ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਨੋਟੀਫਿਕੇਸ਼ਨ ਜਾਰੀ

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਨੋਟੀਫਿਕੇਸ਼ਨ ਜਾਰੀ

ਨਵੀਂ ਦਿੱਲੀ- ਚੋਣ ਕਮਿਸ਼ਨ ਵੱਲੋਂ ਜਾਰੀ ਨੋਟੀਫਿਕੇਸ਼ਨ ਨਾਲ ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਤਹਿਤ 19 ਅਪਰੈਲ ਨੂੰ 21 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਪੈਂਦੇ 102 ਸੰਸਦੀ ਹਲਕਿਆਂ ਲਈ ਪੈਣ ਵਾਲੀਆਂ ਵੋਟਾਂ ਲਈ ਅੱਜ ਤੋਂ ਨਾਮਜ਼ਦਗੀਆਂ ਦਾ ਅਮਲ ਸ਼ੁਰੂ ਹੋ ਗਿਆ। ਪਹਿਲੇ ਗੇੜ ਵਿਚ ਅਰੁਣਾਚਲ ਪ੍ਰਦੇਸ਼ (2 ਸੀਟਾਂ), ਅਸਾਮ (5), ਬਿਹਾਰ (4), ਛੱਤੀਸਗੜ੍ਹ (1), ਮੱਧ ਪ੍ਰਦੇਸ਼ (6), ਮਹਾਰਾਸ਼ਟਰ (5), ਮਨੀਪੁਰ (2), ਮੇਘਾਲਿਆ(2), ਮਿਜ਼ੋਰਮ (1), ਨਾਗਾਲੈਂਡ (1), ਰਾਜਸਥਾਨ (12), ਸਿੱਕਮ (1), ਤਾਮਿਲ ਨਾਡੂ (39), ਤ੍ਰਿਪੁਰਾ(1), ਉੱਤਰ ਪ੍ਰਦੇਸ਼(8), ਉੱਤਰਾਖੰਡ (5), ਪੱਛਮੀ ਬੰਗਾਲ (3), ਅੰਡੇਮਾਨ ਨਿਕੋਬਾਰ(1), ਜੰਮੂ ਕਸ਼ਮੀਰ (1), ਲਕਸ਼ਦੀਪ(1) ਤੇ ਪੁੱਡੂਚੇਰੀ ਦੀ ਇਕ ਲੋਕ ਸਭਾ ਸੀਟ ਲਈ ਵੋਟਾਂ ਪੈਣਗੀਆਂ। ਨੋਟੀਫਿਕੇਸ਼ਨ ਮੁਤਾਬਕ ਨਾਮਜ਼ਦਗੀਆਂ ਭਰਨ ਦੀ ਆਖਰੀ ਤਰੀਕ 27 ਮਾਰਚ ਰਹੇਗੀ। ਹਾਲਾਂਕਿ ਤਿਓਹਾਰਾਂ ਕਰਕੇ ਬਿਹਾਰ ਵਿਚ ਲੋਕ ਸਭਾ ਸੀਟਾਂ ਲਈ ਨਾਮਜ਼ਦਗੀਆਂ ਭਰਨ ਦੀ ਅੰਤਿਮ ਮਿਤੀ 28 ਮਾਰਚ ਹੈ। ਪਹਿਲੇ ਗੇੜ ਵਿਚ ਬਿਹਾਰ ਦੀਆਂ ਕੁੱਲ 40 ਲੋਕ ਸਭਾ ਸੀਟਾਂ ਵਿਚੋਂ ਸਿਰਫ਼ 4 ਲਈ ਹੀ ਪੋਲਿੰਗ ਹੋਵੇਗੀ। ਨਾਮਜ਼ਦਗੀਆਂ ਦੀ ਪੜਤਾਲ 28 ਮਾਰਚ ਨੂੰ ਜਦੋਂਕਿ ਬਿਹਾਰ ਵਿਚ ਇਹ ਅਮਲ 30 ਮਾਰਚ ਨੂੰ ਸਿਰੇ ਚੜ੍ਹੇਗਾ। ਨਾਮਜ਼ਦਗੀਆਂ 30 ਮਾਰਚ ਤੱਕ ਵਾਪਸ ਲਈਆਂ ਜਾ ਸਕਣਗੀਆਂ ਬਿਹਾਰ ਲਈ ਇਹ ਤਰੀਕ 2 ਅਪਰੈਲ ਹੈ। 18ਵੀਂ ਲੋਕ ਸਭਾ ਲਈ ਵੋਟਿੰਗ ਦਾ ਅਮਲ ਸੱਤ ਗੇੜਾਂ (19 ਅਪਰੈਲ, 26 ਅਪਰੈਲ, 7 ਮਈ, 13 ਮਈ, 20 ਮਈ, 25 ਮਈ ਤੇ 1 ਜੂਨ) ਵਿਚ ਪੂਰਾ ਹੋਵੇਗਾ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।ਉਧਰ ਈਟਾਨਗਰ ਵਿਚ ਸੂਬਾਈ ਚੋਣ ਦਫ਼ਤਰ ਨੇ 60 ਅਸੈਂਬਲੀ ਹਲਕਿਆਂ ਤੇ ਦੋ ਲੋਕ ਸਭਾ ਸੀਟਾਂ ਲਈ ਵੱਖਰਾ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਹੈ। 2019 ਦੀਆਂ ਚੋਣਾਂ ਦੌਰਾਨ ਸੱਤਾਧਾਰੀ ਭਾਜਪਾ ਨੇ ਇਹ ਦੋਵੇਂ ਲੋਕ ਸਭਾ ਸੀਟਾਂ ਜਿੱਤੀਆਂ ਸਨ। ਅਰੁਣਾਚਲ ਪ੍ਰਦੇਸ਼ ਅਸੈਂਬਲੀ ਦੀ ਗੱਲ ਕਰੀਏ ਤਾਂ ਭਾਜਪਾ ਨੇ 41 ਸੀਟਾਂ, ਜੇਡੀਯੂ 7, ਐੱਨਪੀਪੀ 5, ਕਾਂਗਰਸ 4 ਤੇ ਪੀਪੀਏ ਨੇ 1 ਸੀਟ ਜਿੱਤੀ ਸੀ ਜਦੋਂਕਿ ਦੋ ਆਜ਼ਾਦ ਉਮੀਦਵਾਰ ਜੇਤੂ ਰਹੇ ਸਨ। ਭਾਜਪਾ ਸਾਰੀਆਂ ਅਸੈਂਬਲੀ ਸੀਟਾਂ ਲਈ ਉਮੀਦਵਾਰ ਐਲਾਨ ਚੁੱਕੀ ਹੈ ਤੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੂੰ ਅਰੁਣਾਚਲ ਪੱਛਮੀ ਲੋਕ ਸਭਾ ਸੀਟ ਤੇ ਤਾਪਿਰ ਗਾਓ ਨੂੰ ਅਰੁਣਾਚਲ ਪੂਰਬੀ ਸੀਟ ਤੋਂ ਉਮੀਦਵਾਰ ਐਲਾਨਿਆ ਹੈ। ਪਹਿਲੇ ਗੇੜ ਤਹਿਤ ਅਸਾਮ, ਕਾਜ਼ੀਰੰਗਾ, ਸੋਨਿਤਪੁਰ, ਲਖੀਮਪੁਰ ਤੇ ਡਿਬਰੂਗੜ੍ਹ ਵਿਚ ਵੋਟਾਂ ਪੈਣਗੀਆਂ। ਪਹਿਲੇ ਗੇੜ ਤਹਿਤ ਚੋਣ ਮੈਦਾਨ ਵਿਚ ਉਤਰਨ ਵਾਲੇ ਪ੍ਰਮੁੱਖ ਉਮੀਦਵਾਰਾਂ ਵਿਚ ਡਿਬਰੂਗੜ੍ਹ ਤੋਂ ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ, ਜੋਰਹਾਟ ਤੋਂ ਕਾਂਗਰਸ ਦੇ ਲੋਕ ਸਭਾ ਵਿਚ ਡਿਪਟੀ ਆਗੂ ਗੌਰਵ ਗੋਗੋਈ, ਇਸੇ ਸੀਟ ਤੋਂ ਭਾਜਪਾ ਐੱਮਪੀ ਤੋਪੋਨ ਗੋਗੋਈ, ਭਾਜਪਾ ਦੇ ਰਾਜ ਸਭਾ ਮੈਂਬਰ ਕਮਾਖਿਆ ਪ੍ਰਸਾਦ ਤਾਸਾ ਆਦਿ ਸ਼ਾਮਲ ਹਨ। ਪੁੱਡੂਚੇਰੀ ਵਿਚ ਰਿਟਰਨਿੰਗ ਅਫ਼ਸਰ ਏ.ਕੁਲੋਥੁੰਗਨ ਨੇ ਯੂਟੀ ਦੀ ਇਕੋ ਇਕ ਲੋਕ ਸਭਾ ਸੀਟ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜੰਮੂ ਕਸ਼ਮੀਰ ਦੀ ਊਧਮਪੁਰ-ਕਠੂਆ ਸੰਸਦੀ ਸੀਟ ਲਈ ਵੀ ਪਹਿਲੇ ਗੇੜ ਵਿਚ ਪੋਲਿੰਗ ਹੋਵੇਗੀ। ਹੁਣ ਤੱਕ ਸਿਰਫ਼ ਭਾਜਪਾ ਤੇ ਡੈਮੋਕਰੈਟਿਕ ਪ੍ਰੋਗਰੈਸਿਵ ਆਜ਼ਾਦ ਪਾਰਟੀ ਨੇ ਹੀ ਇਸ ਸੀਟ ਲਈ ਆਪਣੇੇ ਉਮੀਦਵਾਰ ਐਲਾਨੇ ਹਨ। ਇਨ੍ਹਾਂ ਪਾਰਟੀਆਂ ਲਈ ਕ੍ਰਮਵਾਰ ਮੌਜੂਦਾ ਐੱਮਪੀ ਤੇ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਤੇ ਸਾਬਕਾ ਮੰਤਰੀ ਜੀ.ਐੱਮ.ਸਰੂਰੀ ਨੂੰ ਉਮੀਦਵਾਰ ਹਨ।