‘ਡਬਲ ਇੰਜਣ’ ਸਰਕਾਰਾਂ ਦੇ ਕਾਰਨਾਮੇ ਸਭ ਦੇ ਸਾਹਮਣੇ!

‘ਡਬਲ ਇੰਜਣ’ ਸਰਕਾਰਾਂ ਦੇ ਕਾਰਨਾਮੇ ਸਭ ਦੇ ਸਾਹਮਣੇ!


-ਅਰਜਨ ਰਿਆੜ (ਮੁੱਖ ਸੰਪਾਦਕ)
ਪੰਜਾਬ ’ਚ ਜਿਸ ਵਕਤ ਵਿਧਾਨ ਸਭਾ ਚੋਣਾਂ 2022 ਦੀਆਂ ਤਿਆਰੀਆਂ ਸ਼ੁਰੂ ਹੋਈਆਂ ਤਾਂ ਸਭ ਸਿਆਸੀ ਪਾਰਟੀਆਂ ਵੋਟਰਾਂ ਨੂੰ ਆਪਣੇ ਵੱਲ ਨੂੰ ਖਿੱਚਣ ਲਈ ਪੱਬਾਂ ਭਾਰ ਹੋ ਗਈਆਂ। ਹਰ ਸਿਆਸੀ ਪਾਰਟੀ ਅਜਿਹਾ ਨਾਅਰਾ ਕੱਢ ਕ ਲਿਆਉਣਾ ਚਾਹੁੰਦੀ ਸੀ ਜੋ ਵੋਟਰਾਂ ਦੇ ਦਿਲਾਂ ’ਚ ਘਰ ਕਰ ਜਾਵੇ। ਇਸ ਤਰਾਂ ਇਕ ਵਾਰ ਪਰਕਾਸ਼ ਸਿੰਘ ਬਾਦਲ ਨੇ ਕੀਤਾ ਸੀ, ਉਹਨਾਂ ਨਾਅਰਾ ਦਿੱਤਾ ਸੀ ‘ਰਾਜ ਨਹੀਂ ਸੇਵਾ’। ਇਸ ਨਾਅਰੇ ਨੇ ਇੰਨਾ ਕੰਮ ਕੀਤਾ ਸੀ ਕਿ ਲੋਕਾਂ ਨੂੰ ਵਾਕਿਆ ਹੀ ਲੱਗਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਨਾਅਰੇ ਉੱਤੇ ਖੜ੍ਹੇਗਾ ਅਤੇ ਸਾਨੂੰ ‘ਰਾਜ ਨਹੀਂ ਸੇਵਾ’ ਵਾਲੀ ਸਰਕਾਰ ਮਿਲੇਗੀ ਪਰ ਪਤਾ ਉਦੋਂ ਲੱਗਾ ਜਦੋਂ ਸਰਕਾਰ ਨੇ ਦੂਜੀ ‘ਸੇਵਾ’ ਸ਼ੁਰੂ ਕਰ ਦਿੱਤੀ ਭਾਵ ਡੰਡਾ ਪਰੇਡ ਵਾਲੀ। ਪਾਠਕਾਂ ਨੂੰ ਯਾਦ ਹੋਵੇਗਾ ਕਿ ਉਸ ਵੇਲੇ ਦੇ ਸਿੱਖਿਆ ਮੰਤਰੀ ‘ਮਾਂ ਬਦੌਲਤ’ ਸਿਕੰਦਰ ਸਿੰਘ ਮਲੂਕਾ ਨੇ ਆਪਣੇ ‘ਕਰ ਕਮਲਾਂ’ ਨਾਲ ਅਧਿਆਪਕਾਂ ਦੇ ਉੱਤੇ ਹੂਰੇ ਮੁੱਕੇ ਵਰ੍ਹਾਏ ਸਨ ਅਤੇ ਇਹ ਵੀ ਨਹੀਂ ਦੇਖਿਆ ਸੀ ਕਿ ਅੱਗੇ ਮਹਿਲਾ ਹੈ ਜਾਂ ਮਰਦ। ਖੈਰ! ਗੱਲ ਕਰਦੇ ਸਾਂ ਵਿਧਾਨ ਸਭਾ ਚੋਣਾਂ 2022 ਦੀ। ਇਹਨਾਂ ਚੋਣਾਂ ਦੌਰਾਨ ਸਿਆਸੀ ਸਮੀਕਰਨ ਪਹਿਲੀਆਂ ਚੋਣਾਂ ਨਾਲੋਂ ਬਿਲਕੁਲ ਬਦਲੇ ਹੋਏ ਸਨ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਨਾਲੋਂ ਸਮਝੌਤਾ ਟੱੁਟ ਚੁੱਕਾ ਸੀ ਜਿਸ ਕਾਰਨ ਭਾਰਤੀ ਜਨਤਾ ਪਾਰਟੀ ਆਪਣੇ ਦਮ ਉੱਤੇ ਇਕੱਲੀ ਹੀ ਚੋਣ ਲੜ ਰਹੀ ਅਤੇ ਜਦਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਬਸਪਾ ਨਾਲ ਸਮਝੌਤਾ ਕਰ ਲਿਆ ਸੀ। ਇਹਨਾਂ ਚੋਣਾਂ ਦੌਰਾਨ ਸਭ ਨਾਲੋਂ ਵੱਧ ਜ਼ੋਰ ਭਾਰਤੀ ਜਨਤਾ ਪਾਰਟੀ ਨੇ ਮਾਰਿਆ। ਪੰਜਾਬ ਦੀ ਹਰ ਪਾਰਟੀ ਦਾ ਲੀਡਰ ‘ਬਾਈ ਹੁੱਕ ਬਾਈ ਕਰੱੁਕ’ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਕਰਵਾਉਣ ਦੀ ਮੁਹਿੰਮ ਅਰੰਭ ਕੀਤੀ ਗਈ। ਕੁਝ ਵੀ ਨਹੀਂ ਸੀ ਦੇਖਿਆ ਜਾਂਦਾ ਕਿ ਉਸ ਆਗੂ ਦਾ ਅਕਸ ਕੀ ਹੈ, ਉਸ ਉੱਤੇ ਕੀ ਦੋਸ਼ ਹਨ, ਬਸ ਜਿਹੜਾ ਵੀ ਬੀ.ਜੇ.ਪੀ. ਦੀ ਵਾਸ਼ਿੰਗ ਮਸ਼ੀਨ ਵਿਚ ਆ ਗਿਆ ਸਮਝੋ ਉਹ ਸ਼ੱੁਧ ਹੋ ਗਿਆ। ਬਿਨਾਂ ਸ਼ੱਕ ਬੀ.ਜੇ.ਪੀ. ਨੂੰ ਹੁੰਗਾਰਾ ਵੀ ਬਹੁਤ ਹੀ ਜ਼ਬਰਦਸਤ ਮਿਲਿਆ ਅਤੇ ਲੱਗਦਾ ਸੀ ਕਿ ਬੀ.ਜੇ.ਪੀ. ਪੰਜਾਬ ਵਿਚ ਕੋਈ ਨਾ ਕੋਈ ਕਾਰਾ ਜ਼ਰੂਰ ਕਰੇਗੀ। ਇਸੇ ਚੋਣ ਪ੍ਰਚਾਰ ਦੇ ਚੱਲਦਿਆਂ ਬੀ.ਜੇ.ਪੀ. ਨੇ ਨਾਅਰਾ ਬੁਲੰਦ ਕੀਤਾ ‘ਡਬਲ ਇੰਜਣ ਸਰਕਾਰ’। ਪਹਿਲਾਂ ਤਾਂ ਬਹੁਤੇ ਲੋਕਾਂ ਨੂੰ ਪਤਾ ਹੀ ਨਾ ਲੱਗਾ ਕਿ ਇਹ ‘ਡਬਲ ਇੰਜਣ ਸਰਕਾਰ’ ਕੀ ਬਲਾ ਦਾ ਨਾਮ ਹੈ। ਹੌਲੀ-ਹੌਲੀ ਵੋਟਰਾਂ ਨੂੰ ਪਤਾ ਲੱਗਣ ਲੱਗਾ ਕਿ ਬੀ.ਜੇ.ਪੀ. ਵਾਲੇ ਕਹਿ ਰਹੇ ਹਨ ਕਿ ਕੇਂਦਰ ਵਿਚ ਭਾਜਪਾ ਦੀ ਸਰਕਾਰ ਹੈ ਜੇਕਰ ਪੰਜਾਬ ਵਿਚ ਵੀ ਭਾਜਪਾ ਹੋ ਜਾਵੇ ਤਾਂ ‘ਡਬਲ ਇੰਜਣ ਸਰਕਾਰ’ ਬਣ ਜਾਵੇਗੀ ਅਤੇ ਪੰਜਾਬ ਵਿਚ ਵਿਕਾਸ ਬਹੁਤ ਵੱਡੇ ਪੱਧਰ ਉੱਤੇ ਹੋਣਾ ਸ਼ੁਰੂ ਹੋ ਜਾਵੇਗਾ। ਬਿਨਾਂ ਸ਼ੱਕ ਇਹ ਨਾਅਰਾ ਹੈ ਕਰੰਟ ਮਾਰਨ ਵਾਲਾ ਹੈ, ਲੋਕਾਂ ਦੇ ਦਿਲਾਂ ਉੱਤੇ ਅਸਰ ਹੋ ਵੀ ਸਕਦਾ ਹੈ ਕਿ ਜੇਕਰ ਕੇਂਦਰ ਵਿਚ ਭਾਜਪਾ ਦੀ ਸਰਕਾਰ ਹੈ ਅਤੇ ਪੰਜਾਬ ਵਿਚ ਵੀ ਭਾਜਪਾ ਹੋਵੇਗੀ ਪੰਜਾਬ ਵੱਧ ਤਰੱਕੀ ਕਰੇਗਾ। ਉਹ ਵੱਖਰੀ ਗੱਲ ਹੈ ਕਿ ਪੰਜਾਬ ਦੇ ਲੋਕਾਂ ਨੇ ਬੀ.ਜੇ.ਪੀ. ਉੱਪਰ ਬਹੁਤਾ ਯਕੀਨ ਨਹੀਂ ਕੀਤਾ ਅਤੇ ਭਾਜਪਾ ਨੂੰ ਸਿਰਫ ਇਕ ਸੀਟ ਉੱਪਰ ਹੀ ਸਬਰ ਕਰਨਾ ਪਿਆ ਪਰ ਅਜੇ ਵੀ ਬੀ.ਜੇ.ਪੀ. ਪੰਜਾਬ ਦੀ ਸਿਆਸਤ ਵਿਚ ਸਭ ਤੋਂ ਉੱਪਰ ਰਹਿਣ ਲਈ ਰੋਜ਼ਾਨਾ ਕੋਈ ਨਾ ਕੋਈ ਡਰਾਮਾ ਰਚਦੀ ਹੈ ਅਤੇ ਚਰਚਾ ਵਿਚ ਰਹਿਣ ਲਈ ਜ਼ੋਰ ਮਾਰ ਰਹੀ ਹੈ। 
ਵਿਰੋਧੀ ਪਾਰਟੀਆਂ ਚਾਹੇ ਅਕਾਲੀ ਦਲ ਹੈ, ਚਾਹੇ ਕਾਂਗਰਸ ਅਤੇ ਚਾਹੇ ਆਮ ਆਦਮੀ ਪਾਰਟੀ ਹੀ ਸਹੀ, ਉਹ ਭਾਜਪਾ ਦੇ ਪ੍ਰਚਾਰ ਅੱਗੇ ਬੌਨੇ ਜਾਪ ਰਹੇ ਹਨ। ਜਿੰਨੀ ਬਿਆਨਬਾਜ਼ੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਆਗੂਆਂ ਵਲੋਂ ਕੀਤੀ ਜਾ ਰਹੀ ਹੈ, ਲੱਗਦਾ ਹੈ ਕਿ ਓਨੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਵੀ ਨਹੀਂ ਕਰ ਰਹੇ ਹੋਣੇ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਆਗੂਆਂ ਦਾ ਨਿੱਕਾ ਜਿਹਾ ਬਿਆਨ ਵੀ ਵੱਡੇ ਤੋਂ ਵੱਡੇ ਮੀਡੀਆ ਪਲੇਟਫਾਰਮਾਂ ਉੱਤੇ ਪ੍ਰਮੱੁਖਤਾ ਨਾਲ ਛਾਪਿਆ ਜਾਂਦਾ ਹੈ ਜਦਕਿ ਬਾਕੀ ਪਾਰਟੀਆਂ ਦੇ ਆਗੂ ਹੇਠਾਂ ਮਾੜੇ ਮੋਟੇ ਮੀਡੀਆ ਅਦਾਰਿਆਂ ਤੱਕ ਹੀ ਰਹਿ ਜਾਂਦੇ ਹਨ। ਇਹ ਕੀ ਮਾਜਰਾ ਹੈ ਕਿਸੇ ਨੂੰ ਵੀ ਪਤਾ ਨਹੀਂ ਚੱਲਦਾ।
ਹੁਣ ਗੱਲ ਕਰਦੇ ਹਾਂ ‘ਡਬਲ ਇੰਜਣ ਸਰਕਾਰ’ ਦੇ ਨਾਅਰੇ ਦੀ। ਅੱਜ ਸਾਰੇ ਪਾਠਕਾਂ ਨੂੰ ਪਤਾ ਹੈ ਕਿ ਉੱਤਰ ਪੂਰਬੀ ਸੂਬਾ ਮਨੀਪੁਰ ਫਿਰਕੂ ਅੱਗ ਦੀ ਲਪੇਟ ਵਿਚ ਹੈ। ਲਗਭਗ ਤਿੰਨ ਮਹੀਨਿਆਂ ਤੋਂ ਉੱਤੇ ਕਤਲੋਗਾਰਤ ਚੱਲ ਰਹੀ ਹੈ ਅਤੇ ਡਬਲ ਇੰਜਣ ਦੇ ਡਰਾਈਵਰ ਸ਼੍ਰੀ ਮੋਦੀ ਜੀ ਇਕ ਵੀ ਬਿਆਨ ਨਹੀਂ ਸੀ ਦੇ ਰਹੇ। ਜਦੋਂ ਦੋ ਔਰਤਾਂ ਨੂੰ ਨੰਗਿਆਂ ਕਰ ਕੇ ਪਰੇਡ ਕਰਵਾਉਣ ਦੀ ਗੱਲ ਸਾਹਮਣੇ ਆਈ ਤਾਂ ਪੂਰੀ ਦੁਨੀਆਂ ਵਿਚ ਧਮਾਕਾ ਹੋ ਗਿਆ ਅਤੇ ਅੰਤਰਰਾਸ਼ਟਰੀ ਮੀਡੀਆ ਨੇ ਮੋਦੀ ਸਰਕਾਰ ਦੀ ਚੰਗੀ ਖਿੱਚ ਧੂਹ ਕੀਤੀ। ਫਿਰ ਡਬਲ ਇੰਜਣ ਦੀ ਡਰਾਈਵਰ ਸਾਹਿਬ ਨੂੰ ਬਿਆਨ ਦੇਣਾ ਪਿਆ ਕਿ ਇਹ ਸਭ ਗਲਤ ਹੋਇਆ। ਦੂਜੇ ਪਾਸੇ ਹਰਿਆਣਾ ਦੇ ਇਲਾਕ ਨੂਹ ਵਿਚ ਵੀ ਫਿਰਕੂ ਅੱਗੇ ਨੇ ਵਿਕਰਾਲ ਰੂਪ ਧਾਰ ਲਿਆ ਹੈ। ਉੱਥੇ ਵੀ ਕਤਲੋਗਾਰਤ ਸ਼ੁਰੂ ਹੋਈ, ਇੱਥੋਂ ਤੱਕ ਕਿ ਇਕ ਪੁਲਿਸ ਸਟੇਸ਼ਨ ਨੂੰ ਹੀ ਅੱਗ ਲਗਾ ਦਿੱਤੀ ਗਈ। ਅਜੇ ਵੀ ਪੁਲਿਸ ਫੋਰਸ ਨੂੰ ਕੋਈ ਯਕੀਨ ਨਹੀਂ ਕਿ ਉੱਥੇ ਕੀ ਹੋ ਜਾਵੇ। ਸਭ ਪਾਸੇ ਅਸ਼ਾਂਤੀ ਵਾਲਾ ਮਹੌਲ ਹੈ।
