੰਕੜਿਆਂ ਅਨੁਸਾਰ ਗੁਆਂਢੀ ਰਾਜਾਂ ਖਾਸ ਕਰਕੇ ਪੰਜਾਬ ਅਤੇ ਹਰਿਆਣਾ ’ਚ ਪਰਾਲੀ ਸਾੜਨ ਤੋਂ ਨਿਕਲਣ ਵਾਲੇ ਧੂੰਏਂ ਨੇ ਮੰਗਲਵਾਰ ਨੂੰ ਦਿੱਲੀ ’ਚ ਹਵਾ ਦੀ ਗੁਣਵੱਤਾ ਵਿਗੜਨ ’ਚ 37 ਫੀਸਦੀ ਯੋਗਦਾਨ ਪਾਇਆ ਹੈ, ਜਦਕਿ ਬੁੱਧਵਾਰ ਨੂੰ ਇਹ 33 ਫੀਸਦੀ ਰਹਿਣ ਦੀ ਸੰਭਾਵਨਾ ਹੈ। ਦਿੱਲੀ-ਐੱਨਸੀਆਰ ਵਿੱਚ ਹਵਾ ਦੀ ਗੁਣਵੱਤਾ ਪੰਜ ਤੋਂ ਛੇ ਹੋਰ ਦਿਨ ਗੰਭੀਰ ਰਹਿਣ ਦੀ ਸੰਭਾਵਨਾ ਹੈ। ਦਿੱਲੀ ਸਰਕਾਰ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਜਿਸਤ-ਟਾਂਕ ਯੋਜਨਾ ਦੀ ਪ੍ਰਭਾਵਸ਼ੀਲਤਾ ਦੀ ਸਮੀਖਿਆ ਕੀਤੇ ਜਾਣ ਤੋਂ ਬਾਅਦ ਹੀ ਇਸ ਨੂੰ ਲਾਗੂ ਕੀਤਾ ਜਾਵੇਗਾ। ਸੁਪਰੀਮ ਕੋਰਟ ਨੇ ਬੀਤੇ ਦਿਨ ਇਸ ਯੋਜਨਾ ਦੀ ਪ੍ਰਭਾਵਸ਼ੀਲਤਾ ’ਤੇ ਸਵਾਲ ਚੁੱਕੇ ਸਨ। ਪੰਚਕੂਲਾ (ਪੱਤਰ ਪ੍ਰੇਰਕ): ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਕਿਹਾ ਕਿ ਦਿੱਲੀ-ਐੱਨਸੀਆਰ ’ਚ ਪ੍ਰਦੂਸ਼ਣ ਦਾ ਮੁੱਦਾ ਕੋਈ ਸਿਆਸੀ ਮੁੱਦਾ ਨਹੀਂ ਹੈ ਪਰ ਫਿਰ ਵੀ ਕੁਝ ਆਗੂ ਇਸ ’ਤੇ ਸਿਆਸਤ ਕਰ ਰਹੇ ਹਨ, ਪਰ ਉਨ੍ਹਾਂ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਪਰਾਲੀ ਪ੍ਰਬੰਧਨ ਵਿੱਚ ਹਰਿਆਣਾ ਸਰਕਾਰ ਦੀ ਮਦਦ ਦੀ ਲੋੜ ਹੈ ਤਾਂ ਅਸੀਂ ਸਹਿਯੋਗ ਦੇਣ ਲਈ ਤਿਆਰ ਹਾਂ। ਮੁੱਖ ਮੰਤਰੀ ਅੱਜ ਪਿੰਜੌਰ ਵਿੱਚ ‘ਹੌਟ ਏਅਰ ਬੈਲੂਨ ਸਫਾਰੀ’ ਦਾ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਕਾਫੀ ਕਮੀ ਆਈ ਹੈ, ਜਦੋਂ ਕਿ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਜ਼ਿਆਦਾ ਹਨ।