ਚੰਡੀਗੜ੍ਹ-ਮੁੱਖ ਮੰਤਰੀ ਭਗਵੰਤ ਮਾਨ ਪਹਿਲੀ ਨਵੰਬਰ ਨੂੰ ਲੁਧਿਆਣਾ ਵਿਚ ਹੋਣ ਵਾਲੀ ‘ਖੁੱਲ੍ਹੀ ਬਹਿਸ’ ’ਚ ਪੰਜਾਬ ਸਰਕਾਰ ਦਾ 19 ਨੁਕਾਤੀ ਖ਼ਾਕਾ ਪੇਸ਼ ਕਰਨਗੇ। ਪੰਜਾਬ ਸਰਕਾਰ ਵੱਲੋਂ ‘ਖੁੱਲ੍ਹੀ ਬਹਿਸ’ ਦੀ ਤਿਆਰੀ ਵਜੋਂ ਰੂਪ-ਰੇਖਾ ਤਿਆਰ ਕਰ ਲਈ ਗਈ ਹੈ ਜਿਸ ਨੂੰ ਹੁਣ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਦਾ ਏਜੰਡਾ ਸਤਲੁਜ-ਯਮੁਨਾ ਲਿੰਕ ਨਹਿਰ ’ਤੇ ਕੇਂਦਰਤ ਰਹੇਗਾ ਜਿਸ ’ਚ ਅਤੀਤ ਦੀਆਂ ਸਰਕਾਰਾਂ ਦੀ ਭੂਮਿਕਾ ਅਤੇ ਪਾਣੀਆਂ ਦੀ ਵੰਡ ’ਤੇ ਹੋਈ ਸਿਆਸਤ ਦਾ ਰੰਗ ਦਿਖੇਗਾ। ਵੇਰਵਿਆਂ ਅਨੁਸਾਰ ‘ਆਪ’ ਸਰਕਾਰ ਵੱਲੋਂ ਪੰਜਾਬ ਦਿਵਸ ਮੌਕੇ ਸਤਲੁਜ-ਯਮੁਨਾ ਲਿੰਕ ਨਹਿਰ ਸਮੇਤ 19 ਪ੍ਰਮੁੱਖ ਨੁਕਤਿਆਂ ’ਤੇ ਪੰਜਾਬ ਸਰਕਾਰ ਦੀ ਡੇਢ ਸਾਲ ਦੀ ਕਾਰਗੁਜ਼ਾਰੀ ਨੂੰ ਪੰਜਾਬੀਆਂ ਦੇ ਅੱਗੇ ਰੱਖਿਆ ਜਾਵੇਗਾ। ਮੁੱਖ ਸਕੱਤਰ ਅਨੁਰਾਗ ਵਰਮਾ ਨੇ ਕਈ ਦਿਨਾਂ ਤੋਂ ‘ਖੁੱਲ੍ਹੀ ਬਹਿਸ’ ਦੀ ਤਿਆਰੀ ਲਈ ਮੀਟਿੰਗਾਂ ਦਾ ਸਿਲਸਿਲਾ ਵਿੱਢਿਆ ਹੋਇਆ ਹੈ। ਖੁੱਲ੍ਹੀ ਬਹਿਸ ਦੇ ਪੰਡਾਲ ਵਿਚ ਵੱਡੀ ਸਕਰੀਨ ਤੋਂ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦੀ ਝਲਕ ਦਿਖਾਈ ਜਾਵੇਗੀ। ‘ਆਪ’ ਸਰਕਾਰ ਦੀਆਂ ਡੇਢ ਸਾਲ ਦੀਆਂ ਪ੍ਰਾਪਤੀਆਂ ਨੂੰ ਪਿਛਲੀ ਕਾਂਗਰਸ ਸਰਕਾਰ ਅਤੇ ਅਕਾਲੀ ਸਰਕਾਰ ਦੇ ਕਾਰਜਕਾਲ ਨਾਲ ਮੇਲ ਕੇ ਦਿਖਾਇਆ ਜਾਵੇਗਾ। ਸਤਲੁਜ ਯਮੁਨਾ ਲਿੰਕ ਨਹਿਰ ਨੂੰ ਲੈ ਕੇ ‘ਆਪ’ ਸਰਕਾਰ ਵੱਲੋਂ ਸੁਪਰੀਮ ਕੋਰਟ ਵਿਚ ਕੀਤੀ ਚਾਰਾਜੋਈ ਦੇ ਵੇਰਵੇ ਵੀ ਰੱਖੇ ਜਾਣਗੇ। ਅਹਿਮ ਕਾਰਗੁਜ਼ਾਰੀ ਵਜੋਂ ਵਿੱਤ ਵਿਭਾਗ ਦੇ ਆਪਣੇ ਕਰ ਮਾਲੀਏ ਵਿਚ ਹੋਏ ਵਾਧੇ ਦੀ ਚਰਚਾ ਕੀਤੀ ਜਾਵੇਗੀ। ਸਰਕਾਰੀ ਨੌਕਰੀਆਂ ਨੂੰ ਵੱਡੀ ਪ੍ਰਾਪਤੀ ਵਜੋਂ ਦਿਖਾਇਆ ਜਾਵੇਗਾ। ਡੇਢ ਵਰ੍ਹੇ ਵਿਚ 37,100 ਸਰਕਾਰੀ ਨੌਕਰੀਆਂ ਦਿੱਤੇ ਜਾਣ ਦਾ ਸਰਕਾਰ ਦਾ ਦਾਅਵਾ ਹੈ ਜਿਸ ਦੀ ਸਾਲਾਨਾ ਔਸਤ 23,432 ਬਣਦੀ ਹੈ ਜਦੋਂ ਕਿ ਕਾਂਗਰਸ ਸਰਕਾਰ ਦੇ ਪੰਜ ਸਾਲਾਂ ਦੀ ਸਾਲਾਨਾ ਔਸਤ 11,325 ਬਣਦੀ ਹੈ। ਵੇਰਵਿਆਂ ਅਨੁਸਾਰ ਸਕੂਲ ਸਿੱਖਿਆ ਵਿਭਾਗ, ਗ੍ਰਹਿ ਵਿਭਾਗ, ਬਜਿਲੀ ਵਿਭਾਗ ਅਤੇ ਸਥਾਨਕ ਸਰਕਾਰਾਂ ਵਿਭਾਗਾਂ ਵਿਚ ਸਭ ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਜਲ ਸਰੋਤ ਵਿਭਾਗ ਵੱਲੋਂ ‘ਹਰ ਖੇਤ ਪਾਣੀ’ ਤਹਤਿ ਗਾਇਬ ਹੋਏ ਖਾਲ਼ਿਆਂ ਅਤੇ ਰਜਵਾਹਿਆਂ ਨੂੰ ਮੁੜ ਬਹਾਲ ਕੀਤੇ ਜਾਣ ਦੀ ਗੱਲ ਵੀ ਪ੍ਰਾਪਤੀ ਵਜੋਂ ਕੀਤੀ ਜਾਵੇਗੀ ਅਤੇ ਨਵੀਆਂ ਨਹਿਰਾਂ ਦੀ ਉਸਾਰੀ ਲਈ ਬਣਾਈ ਯੋਜਨਾ ਵੀ ਲੋਕਾਂ ਅੱਗੇ ਰੱਖੀ ਜਾਵੇਗੀ। ‘ਆਪ’ ਸਰਕਾਰ ਦੀ ਸਨਅਤੀ ਨਿਵੇਸ਼ ਦੀ ਸਾਲਾਨਾ ਔਸਤ 37,864 ਕਰੋੜ ਰਹੀ ਹੈ ਜਦੋਂ ਕਿ ਪਿਛਲੀ ਕਾਂਗਰਸ ਸਰਕਾਰ ਸਮੇਂ ਸਾਲਾਨਾ ਔਸਤ 23,410 ਕਰੋੜ ਸੀ। ‘ਜ਼ੀਰੋ ਬਿੱਲ’ ’ਤੇ ਵੀ ਚਰਚਾ ਕੀਤੀ ਜਾਵੇਗੀ। ਪੰਜਾਬ ਸਰਕਾਰ ਆਪਣੀਆਂ ਪ੍ਰਾਪਤੀਆਂ ਦਾ ਗੁਣਗਾਨ ਕਰੇਗੀ ਜਿਸ ਤਹਤਿ ਪੰਜਾਬ ਨੂੰ ਪਾਵਰ ਕੱਟ ਰਹਤਿ ਬਜਿਲੀ ਸਪਲਾਈ ਅਤੇ 90 ਫ਼ੀਸਦੀ ਖਪਤਕਾਰਾਂ ਨੂੰ ਆਏ ਜ਼ੀਰੋ ਬਿੱਲਾਂ ਦੀ ਗੱਲ ਵੀ ਕੀਤੀ ਜਾਵੇਗੀ। ਪਛਵਾੜਾ ਕੋਲਾ ਖਾਣ ਨੂੰ ਚਲਾਏ ਜਾਣ ਨੂੰ ਵੀ ਪ੍ਰਾਪਤੀ ਵਜੋਂ ਉਭਾਰਿਆ ਜਾਣਾ ਹੈ। ਸੂਰਜੀ ਊਰਜਾ ਦੇ ਹੋਏ ਸਮਝੌਤਿਆਂ ਤੋਂ ਇਲਾਵਾ ਸਬਸਿਡੀ ਦੇ ਵੇਲੇ ਸਿਰ ਭੁਗਤਾਨ ਨੂੰ ਉਭਾਰਿਆ ਜਾਵੇਗਾ। ‘ਸਕੂਲ ਆਫ਼ ਐਮੀਨੈਂਸ’ ਅਤੇ ਆਮ ਆਦਮੀ ਮੁਹੱਲਾ ਕਲੀਨਿਕਾਂ ਦੀ ਚਰਚਾ ਵੀ ਹੋਵੇਗੀ। ਪੰਜਾਬ ਸਰਕਾਰ ਨੇ ਨਸ਼ਿਆਂ ਖ਼ਿਲਾਫ਼ ਦਰਜ ਕੇਸਾਂ ਦੇ ਵੇਰਵੇ ਤਿਆਰ ਕੀਤੇ ਹਨ। 2018 ਤੋਂ ਲੈ ਕੇ ਹੁਣ ਤੱਕ ਦਰਜ ਕੇਸਾਂ ਦਾ ਵੇਰਵਾ ਪੇਸ਼ ਕੀਤਾ ਜਾਵੇਗਾ। ਗ਼ੈਰਕਾਨੂੰਨੀ ਮਾਈਨਿੰਗ ਨੂੰ ਲੈ ਕੇ ਕੀਤੀ ਕਾਰਵਾਈ ਵਾਰੇ ਵੀ ਦੱਸਿਆ ਜਾਵੇਗਾ। ‘ਮੈਂ ਪੰਜਾਬ ਬੋਲਦਾ ਹਾਂ’ ਬੈਨਰ ਹੇਠ ਸਰਕਾਰ ਆਪਣੀ ਕਾਰਗੁਜ਼ਾਰੀ ਦੀ ਚਰਚਾ ਕਰੇਗੀ ਜਿਸ ਵਾਸਤੇ ਵਿਆਪਕ ਪ੍ਰਬੰਧ ਕੀਤੇ ਜਾ ਰਹੇ ਹਨ। ਪੰਜਾਬੀਆਂ ਦੀ ਨਜ਼ਰ ਵੀ ਇਸ ਖੁੱਲ੍ਹੀ ਬਹਿਸ ’ਤੇ ਲੱਗੀ ਹੋਈ ਹੈ।