ਉਪਜਾਊ ਸ਼ਕਤੀ ਦੇ ਮੁਲਾਂਕਣ ਲਈ ਮਿੱਟੀ ਦੀ ਜਾਂਚ

ਉਪਜਾਊ ਸ਼ਕਤੀ ਦੇ ਮੁਲਾਂਕਣ ਲਈ ਮਿੱਟੀ ਦੀ ਜਾਂਚ

ਖੇਤੀ ਦੀ ਸਫ਼ਲਤਾ ਨੂੰ ਨਿਰਧਾਰਤ ਕਰਨ ਲਈ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਜਾਨਣਾ ਜ਼ਰੂਰੀ ਹੈ। ਇਹ ਸ਼ਕਤੀ ਬੂਟਿਆਂ ਦੇ ਸਹੀ ਵਿਕਾਸ ਅਤੇ ਉਤਪਾਦਨ ਲਈ ਜ਼ਰੂਰੀ ਖ਼ੁਰਾਕੀ ਤੱਤ ਪ੍ਰਦਾਨ ਕਰਨ ਦੀ ਯੋਗਤਾ ਨੂੰ ਦਰਸਾਉਂਦੀ ਹੈ। ਹਾਲਾਂਕਿ, ਜਲਵਾਯੂ, ਮਿੱਟੀ ਦੀ ਕਿਸਮ ਅਤੇ ਫ਼ਸਲੀ ਪ੍ਰਬੰਧ ਆਦਿ ਵਰਗੇ ਕਾਰਨ ਵੀ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਦਲ ਸਕਦੇ ਹਨ। ਇਸ ਲਈ ਸਿਹਤਮੰਦ ਫ਼ਸਲਾਂ ਨੂੰ ਯਕੀਨੀ ਬਣਾਉਣ ਲਈ ਮਿੱਟੀ ਦੀ ਉਪਜਾਊ ਸ਼ਕਤੀ ਦਾ ਮੁਲਾਂਕਣ ਕਰਨਾ ਜ਼ਰੂਰੀ ਹੈ।  ਅਨੁਕੂਲ ਫ਼ਸਲ ਵਿਕਾਸ: ਬੂਟਿਆਂ ਨੂੰ ਸਹੀ ਵਿਕਾਸ ਅਤੇ ਚੰਗੇ ਝਾੜ ਲਈ ਕਈ ਤਰ੍ਹਾਂ ਦੇ ਖ਼ੁਰਾਕੀ ਤੱਤਾਂ ਦੀ ਲੋੜ ਹੁੰਦੀ ਹੈ। ਇਸ ਲਈ ਮਿੱਟੀ ਦੀ ਜਾਂਚ ਨਾਲ ਇਹ ਨਿਰਧਾਰਤ ਕੀਤਾ ਜਾ ਸਕਦਾ ਹੈ ਕਿ ਮਿੱਟੀ ਵਿੱਚ ਕਿਹੜੇ ਖ਼ੁਰਾਕੀ ਤੱਤਾਂ ਦੀ ਘਾਟ ਅਤੇ ਕਿੰਨਾਂ ਦੀ ਬਹੁਤਾਤ ਹੈ। ਇਸ ਜਾਣਕਾਰੀ ਤੋਂ ਫ਼ਸਲ ਦੇ ਅਨੁਕੂਲ ਵਿਕਾਸ ਨੂੰ ਯਕੀਨੀ ਬਣਾਉਣ ਲਈ ਲੋੜੀਂਦੀਆਂ ਸੋਧਾਂ ਕੀਤੀਆਂ ਜਾ ਸਕਦੀਆਂ ਹਨ।  ਲਾਗਤ-ਪ੍ਰਭਾਵਸ਼ਾਲੀ: ਮਿੱਟੀ ਦੀ ਜਾਂਚ ਨਾਲ ਬੇਲੋੜੀਆਂ ਖਾਦਾਂ ਦੀ ਵਰਤੋਂ ਤੋਂ ਬਚਣ ਵਿੱਚ ਮਦਦ ਮਿਲ ਸਕਦੀ ਹੈ। ਇਸ ਨਾਲ ਨਾ ਸਿਰਫ਼ ਸਰੋਤਾਂ ਦੀ ਬਰਬਾਦੀ, ਸਗੋਂ ਵਾਤਾਵਰਨ ’ਤੇ ਪੈ ਰਹੇ ਬੁਰੇ ਪ੍ਰਭਾਵਾਂ ਦੇ ਨੁਕਸਾਨ ਤੋਂ ਵੀ ਬਚਿਆ ਜਾ ਸਕਦਾ ਹੈ। ਜਾਂਚ ਨਾਲ ਸਹੀ ਖ਼ੁਰਾਕੀ ਲੋੜਾਂ ਨੂੰ ਜਾਣ ਕੇ, ਸਿਰਫ਼ ਲੋੜੀਂਦੀਆਂ ਖਾਦਾਂ ਨੂੰ ਹੀ ਵਰਤ ਕੇ ਕਿਸਾਨ ਪੈਸੇ ਬਚਾ ਸਕਦੇ ਹਨ।  