ਉੱਡੀਆਂ ਤਾਂ ਉੱਡੀਆਂ ਕੂੰਜਾਂ... ਉੱਡੀਆਂ ਪਰਦੇਸ ਨੂੰ....

ਉੱਡੀਆਂ ਤਾਂ ਉੱਡੀਆਂ ਕੂੰਜਾਂ... ਉੱਡੀਆਂ ਪਰਦੇਸ ਨੂੰ....

ਪਿਆਰੇ ਬੱਚਿਓ ! ਤੁਸੀਂ ਕਈ ਤਰ੍ਹਾਂ ਦੇ ਰੰਗ - ਬਿਰੰਗੇ ਪੰਛੀ ਅਕਸਰ ਵੱਖ - ਵੱਖ ਥਾਵਾਂ 'ਤੇ ਦੇਖੇ ਹੋਏ ਹੋਣਗੇ। ਬੱਚਿਓ ! ਇਹ ਮਨਮੋਹਕ ਪੰਛੀ ਅਤੇ ਇਹਨਾਂ ਦੀਆਂ ਸੁਰੀਲੀਆਂ ਤੇ ਕੰਨਾਂ 'ਚ ਰਸ ਘੋਲਣ ਵਾਲੀਆਂ ਆਵਾਜ਼ਾਂ ਸਾਨੂੰ ਸਭ ਨੂੰ ਬਹੁਤ ਪਸੰਦ ਹਨ। ਬੱਚਿਓ ਤੁਸੀਂ ਅਕਤੂਬਰ - ਨਵੰਬਰ ਜਾਂ ਮਾਰਚ ਮਹੀਨੇ ਦੇ ਸਮੇਂ ਆਸਮਾਨ ਵਿੱਚ ਅੰਗਰੇਜ਼ੀ ਦੇ ਅੱਖਰ ਵੀ ( V) ਦੇ ਆਕਾਰ ਵਿੱਚ ਅਤੇ ਕੁਰਰ... ਕਰਰ...ਦੀਆਂ ਸੁਰੀਲੀਆਂ ਆਵਾਜ਼ਾਂ ਕੱਢਦੇ 30 - 40 ਪੰਛੀਆਂ ਦੇ ਝੁਰਮੁਟ ਨੂੰ ਸ਼ਾਇਦ ਕਦੇ ਦੇਖਿਆ ਹੋਵੇਗਾ , ਇਹ ਕੂੰਜ ਪੰਛੀ ਹੁੰਦੇ ਹਨ। ਪਿਆਰੇ ਬੱਚਿਓ ! ਅੱਜ ਅਸੀਂ ਤੁਹਾਨੂੰ ਕੂੰਜ ਪੰਛੀ ਬਾਰੇ ਕੁਝ ਜਾਣਕਾਰੀ ਦੇਵਾਂਗੇ। ਕੂੰਜਾਂ ਪਰਵਾਸੀ ਪੰਛੀ ਹਨ। ਇਹ ਸਾਈਬੇਰੀਆ ਦਾ ਮੂਲ ਪੰਛੀ ਹੈ। ਜਦੋਂ ਅਕਤੂਬਰ ਮਹੀਨੇ ਦੇ ਸਮੇਂ ਥੋੜ੍ਹੀ - ਥੋੜ੍ਹੀ ਠੰਢ ਹੋ ਜਾਂਦੀ ਹੈ ਤਾਂ ਕੂੰਜਾਂ ਆਪਣੇ ਦੇਸ਼ ਸਾਈਬੇਰੀਆ ਤੋਂ ਉੱਡ ਕੇ ਪੰਜਾਬ ਵਿੱਚ ਆ ਜਾਂਦੀਆਂ ਹਨ। ਇੱਥੇ ਇਹ ਪੰਜਾਬ ਦੇ ਦਰਿਆਵਾਂ , ਸੁਖਨਾ ਝੀਲ , ਨੰਗਲ ਡੈਮ ,ਹਰੀ ਕੇ ਪੱਤਣ ਤੇ ਹੋਰ ਪਸੰਦੀਦਾ ਥਾਵਾਂ 'ਤੇ ਆ ਕੇ ਰਹਿਣ ਲੱਗ ਪੈਂਦੀਆਂ ਹਨ ਅਤੇ ਲਗਭਗ ਮਾਰਚ ਮਹੀਨੇ ਤੱਕ ਇੱਥੇ ਹੀ ਆਪਣਾ ਵਾਸ ਕਰਦੀਆਂ ਹਨ। ਬੱਚਿਓ ! ਕੂੰਜਾਂ ਦਾ ਜ਼ਿਕਰ ਸਾਡੇ ਸਾਹਿਤ , ਸੱਭਿਆਚਾਰ , ਵਿਰਸੇ , ਮੁਹਾਵਰਿਆਂ , ਲੋਕ - ਗੀਤਾਂ , ਇਤਿਹਾਸ , ਕਹਾਣੀਆਂ , ਕਵਿਤਾਵਾਂ ਆਦਿ ਵਿੱਚ ਵੀ ਮਿਲਦਾ ਹੈ। ਇਹ ਪੰਛੀ ਜਿਆਦਾਤਰ ਪਾਣੀ ਵਿੱਚ ਰਹਿਣ ਵਾਲਾ ਹੈ। ਇਹ ਹੋਰ ਪੰਛੀਆਂ ਨਾਲੋਂ ਥੋੜਾ ਵੱਡਾ ਹੁੰਦਾ ਹੈ। ਕੂੰਜ ਸਲੇਟੀ ਰੰਗਾ ਤੇ ਲਗਭਗ ਢਾਈ ਤੋਂ ਤਿੰਨ ਕੁ ਫੁੱਟ ਉੱਚਾ ਪੰਛੀ ਹੁੰਦਾ ਹੈ। ਇਸ ਦੀਆਂ ਲੱਤਾਂ ਲੰਬੀਆਂ ਹੁੰਦੀਆਂ ਹਨ ਕੂੰਜ ਦੇ ਸਿਰ 'ਤੇ ਲਾਲ ਰੰਗ ਦਾ ਨਿਸ਼ਾਨ ਜਿਹਾ ਹੁੰਦਾ ਹੈ। ਲੱਤਾਂ ਵਾਂਗ ਇਸ ਪੰਛੀ ਦੀ ਗਰਦਨ ਵੀ ਲੰਬੀ ਹੁੰਦੀ ਹੈ। ਕੂੰਜਾਂ ਜਦੋਂ ਆਸਮਾਨ ਵਿੱਚ ਉੱਡਦੀਆਂ ਹਨ ਤਾਂ ਇਹਨਾਂ ਦੀਆਂ ਪਤਲੀਆਂ - ਪਤਲੀਆਂ ਗਰਦਨਾਂ ਅੱਗੇ ਵੱਲ ਵਧੀਆਂ ਹੋਈਆਂ ਹੁੰਦੀਆਂ ਹਨ ਤੇ ਇਹਨਾਂ ਨੇ ਆਪਣੇ ਲੰਬੇ - ਲੰਬੇ ਪੈਰ ਪਿੱਛੇ ਵੱਲ ਨੂੰ ਲਮਕਾਏ ਹੋਏ ਹੁੰਦੇ ਹਨ। ਬੱਚਿਓ ! ਕੂੰਜਾਂ ਨੂੰ ਉੱਡਦੇ ਦੇਖ ਕੇ ਸਭ ਨੂੰ ਬਹੁਤ ਆਨੰਦ ਆਉਂਦਾ ਹੈ। ਇਸ ਦੀ ਚੁੰਝ ਨਕੀਲੀ ਹੁੰਦੀ ਹੈ। ਉੱਡਣ ਦੇ ਸਮੇਂ ਕੂੰਜਾਂ ਵੱਖ - ਵੱਖ ਆਕਾਰਾਂ ਵਿੱਚ ਉੱਡਦੀਆਂ ਹਨ , ਪਰ ਅਕਸਰ ਇਹ ਅੰਗਰੇਜ਼ੀ ਭਾਸ਼ਾ ਦੇ ਅੱਖਰ ਵੀ ( V ) ਦੇ ਆਕਾਰ ਵਿੱਚ ਉੱਡਦੀਆਂ ਨਜ਼ਰ ਆਉਂਦੀਆਂ ਹਨ।ਪੰਜਾਬੀ ਸਾਹਿਤ ਵਿੱਚ ਕੂੰਜ ਦੀ ਡਾਰ ਤੋਂ ਵਿਛੜਨ ਦਾ ਵੀ ਜ਼ਿਕਰ ਆਉਂਦਾ ਹੈ , ਜਿਵੇਂ : 

 " ਅੰਬਰਾਂ 'ਤੇ ਸੋਗ ਛਾਅ ਗਿਆ ,

ਡਾਰੋਂ ਵਿਛੜੀ ਕੂੰਜ ਕੁਰਲਾਈ। "

ਬੱਚਿਓ ! ਕੂੰਜ ਭੋਲਾ , ਪਿਆਰਾ ਤੇ ਸਰੀਫ ਪੰਛੀ ਹੈ।ਇਸ ਦੀ ਬੋਲੀ ਬਹੁਤ ਮਿੱਠੀ ਤੇ ਮਨਮੋਹਕ ਹੁੰਦੀ ਹੈ। ਵਾਰਿਸਸ਼ਾਹ ਤੇ ਸ਼ਿਵ ਕੁਮਾਰ ਬਟਾਲਵੀ ਨੇ ਵੀ ਆਪਣੀਆਂ ਰਚਨਾਵਾਂ ਵਿੱਚ ਇਸ ਪੰਛੀ ਦਾ ਜਿਕਰ ਬਾਖੂਬੀ ਕੀਤਾ ਹੈ। ਇਹ ਪੰਛੀ ਚੀਨ , ਮੰਗੋਲੀਆ , ਯੂਰੇਸ਼ੀਆ , ਸਾਇਬੇਰੀਆ ਆਦਿ ਥਾਵਾਂ ਵਿੱਚ ਜਿਆਦਾਤਰ ਆਪਣਾ ਵਾਸ ਕਰਦਾ ਹੈ। ਇਹ ਪੰਜਾਬੀਆਂ ਦਾ ਹਰਮਨ ਪਿਆਰਾ ਪੰਛੀ ਹੈ। ਉੱਡਣ ਸਮੇਂ ਇੱਕ ਕੂੰਜ ਆਪਣੇ ਪਿੱਛੇ ਹੋਰ ਬਾਕੀ ਉੱਡਣ ਵਾਲੀਆਂ ਕੂੰਜਾਂ ਦੀ ਅਗਵਾਈ ਕਰਦੀ ਹੈ ਤੇ ਜਦੋਂ ਇਹ ਥਕਾਵਟ ਮਹਿਸੂਸ ਕਰਦੀ ਹੈ ਤਾਂ ਤਰਤੀਬ ਅਨੁਸਾਰ ਹੋਰ ਕੂੰਜ ਪੰਛੀ ਬਾਕੀ ਉੱਡਣ ਵਾਲੀਆਂ ਕੂੰਜਾਂ ਦੀ ਅਗਵਾਈ ਕਰਦੀ ਹੈ। ਕੂੰਜਾਂ ਅਨੁਸ਼ਾਸਨ ਪਸੰਦ ਪੰਛੀ ਹਨ। ਬੱਚਿਓ ! ਕੂੰਜਾਂ ਅਕਸਰ ਫਸਲਾਂ ਦੇ ਦਾਣੇ , ਕੀੜੇ - ਮਕੌੜੇ , ਪਾਣੀ ਦੇ ਛੋਟੇ - ਮੋਟੇ ਕੀਟ , ਛੋਲੇ ਆਦਿ ਖਾਂਦੀਆਂ ਹਨ। ਕਿਹਾ ਜਾਂਦਾ ਹੈ ਕਿ ਇਹ ਪੰਛੀ ਸਵੇਰ ਜਾਂ ਸ਼ਾਮ ਨੂੰ ਹੀ ਆਪਣੇ ਭੋਜਨ ਦੀ ਤਲਾਸ਼ ਕਰਦਾ ਹੈ। ਸਾਡੇ ਸੱਭਿਆਚਾਰ ਤੇ ਲੋਕ ਗੀਤਾਂ ਵਿੱਚ ਸੋਹਣੀਆਂ , ਪਤਲੀਆਂ , ਕੋਮਲ , ਨਾਜ਼ੁਕ , ਅੱਲੜ ਤੇ ਉੱਚੀਆਂ ਮੁਟਿਆਰਾਂ ਦੀ ਤੁਲਨਾ ਕੂੰਜਾਂ ਨਾਲ ਕੀਤੀ ਗਈ ਮਿਲਦੀ ਹੈ। ਪੁਰਾਣੇ ਸਮੇਂ ਦੇ ਦੌਰਾਨ ਫੁਲਕਾਰੀਆਂ ਆਦਿ 'ਤੇ ਹੋਰ ਪਸ਼ੂ - ਪੰਛੀਆਂ ਦੀ ਕਢਾਈ ਦੇ ਵਾਂਗ ਹੀ ਕੂੰਜ ਅਤੇ ਕੂੰਜਾਂ ਦੀਆਂ ਡਾਰਾਂ ਦੀ ਕਢਾਈ ਵੀ ਕੀਤੀ ਜਾਂਦੀ ਹੁੰਦੀ ਸੀ। ਅਜਿਹੀਆਂ ਕਢਾਈ ਕੱਢੀਆਂ ਫੁਲਕਾਰੀਆਂ ਆਦਿ ਕਦੇ ਅਕਸਰ ਦਾਜ ਦਾ ਅਹਿਮ ਹਿੱਸਾ ਹੋਇਆ ਕਰਦੀਆਂ ਸਨ। ਜਦੋਂ ਕੂੰਝਾਂ ਬਾਹਰਲੇ ਮੁਲਕਾਂ ਤੋਂ ਸਾਡੇ ਸੋਹਣੇ ਪੰਜਾਬ ਵਿੱਚ ਆਉਂਦੀਆਂ ਹਨ ਤਾਂ ਇਹ ਆਪਣੇ ਬੱਚਿਆਂ ਨੂੰ ਉੱਥੇ ਹੀ ਛੱਡ ਦਿੰਦੀਆਂ ਹਨ। ਕੂੰਜਾਂ ਨੂੰ ਵੀ ਮਨੁੱਖ ਵਾਂਗ ਇਸ ਵਿਛੋੜੇ ਦੀ ਦੁੱਖ - ਤਕਲੀਫ ਮਹਿਸੂਸ ਹੁੰਦੀ ਹੈ। ਜਦੋਂ ਧੀ ਵਿਆਹੀ ਜਾਂਦੀ ਹੈ ਤਾਂ ਉਹ ਆਪਣੇ ਬਾਬਲ ਦੇ ਘਰ ਕਦੇ - ਕਦੇ ਚਿਰਾਂ ਬਾਅਦ ਹੀ ਆਉਂਦੀ ਹੈ। ਇਸ ਦਾ ਜ਼ਿਕਰ ਇਸ ਤਰ੍ਹਾਂ ਮਿਲਦਾ ਹੈ ,

