ਕੋਟਕਪੂਰਾ ਨੇੜੇ ਸੜਕ ਹਾਦਸੇ ’ਚ ਪੰਜ ਮੌਤਾਂ

ਕੋਟਕਪੂਰਾ ਨੇੜੇ ਸੜਕ ਹਾਦਸੇ ’ਚ ਪੰਜ ਮੌਤਾਂ

ਫਰੀਦਕੋਟ/ਕੋਟਕਪੂਰਾ- ਇੱਥੋਂ ਨਜ਼ਦੀਕੀ ਪਿੰਡ ਪੰਜਗਰਾਈਂ ਕਲਾਂ ਨੇੜੇ ਬੀਤੀ ਦੇਰ ਰਾਤ ਇੱਕ ਟਾਟਾ ਏਸ (ਛੋਟਾ ਹਾਥੀ) ਤੇ ਟਰੱਕ ਦਰਮਿਆਨ ਹੋਈ ਟੱਕਰ ’ਚ ਪੰਜ ਵਿਅਤੀਆਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ 9 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ’ਚ ਤਿੰਨ ਬੱਚੇ ਵੀ ਸ਼ਾਮਲ ਹਨ। ਸੂਚਨਾ ਮਿਲਦਿਆਂ ਹਲਕਾ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਹਸਪਤਾਲ ਵਿੱਚ ਪਹੁੰਚ ਕੇ ਜ਼ਖ਼ਮੀਆਂ ਦਾ ਹਾਲ ਪੁੱਛਿਆ।ਜਾਣਕਾਰੀ ਅਨੁਸਾਰ ਪਿੰਡ ਮਰਾੜ ਕਲਾਂ ਦੇ ਕੁੱਝ ਵਿਅਕਤੀ ਧਾਰਮਿਕ ਸਥਾਨ ਪੀਰ ਨਿਗਾਹੇ ਮੱਥਾ ਟੇਕ ਕੇ ਟਾਟਾ ਏਸ ’ਤੇ ਵਾਪਸ ਆ ਰਹੇ ਸਨ। ਜਦੋਂ ਉਹ ਪਿੰਡ ਪੰਜਗਰਾਈਂ ਕਲਾਂ ਕੋਲ ਪੁੱਜੇ ਤਾਂ ਕੋਟਕਪੂਰਾ ਵੱਲੋਂ ਆ ਰਹੇ ਟਰੱਕ ਨੇ ਟਾਟਾ ਏਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਲਵਪ੍ਰੀਤ ਸਿੰਘ (26), ਕਰਮਜੀਤ ਕੌਰ (35), ਦੀਪਕ ਕੁਮਾਰ (28), ਸੁਖਦੇਵ ਕੁਮਾਰ (38) ਅਤੇ ਕਰਮਜੀਤ ਕੌਰ (40) ਦੀ ਥਾਂ ’ਤੇ ਹੀ ਮੌਤ ਹੋ ਗਈ ਜਦੋਂਕਿ ਗੁਰਮੀਤ ਸਿੰਘ, ਸੁਖਪ੍ਰੀਤ ਕੌਰ, ਸੁਖਦੀਪ ਕੌਰ, ਟੀਨਾ, ਕੀਰਤ, ਆਯੂ, ਸੁਖਮਨਪ੍ਰੀਤ, ਸੁਰੇਸ਼ ਕੁਮਾਰ ਅਤੇ ਪੂਜਾ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹਾਦਸੇ ਵਿੱਚ ਟਾਟਾ ਏਸ ਚਾਲਕ ਦੀਪਕ ਦੀ ਵੀ ਮੌਤ ਹੋ ਗਈ। ਪੁਲੀਸ ਨੇ ਟਰੱਕ ਡਰਾਈਵਰ ਪ੍ਰੀਤਮ ਸਿੰਘ ਵਾਸੀ ਜੈਤੋ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।