ਕਿਸਾਨਾਂ ਨੇ ਪਰਨੀਤ ਨੂੰ ਦਿਖਾਈਆਂ ਕਾਲੀਆਂ ਝੰਡੀਆਂ

ਕਿਸਾਨਾਂ ਨੇ ਪਰਨੀਤ ਨੂੰ ਦਿਖਾਈਆਂ ਕਾਲੀਆਂ ਝੰਡੀਆਂ

ਪਟਿਆਲਾ/ਪਾਤੜਾਂ- ਪਟਿਆਲਾ ਸੰਸਦੀ ਸੀਟ ਤੋਂ ਭਾਜਪਾ ਉਮੀਦਵਾਰ ਪਰਨੀਤ ਕੌਰ ਖਿਲਾਫ਼ ਅੱਜ ਪਾਤੜਾਂ ਅਤੇ ਨਾਭਾ ਵਿੱਚ ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਨੇ ਇਸ ਦੌਰਾਨ ਭਾਜਪਾ ਆਗੂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਤੇ ਨਾਅਰੇਬਾਜ਼ੀ ਕੀਤੀ। ਬੋਲੇਰੋ ਤੇ ਕਾਰ ਸਵਾਰ ਕੁਝ ਕਿਸਾਨਾਂ ਨੇ ਪਰਨੀਤ ਕੌਰ ਦੇ ਕਾਫਲੇ ਦਾ ਪਿੱਛਾ ਵੀ ਕੀਤਾ ਜਿਨ੍ਹਾਂ ਨੂੰ ਪੁਲੀਸ ਨੇ ਇਕ ਨਾਕੇ ’ਤੇ ਰੋਕ ਲਿਆ। ਪਰਨੀਤ ਕੌਰ ਭਾਜਪਾ ਵਰਕਰਾਂ ਨੂੰ ਮਿਲਣ ਲਈ ਦੇਵੀ ਦਵਾਲਾ ਚੌਕ ਨਾਭਾ ਪੁੱਜੇ ਸਨ। ਉਨ੍ਹਾਂ ਖਿਲਾਫ਼ ਰੋਸ ਪ੍ਰਦਰਸ਼ਨ ਕਰਨ ਵਾਲ਼ਿਆਂ ’ਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਕਿਸਾਨ ਯੂਨੀਅਨ ਉਗਰਾਹਾਂ ਆਦਿ ਨਾਲ ਸਬੰਧਤ ਕਿਸਾਨ ਮੌਜੂਦ ਸਨ। ਕਿਸਾਨਾਂ ਨੇ ਭਾਜਪਾ ਨੂੰ ਕਿਸਾਨ ਵਿਰੋਧੀ ਗਰਦਾਨਦਿਆਂ ‘ਭਾਜਪਾ ਮੁਰਦਾਬਾਦ’ ਦੇ ਨਾਅਰੇ ਵੀ ਲਾਏ। ਉਨ੍ਹਾਂ ਕਿਹਾ ਕਿ ਭਾਜਪਾ ਦੇ ਕਿਸੇ ਵੀ ਉਮੀਦਵਾਰ ਅਤੇ ਆਗੂ ਨੂੰ ਉਹ ਚੋਣ ਪ੍ਰਚਾਰ ਨਹੀਂ ਕਰਨ ਦੇਣਗੇ। ਪਰਨੀਤ ਕੌਰ ਨੇ ਪਾਤੜਾਂ ਦੇ ਇਕ ਪੈਲੇਸ ਵਿੱਚ ਬੂਥ ਪੱਧਰ ਦਾ ਇਕੱਠ ਕਰ ਕੇ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕੀਤਾ। ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਨੇ ਭਾਜਪਾ ਉਮੀਦਵਾਰ ਤੇ ਪਾਰਟੀ ਆਗੂਆਂ ਨੂੰ ਕਾਲੀਆਂ ਝੰਡੀਆਂ ਦਿਖਾਉਂਦਿਆਂ ਨਾਅਰੇਬਾਜ਼ੀ ਕੀਤੀ। ਪਰਨੀਤ ਕੌਰ ਮੁਸਕਰਾਉਂਦੇ ਤੇ ਹੱਥ ਹਿਲਾਉਂਦੇ ਹੋਏ ਪੁਲੀਸ ਵੱਲੋਂ ਕੀਤੀ ਬੈਰੀਕੇਡਿੰਗ ਤੋਂ ਅੱਗੇ ਪੈਦਲ ਚੱਲ ਕੇ ਪੈਲੇਸ ਵਿੱਚ ਪਹੁੰਚੇ। ਇਸ ਦੌਰਾਨ ਜਦੋਂ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਸਮਾਗਮ ਵਾਲੀ ਥਾਂ ਨੇੜੇ ਆਏ ਤਾਂ ਕਿਸਾਨਾਂ ਦੀ ਨਾਅਰੇਬਾਜ਼ੀ ਪਹਿਲਾਂ ਨਾਲੋਂ ਵੀ ਉੱਚੀ ਹੋ ਗਈ। ਕਿਸਾਨਾਂ ਦਾ ਰੋਹ ਦੇਖ ਕੇ ਗਰੇਵਾਲ ਕਾਲੇ ਸ਼ੀਸ਼ਿਆਂ ਵਾਲੀ ਗੱਡੀ ਨੂੰ ਬਿਨਾਂ ਰੋਕੇ ਪੰਡਾਲ ਵਿੱਚ ਪੁੱਜੇ। ਉਨ੍ਹਾਂ ਕਿਹਾ ਕਿ ਢਾਬੀ ਗੁੱਜਰਾਂ ਬਾਰਡਰ ਉੱਤੇ ਹਰਿਆਣਾ ਪੁਲੀਸ ਵੱਲੋਂ ਕੀਤੇ ਗਏ ਤਸ਼ੱਦਦ ਦੌਰਾਨ ਸ਼ਹੀਦ ਤੇ ਜ਼ਖ਼ਮੀ ਹੋਏ ਇਕੱਲੇ ਇਕੱਲੇ ਕਿਸਾਨ ਦੇ ਘਰ ਜਾ ਕੇ ਉਨ੍ਹਾਂ ਦੁੱਖ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਹਾਈ ਕਮਾਂਡ ਤੱਕ ਕਿਸਾਨਾਂ ਦੀ ਗੱਲ ਪਹੁੰਚਾਈ ਹੈ। ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਦੋਸ਼ ਲਗਾਇਆ ਕਿ ਭਾਜਪਾ ਦਾ ਵਿਰੋਧ ਕਾਂਗਰਸ ਅਤੇ ਆਮ ਆਦਮੀ ਪਾਰਟੀ ਸਣੇ ਅਕਾਲੀ ਦਲ ਰਲ ਕੇ ਕਰਵਾ ਰਿਹਾ ਹੈ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਕੁੱਲ ਹਿੰਦ ਕਿਸਾਨ ਸਭਾ 1936 , ਕਿਰਤੀ ਕਿਸਾਨ ਯੂਨੀਅਨ ਅਤੇ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਨੇ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ। ਕਿਸਾਨ ਆਗੂ ਕੁਲਵੰਤ ਸਿੰਘ ਮੌਲਵੀਵਾਲਾ, ਸੁਖਦੇਵ ਸਿੰਘ ਹਰਿਆਊ, ਅਮਰੀਕ ਸਿੰਘ, ਸਾਹਿਬ ਸਿੰਘ ਦੁਤਾਲ, ਗੁਰਵਿੰਦਰ ਸਿੰਘ ਦੇਧਨਾ ਅਤੇ ਮਲਕੀਤ ਸਿੰਘ ਨਿਆਲ ਨੇ ਐਲਾਨ ਕੀਤਾ ਕਿ ਭਾਜਪਾ ਉਮੀਦਵਾਰਾਂ ਦਾ ਵਿਰੋਧ ਜਾਰੀ ਰਹੇਗਾ।