ਦਿੱਲੀ ਕੂਚ: ਸ਼ੰਭੂ ਅਤੇ ਖਨੌਰੀ ਸਰਹੱਦ ’ਤੇ ਟਕਰਾਅ

ਦਿੱਲੀ ਕੂਚ: ਸ਼ੰਭੂ ਅਤੇ ਖਨੌਰੀ ਸਰਹੱਦ ’ਤੇ ਟਕਰਾਅ

ਚੰਡੀਗੜ੍ਹ-ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ ’ਤੇ ਅੱਜ ‘ਦਿੱਲੀ ਕੂਚ’ ਪ੍ਰੋਗਰਾਮ ਦੇ ਪਹਿਲੇ ਦਿਨ ਮਾਹੌਲ ਪੂਰੀ ਤਰ੍ਹਾਂ ਤਣਾਅਪੂਰਨ ਅਤੇ ਟਕਰਾਅ ਵਾਲਾ ਬਣਿਆ ਰਿਹਾ। ਹਰਿਆਣਾ ਪੁਲੀਸ ਨੇ ਹੰਝੂ ਗੈਸ ਦੇ ਇੰਨੇ ਗੋਲੇ ਬਰਸਾਏ ਕਿ ਪੰਜਾਬ-ਹਰਿਆਣਾ ਸਰਹੱਦ ’ਤੇ ਪੂਰਾ ਦਿਨ ਧੂੰਏਂ ਦਾ ਗੁਬਾਰ ਛਾਇਆ ਰਿਹਾ। ਸ਼ੰਭੂ ਅਤੇ ਖਨੌਰੀ ਬਾਰਡਰਾਂ ’ਤੇ ਪੁਲੀਸ ਨੇ ਉਸ ਵਕਤ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਦਾਗੇ ਜਦੋਂ ਉਹ ਦਿੱਲੀ ਵੱਲ ਵਧਣ ਦੀ ਕੋਸ਼ਿਸ਼ ਕਰ ਰਹੇ ਸਨ। ਦੋਵੇਂ ਬਾਰਡਰਾਂ ’ਤੇ ਕਿਸਾਨਾਂ ਨੂੰ ਪਾਣੀ ਦੀਆਂ ਬੁਛਾੜਾਂ ਤੇ ਰਬੜ ਦੀਆਂ ਗੋਲੀਆਂ ਵੀ ਝੱਲਣੀਆਂ ਪਈਆਂ ਤੇ ਖਨੌਰੀ ਸੀਮਾ ’ਤੇ ਹਰਿਆਣਾ ਪੁਲੀਸ ਨਾਲ ਝੜਪਾਂ ਵੀ ਹੋਈਆਂ। ਇਨ੍ਹਾਂ ਝੜਪਾਂ ਵਿੱਚ ਸੌ ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ’ਚ 60 ਕਿਸਾਨ ਤੇ 24 ਦੇ ਕਰੀਬ ਪੁਲੀਸ ਮੁਲਾਜ਼ਮ ਦੱਸੇ ਜਾਂਦੇ ਹਨ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਨ ਸਿੰਘ ਪੰਧੇਰ ਨੇ ਸ਼ੰਭੂ ਸੀਮਾ ’ਤੇ ਕਿਸਾਨਾਂ ਦੀ ਅਗਵਾਈ ਕੀਤੀ। ਸ਼ਾਮ ਸੱਤ ਵਜੇ ਸੀਜ਼ਫਾਇਰ ਕਰਨ ਦਾ ਫੈਸਲਾ ਲਿਆ ਗਿਆ ਜਿਸ ਮਗਰੋਂ ਮਾਹੌਲ ’ਚ ਥੋੜ੍ਹੀ ਨਰਮੀ ਆਈ। ਹੁਣ ਭਲਕੇ ‘ਦਿੱਲੀ ਕੂਚ’ ਵਾਸਤੇ ਨਵੇਂ ਸਿਰਿਓਂ ਰਣਨੀਤੀ ਐਲਾਨੀ ਜਾਵੇਗੀ ਤੇ ਕਿਸਾਨਾਂ ਨੇ ਸ਼ੰਭੂ ਅਤੇ ਖਨੌਰੀ ਸਰਹੱਦਾਂ ’ਤੇ ਹੀ ਡੇਰੇ ਲਾ ਲਏ ਹਨ। ਹਰਿਆਣਾ ਪੁਲੀਸ ਦੀ ਸਖ਼ਤ ਕਾਰਨ ‘ਦਿੱਲੀ ਕੂਚ’ ਪ੍ਰੋਗਰਾਮ ਦੇਸ਼ ਭਰ ਵਿਚ ਕੇਂਦਰ ਬਿੰਦੂ ਬਣਿਆ ਰਿਹਾ। ਬਾਕੀ ਕਿਸਾਨ ਧਿਰਾਂ ਨੇ ਵੀ ਸਰਕਾਰੀ ਜਬਰ ਦੇ ਵਿਰੋਧ ਵਿਚ ਆਵਾਜ਼ ਬੁਲੰਦ ਕੀਤੀ ਹੈ। ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਵਿਚ ਅੱਜ ‘ਦਿੱਲੀ ਕੂਚ’ ਲਈ ਫਤਹਿਗੜ੍ਹ ਸਾਹਿਬ ਅਤੇ ਮਹਿਲਾਂ ਚੌਕ (ਸੰਗਰੂਰ) ਤੋਂ ਹਜ਼ਾਰਾਂ ਕਿਸਾਨ ਟਰਾਲੀਆਂ ਸਮੇਤ ਰਵਾਨਾ ਹੋਏ ਸਨ। ਕਿਸਾਨ ਜਥੇਬੰਦੀਆਂ ਨੇ ਬੀਤੀ ਰਾਤ ਕੇਂਦਰੀ ਵਜ਼ੀਰਾਂ ਨਾਲ ਲੰਮੀ ਗੱਲਬਾਤ ਵੀ ਕੀਤੀ ਸੀ ਅਤੇ ਜਦੋਂ ਕੇਂਦਰ ਨੇ ਕੋਈ ਪੁਖ਼ਤਾ ਭਰੋਸਾ ਨਾ ਦਿੱਤਾ ਤਾਂ ਉਨ੍ਹਾਂ ਦਿੱਲੀ ਵੱਲ ਕੂਚ ਕਰਨ ਦਾ ਐਲਾਨ ਕਰ ਦਿੱਤਾ ਸੀ। ਪੰਜਾਬ ਦੀਆਂ ਸੜਕਾਂ ’ਤੇ ਅੱਜ ਟਰੈਕਟਰ-ਟਰਾਲੀਆਂ ਦੇ ਲੰਮੇ ਕਾਫਲਿਆਂ ਦੀ ਗੂੰਜ ਪੈਂਦੀ ਰਹੀ। ਹਰਿਆਣਾ ਪੁਲੀਸ ਨੇ ਕੰਕਰੀਟ ਦੀਆਂ ਸਲੈਬਾਂ, ਕੰਕਰੀਟ ਦੀਆਂ ਕੰਧਾਂ, ਕੰਡਿਆਲੀ ਤਾਰਾਂ ਤੇ ਬੈਰੀਕੇਡ ਲਗਾ ਕੇ ਬਹੁ-ਪਰਤੀ ਰੋਕਾਂ ਖੜ੍ਹੀਆਂ ਕੀਤੀਆਂ ਗਈਆਂ ਹਨ। ਸ਼ੰਭੂ ਬਾਰਡਰ ’ਤੇ ਜਿਵੇਂ ਹੀ ਕਿਸਾਨਾਂ ਨੇ ਬੈਰੀਕੇਡ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਹਰਿਆਣਾ ਪੁਲੀਸ ਨੇ ਹੰਝੂ ਗੈਸ ਦੇ ਗੋਲਿਆਂ ਦਾ ਮੀਂਹ ਵਰ੍ਹਾ ਦਿੱਤਾ। ਹਫੜਾ-ਦਫੜੀ ਦੇ ਮਾਹੌਲ ਦਰਮਿਆਨ ਹੀ ਕਿਸਾਨ ਦੋ ਪਰਤੀ ਬੈਰੀਕੇਡ ਹਟਾਉਣ ਵਿਚ ਸਫ਼ਲ ਹੋ ਗਏ। ਬਹੁਤੇ ਕਿਸਾਨਾਂ ਨੇ ਖੇਤਾਂ ਵਿਚੋਂ ਦੀ ਵਹੀਰਾਂ ਘੱਤ ਲਈਆਂ ਸਨ। ਰੋਹ ਵਿਚ ਆਏ ਕਿਸਾਨਾਂ ਨੇ ਘੱਗਰ ਨਦੀ ਦੇ ਪੁਲ ਦੀ ਰੇਲਿੰਗ ਉਖਾੜ ਕੇ ਸੁੱਟ ਦਿੱਤੀ। ਕੰਡਿਆਲੀ ਤਾਰ ਨੂੰ ਵੀ ਟਰੈਕਟਰਾਂ ਨਾਲ ਖਿੱਚ ਲਿਆ ਸੀ। ਇਹ ਕਿਸਾਨ ਫਤਹਿਗੜ੍ਹ ਸਾਹਿਬ ਤੋਂ ਰਵਾਨਾ ਹੋਏ ਸਨ। ਪੂਰਾ ਦਿਨ ‘ਕਿਸਾਨ ਤੇ ਜਵਾਨ’ ਆਹਮੋ-ਸਾਹਮਣੇ ਰਹੇ।