ਹੁਣ ਧਿਆਨ ਨਾਲ ਨਜ਼ਰ ਮਾਰੀ ਜਾਵੇ ਤਾਂ ਦੋਵਾਂ ਸੂਬਿਆਂ ਮਨੀਪੁਰ ਅਤੇ ਹਰਿਆਣਾ ਵਿਚ ਡਬਲ ਇੰਜਣ ਸਰਕਾਰਾਂ ਹਨ ਭਾਵ ਦੋਵਾਂ ਸੂਬਿਆਂ ਵਿਚ ਕੇਂਦਰ ਵਾਲੀ ਸਰਕਾਰ ਬੀ.ਜੇ.ਪੀ. ਦੀਆਂ ਸਰਕਾਰਾਂ ਹਨ ਅਤੇ ਦੋਵਾਂ ਥਾਵਾਂ ਉੱਤੇ ਹੀ ਫਿਰਕੂ ਅੱਗ ਲੱਗੀ ਹੋਈ ਹੈ। ਅਗਰ ਸੋਚਿਆ ਜਾਵੇ ਤਾਂ ਇਹ ਸਾਹਮਣੇ ਆਉਂਦਾ ਹੈ ਕਿ 2024 ਦੀਆਂ ਆਮ ਚੋਣਾਂ ਲਾਗੇ ਆ ਚੱੁਕੀਆਂ ਹਨ ਅਤੇ ਹਮੇਸ਼ਾ ਹੀ ਭਾਰਤੀ ਜਨਤਾ ਪਾਰਟੀ ਉੱਤੇ ਦੋਸ਼ ਲੱਗਦਾ ਹੈ ਕਿ ਜਦੋਂ ਵੀ ਚੋਣਾਂ ਆਉਂਦੀਆਂ ਹਨ ਉਸ ਨੇ ਜਾਂ ਤਾਂ ਫਿਰਕੂ ਦੰਗੇ ਕਰਵਾਉਣੇ ਹੁੰਦੇ ਹਨ ਅਤੇ ਜਾਂ ਫਿਰ ਫੌਜੀਆਂ ਦੀਆਂ ਜਾਨਾਂ ਨਾਲ ਖੇਡਣਾ ਹੁੰਦਾ ਹੈ। ਇਸ ਵਾਰ ਆਮ ਲੋਕਾਂ ਦੀ ਵਾਰੀ ਆਈ ਲੱਗਦੀ ਹੈ। ਡਬਲ ਇੰਜਣ ਸਰਕਾਰਾਂ ਵਾਲੇ ਸੂਬਿਆਂ ਵਿਚ ਘੱਟ ਗਿਣਤੀਆਂ ਦੀ ਜੋ ਕਤਲੋਗਾਰਤ ਹੋ ਰਹੀ ਹੈ, ਉਹ ਸ਼ਰਮਨਾਕ ਹੈ। ਪਰ ਸਾਡੇ ਡਬਲ ਇੰਜਣ ਦੇ ਡਰਾਈਵਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਚੱੁਪ ਧਾਰੀ ਬੈਠੇ ਹਨ ਅਤੇ ਘੱਟ ਗਿਣਤੀਆਂ ਅਤੇ ਕਮਜ਼ੋਰਾਂ ਨੂੰ ਰੱਬ ਆਸਰੇ ਛੱਡਿਆ ਹੋਇਆ ਹੈ। ਔਰਤਾਂ ਉੱਤੇ ਲਗਾਤਾਰ ਜ਼ੁਲਮ ਹੋ ਰਹੇ ਹਨ। ਹੋਰ ਤਾਂ ਹੋਰ ਇਕ ਹੋਰ ਵੀਡੀਓ ਮਨੀਪੁਰ ਤੋਂ ਸਾਹਮਣੇ ਆਈ ਕਿ ਇਕ ਦੁਕਾਨ ਅੰਦਰ ਇਕ ਔਰਤ ਨਾਲ ਫੌਜੀ ਹੀ ਬਦਤਮੀਜੀ ਕਰ ਰਿਹਾ ਹੈ। ਇਹ ਤਾਂ ਵੀਡੀਓਜ਼ ਸਾਹਮਣੇ ਆ ਗਈਆਂ ਪਤਾ ਲੱਗ ਗਿਆ ਪਰ ਜਿਹਨਾਂ ਧੱਕੇਸ਼ਾਹੀਆਂ ਦੀਆਂ ਵੀਡੀਓਜ਼ ਹੀ ਸਾਹਮਣੇ ਨਹੀਂ ਆਉਂਦੀਆਂ, ਉਹ ਵਿਚਾਰੇ ਪੀੜਤ ਕਿੱਥੇ ਆਪਣੇ ਦੱੁਖ ਰੋਣ। 
ਸੋ ਪੰਜਾਬ ਬੀ.ਜੇ.ਪੀ. ਦੇ ਆਗੂਆਂ ਨੂੰ, ਜੋ ਰੋਜ਼ ਰੋਜ਼ ‘ਧਮਾਕੇਦਾਰ’ ਬਿਆਨ ਜਾਰੀ ਕਰਦੇ ਰਹਿੰਦੇ ਹਨ, ਚਾਹੀਦਾ ਹੈ ਹੁਣ ‘ਡਬਲ ਇੰਜਣ ਸਰਕਾਰ’ ਦੇ ਸਿਧਾਂਤ ਨੂੰ ਵਿਸਥਾਰ ਰੂਪ ਵਿਚ ਸਮਝਾਉਣ ਕਿ ਕੀ ‘ਡਬਲ ਇੰਜਣ ਸਰਕਾਰ’ ਸਰਕਾਰ ਦਾ ਮਤਲਬ ਦੰਗੇ ਕਰਵਾਉਣਾ ਹੀ ਹੈ, ਵਿਕਾਸ ਕਰਵਾਉਣਾ ਨਹੀਂ। ਜੇਕਰ ਪੰਜਾਬ ਅੰਦਰ ਵੀ ਡਬਲ ਇੰਜਣ ਸਰਕਾਰ ਬਣ ਜਾਂਦੀ ਤਾਂ ਇੱਥੋਂ ਦਾ ਕੀ ਬਣਦਾ। ਅਸੀਂ ਇੱਥੇ ਇਹ ਕਹਿਣਾ ਚਾਹੁੰਦੇ ਹਾਂ ਕਿ ਸੂਬਿਆਂ ਵਿਚ ਜਿਹਦੀ ਮਰਜ਼ੀ ਸਰਕਾਰ ਬਣੇ, ਕੇਂਦਰ ਸਰਕਾਰ ਦਾ ਮਕਸਦ ਸਾਰੇ ਸੂਬਿਆਂ ਵਿਚ ਸ਼ਾਂਤੀ ਬਣਾਈ ਰੱਖਣਾ ਅਤੇ ਉਹਨਾਂ ਦਾ ਵਿਕਾਸ ਕਰਨਾ ਹੋਣਾ ਚਾਹੀਦਾ ਹੈ। ਇਹ ਕਿਉਂ ਲਾਲਚ ਦਿੱਤਾ ਜਾਂਦਾ ਹੈ ਕਿ ਜੇਕਰ ਕੇਂਦਰ ਤੇ ਕਾਬਜ਼ ਪਾਰਟੀ ਦੀ ਸਰਕਾਰ ਸੂਬੇ ਵਿਚ ਬਣੇਗੀ ਤਾਂ ਵੱਧ ਵਿਕਾਸ ਹੋਵੇਗਾ, ਇਸ ਦਾ ਮਤਲਬ ਕੇਂਦਰ ਸਰਕਾਰ ਦੂਜੀਆਂ ਪਾਰਟੀਆਂ ਨਾਲ ਵਿਤਕਰਾ ਕਰ ਰਹੀ ਹੈ? ਇਹ ਸਭ ਸਵਾਲ ਬਹੁਤ ਹੀ ਹੀ ਅਹਿਮ ਹਨ ਜੋ ਕਿ ਆਉਣ ਵਾਲੇ ਦਿਨਾਂ ’ਚ ਭਾਰਤੀ ਜਨਤਾ ਪਾਰਟੀ ਦੇ ਖਾਸ ਕਰ ਪੰਜਾਬ ਦੇ ਆਗੂਆਂ ਕਰਨੇ ਬਣਦੇ ਹਨ। ਆਮੀਨ!