ਖ਼ੁਰਾਕੀ ਤੱਤਾਂ ਦੀ ਘਾਟ: ਖ਼ੁਰਾਕੀ ਤੱਤਾਂ ਦੀ ਘਾਟ ਕਾਰਨ ਵਿਕਾਸ ਰੁਕ ਸਕਦਾ ਹੈ, ਪੈਦਾਵਾਰ ਘਟ ਸਕਦੀ ਹੈ। ਇੱਥੋਂ ਤੱਕ ਕਿ ਫ਼ਸਲ ਬਰਬਾਦ ਵੀ ਹੋ ਸਕਦੀ ਹੈ। ਇਸ ਲਈ ਨਿਯਮਤ ਤੌਰ ’ਤੇ ਜਾਂਚ ਕਰਵਾ ਕੇ, ਘਾਟ ਆਉਣ ਤੋਂ ਪਹਿਲਾਂ ਹੀ ਹੱਲ ਕੀਤਾ ਜਾ ਸਕਦਾ ਹੈ। ਬੂਟਿਆਂ ਨੂੰ ਆਪਣੇ ਵਾਧੇ ਅਤੇ ਵਿਕਾਸ ਲਈ 17 ਜ਼ਰੂਰੀ ਖ਼ੁਰਾਕੀ ਤੱਤਾਂ ਦੀ ਲੋੜ ਹੁੰਦੀ ਹੈ, ਜੋ ਉਹ ਮਿੱਟੀ, ਪਾਣੀ ਅਤੇ ਹਵਾ ਤੋਂ ਪ੍ਰਾਪਤ ਕਰਦੇ ਹਨ। ਪੰਜਾਬ ਵਿੱਚ ਜਿੱਥੇ ਫ਼ਸਲਾਂ ਦੀ ਘਣਤਾ ਲਗਪਗ 200 ਫ਼ੀਸਦੀ ਤੋਂ ਵੱਧ ਹੈ, ਉੱਥੇ ਮਿੱਟੀ ਅਤੇ ਬੂਟਿਆਂ ਦੋਵਾਂ ਵਿੱਚ ਕੁਝ ਜ਼ਰੂਰੀ ਖ਼ੁਰਾਕੀ ਤੱਤਾਂ ਦੀ ਘਾਟ ਆਉਣ ਲੱਗ ਪਈ ਹੈ। ਇਹ ਮੁੱਖ ਤੌਰ ’ਤੇ ਇੱਕੋ ਹੀ ਖ਼ੁਰਾਕੀ ਤੱਤ ਦੀ ਅਸੰਤੁਲਿਤ ਵਰਤੋਂ ਕਾਰਨ ਹੁੰਦਾ ਹੈ, ਜਿਸ ਨਾਲ ਦੂਜੇ ਖ਼ੁਰਾਕੀ ਤੱਤਾਂ ਦੀ ਅਣ-ਉਪਲਬਧਤਾ ਜਾਂ ਜ਼ਹਿਰੀਲੇਪਣ ਹੋ ਸਕਦਾ ਹੈ। ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਮਿੱਟੀ ਖ਼ੁਰਾਕੀ ਤੱਤਾਂ ਦੇ ਭੰਡਾਰ ਵਜੋਂ ਕੰਮ ਕਰਦੀ ਹੈ, ਪਰ ਇਨ੍ਹਾਂ ਖ਼ੁਰਾਕੀ ਤੱਤਾਂ ਨੂੰ ਨਿਯਮਤ ਤੌਰ ’ਤੇ ਮੁੜ ਭਰਨ ਤੋਂ ਬਿਨਾਂ ਲਗਾਤਾਰ ਕੱਢਣ ਨਾਲ ਇਨ੍ਹਾਂ ਤੱਤਾਂ ਦੀ ਘਾਟ ਹੋ ਜਾਵੇਗੀ। ਭਾਰਤ ਸਰਕਾਰ ਨੇ ਫਰਵਰੀ 2015 ਵਿੱਚ ‘ਸੋਇਲ ਹੈਲਥ ਕਾਰਡ’ ਸਕੀਮ ਸ਼ੁਰੂ ਕੀਤੀ। ਇਸ ਸਕੀਮ ਦਾ ਉਦੇਸ਼ ਕਿਸਾਨਾਂ ਦੇ ਖੇਤਾਂ ਦੀ ਮਿੱਟੀ ਪਰਖ ਰਾਹੀਂ ਖਾਦ ਦੀ ਵਰਤੋਂ ਦੇ ਸਹੀ ਸਮੇਂ, ਮਾਤਰਾ, ਕਿਸਮ ਅਤੇ ਵਿਧੀ ਬਾਰੇ ਪੂਰੀ ਜਾਣਕਾਰੀ ਪ੍ਰਦਾਨ ਕਰਨਾ ਹੈ। ਸਰਕਾਰ ਕਿਸਾਨਾਂ ਨੂੰ ਇਸ ਕਾਰਡ ਰਾਹੀਂ ਖੇਤੀ ਦੀਆਂ ਖ਼ੁਰਾਕੀ ਲੋੜਾਂ ਦੀ ਸਮਝਦਾਰੀ ਨਾਲ ਵਰਤੋਂ ਕਰ ਕੇ ਉਨ੍ਹਾਂ ਦੇ ਉਤਪਾਦਨ ਵਧਾਉਣ ਵਿੱਚ ਮਦਦ ਕਰਨ ਦਾ ਟੀਚਾ ਰੱਖਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ), ਲੁਧਿਆਣਾ ਵੀ ਕਿਸਾਨਾਂ ਨੂੰ ਉਨ੍ਹਾਂ ਦੇ ਖੇਤਾਂ ਦੇ ਮਿੱਟੀ ਦੇ ਨਮੂਨਿਆਂ ਦੀ ਜਾਂਚ ਰਾਹੀਂ ਸੋਇਲ ਹੈਲਥ ਕਾਰਡ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। ਭੂਮੀ ਵਿਗਿਆਨ ਵਿਭਾਗ, ਪੀਏਯੂ, ਲੁਧਿਆਣਾ ਅਤੇ ਪੰਜਾਬ ਦੇ ਲਗਪਗ ਹਰ ਜ਼ਿਲ੍ਹੇ ਵਿੱਚ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰ ਬਹੁਤ ਹੀ ਮਾਮੂਲੀ ਫੀਸਾਂ ’ਤੇ ਮਿੱਟੀ ਪਰਖ ਸੇਵਾਵਾਂ ਪ੍ਰਦਾਨ ਕਰਦੇ ਹਨ। ਸੋਇਲ ਹੈਲਥ ਕਾਰਡ ਮਿੱਟੀ ਦੀ ਗੁਣਵੱਤਾ ਅਤੇ ਉਪਜਾਊ ਸ਼ਕਤੀ ਬਾਰੇ ਕੀਮਤੀ ਜਾਣਕਾਰੀ ਪ੍ਰਦਾਨ ਕਰਦਾ ਹੈ, ਕਿਸਾਨਾਂ ਨੂੰ ਖਾਦ ਦੀ ਵਰਤੋਂ ਬਾਰੇ ਸਹੀ ਫ਼ੈਸਲੇ ਲੈਣ ਦੇ ਯੋਗ ਬਣਾਉਂਦਾ ਹੈ। ਇਨ੍ਹਾਂ ਕਾਰਡਾਂ ਵਿੱਚ ਹਰ ਵਿਲੱਖਣ ਖੇਤ ਲਈ ਲੋੜੀਂਦੀਆਂ ਖਾਦਾਂ ਲਈ ਫ਼ਸਲ-ਵਿਸ਼ੇਸ਼ ਸਿਫ਼ਾਰਸ਼ਾਂ ਸ਼ਾਮਲ ਹੁੰਦੀਆਂ ਹਨ। ਮਿੱਟੀ ਪਰਖ ਰਿਪੋਰਟਾਂ ਕਿਸ ਕਿਸਮ ਦੀ ਜਾਣਕਾਰੀ ਪ੍ਰਦਾਨ ਕਰਦੀਆਂ ਹਨ: ਮਿੱਟੀ ਦੇ ਖਾਰੀ ਅੰਗ, ਲੂਣਾਂ ਦੀ ਮਾਤਰਾ, ਜੈਵਿਕ ਕਾਰਬਨ, ਉਪਲਬਧ ਫਾਸਫੋਰਸ, ਉਪਲਬਧ ਪੋਟਾਸ਼, ਅਤੇ ਮਿੱਟੀ ਦੀ ਬਣਤਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਮਿੱਟੀ ਪਰਖ ਰਿਪੋਰਟਾਂ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ। ਇਕੱਠੀ ਕੀਤੀ ਜਾਣਕਾਰੀ ਦੇ ਆਧਾਰ ’ਤੇ ਕਿਸਾਨਾਂ ਨੂੰ ਰਸਾਇਣਕ ਅਤੇ ਜੈਵਿਕ ਖਾਦਾਂ ਦਾ ਸੰਤੁਲਿਤ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।  ਮਿੱਟੀ ਦਾ ਖਾਰੀ ਅੰਗ: ਮਿੱਟੀ ਦਾ ਤੇਜ਼ਾਬੀਪਣ ਜਾਂ ਖਾਰਾਪਣ ਇਸ ਦੇ ‘ਖਾਰੀਅੰਗ’ ਭਾਵ ‘ਪੀ ਐੱਚ’ ਦੁਆਰਾ ਨਿਰਧਾਰਤ ਕੀਤਾ ਜਾਂਦਾ ਹੈ। ਪੀ ਐੱਚ ਦੇ ਆਧਾਰ ’ਤੇ ਮਿੱਟੀ ਨੂੰ ਤੇਜ਼ਾਬੀ (6.5 ਤੋਂ ਘੱਟ), ਠੀਕ (6.5 ਤੋਂ 8.8), ਖਾਰੀ (8.8 ਤੋਂ 9.3 ਤੱਕ), ਜਾਂ ਕਾਲਾ ਕੱਲਰ (9.3 ਤੋਂ ਵੱਧ) ਦੇ ਰੂਪ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ। ਪੰਜਾਬ ਵਿੱਚ ਤੇਜ਼ਾਬੀ ਮਿੱਟੀਆਂ ਬਹੁਤ ਘੱਟ ਮਿਲਦੀਆਂ ਹਨ ਜਿਨ੍ਹਾਂ ਨੂੰ ਲੋੜੀਂਦਾ ਚੂਨਾ ਪਾ ਕੇ ਸੁਰਜੀਤ ਕੀਤਾ ਜਾ ਸਕਦਾ ਹੈ। ਖਾਰੀਆਂ ਮਿੱਟੀਆਂ ਨੂੰ ਠੀਕ ਕਰਨ ਲਈ ਹਰੀ ਖਾਦ ਦੀਆਂ ਫ਼ਸਲਾਂ ਅਤੇ ਚੰਗੀ ਤਰ੍ਹਾਂ ਸੜੀ ਹੋਈ ਰੂੜੀ ਦੀ ਖਾਦ ਦੀ ਵਰਤੋਂ ਕੀਤੀ ਜਾ ਸਕਦੀ ਹੈ। ਖਾਰੀ ਅੰਗ ਕਾਲੇ ਕੱਲਰ ਵਾਲੀ ਸਥਿਤੀ ਵਿੱਚ ਜਿਪਸਮ ਪਾ ਕੇ ਸੁਧਾਰਿਆ ਜਾ ਸਕਦਾ ਹੈ। ਇਨ੍ਹਾਂ ਜ਼ਮੀਨਾਂ ਵਿੱਚ ਆਮ ਨਾਲੋਂ 25 ਫ਼ੀਸਦੀ ਵੱਧ ਨਾਈਟ੍ਰੋਜਨ ਖਾਦ ਪਾਉਣ ਦੀ ਸਲਾਹ ਦਿੱਤੀ ਜਾਂਦੀ ਹੈ।