" ਸਾਡੀ ਕੂੰਜਾਂ ਵਾਲੀ ਫੇਰੀ 

ਭਾਬੋ ਨੀ ਕਦੇ ਆਵੇਂਗੀ।

 ਪੰਜਾਬੀ ਸਾਹਿਤ ਵਿੱਚ ਵੀ ਕੂੰਜਾਂ ਬਾਰੇ ਬਹੁਤ ਵਿਸਥਾਰ ਵਿੱਚ ਵਰਣਨ ਹੈ। 

ਪਿਆਰੇ ਬੱਚਿਓ ! ਸਾਨੂੰ ਹਮੇਸ਼ਾ ਇਹਨਾਂ ਭੋਲੇ - ਭਾਲੇ , ਮਨਮੋਹਕ ਅਤੇ ਪਿਆਰੇ ਪੰਛੀਆਂ ਨੂੰ ਜ਼ਰੂਰ ਦੇਖਣਾ , ਸਮਝਣਾ ਤੇ ਨਿਹਾਰਨਾ ਚਾਹੀਦਾ ਹੈ , ਪਰ ਪੰਛੀਆਂ ਨੂੰ ਕਦੇ ਤੰਗ - ਪਰੇਸ਼ਾਨ ਨਹੀਂ ਕਰਨਾ ਚਾਹੀਦਾ। ਸਾਨੂੰ ਇਹਨਾਂ ਪੰਛੀਆਂ ਦੀ ਰੱਖਿਆ ਲਈ ਜ਼ਰੂਰੀ ਕਦਮ ਉਠਾਉਣੇ ਚਾਹੀਦੇ ਹਨ। ਬੱਚਿਓ ! ਜਦੋਂ ਵੀ ਸਾਡੇ ਦੇਸ਼ ਵਿੱਚ ਇਹ ਪ੍ਰਵਾਸੀ ਪੰਛੀ ਆਉਣ ਤਾਂ ਇਹਨਾਂ ਦਾ ਹਮੇਸ਼ਾ ਸਵਾਗਤ ਕਰਨਾ ਚਾਹੀਦਾ ਹੈ ਤਾਂ ਜੋ ਬਿਨ੍ਹਾਂ ਕਿਸੇ ਡਰ - ਭੈਅ ਤੋਂ ਇਹ ਆਪਣੇ - ਆਪ ਨੂੰ ਇੱਥੇ ਸੁਰੱਖਿਅਤ ਮਹਿਸੂਸ ਕਰਨ। 

ਸਾਹਿਤ ਤੇ ਸੱਭਿਆਚਾਰ ਵਿੱਚ ਕੂੰਜ ਪੰਛੀ ਦਾ ਜ਼ਿਕਰ ਅਕਸਰ ਮਿਲ਼ਦਾ ਹੈ ,

" ਉੱਡੀਆਂ ਤਾਂ ਉੱਡੀਆਂ ਕੂੰਜਾਂ ,

ਉੱਡੀਆਂ ਪਰਦੇਸ਼ ਨੂੰ ,

ਮੇਰਾ ਮਨ ਲੋਚੇ ਭੈਣੇ ,

ਬਾਬਲ ਦੇ ਦੇਸ ਨੂੰ ,

ਬਾਬਲ ਦੇ ਦੇਸ ਨੂੰ...।

 ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ 

( ਪ੍ਰਸਿੱਧ ਲੇਖਕ , ਸ਼੍ਰੀ ਅਨੰਦਪੁਰ ਸਾਹਿਬ )

ਲੇਖਕ ਦਾ ਨਾਂ ਸਾਹਿਤ ਵਿੱਚ ਕੀਤੇ ਕਾਰਜਾਂ ਲਈ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਦਰਜ ਹੈ।

9478561356