‘ਸ਼ਹਿਜ਼ਾਦੇ’ ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੈ ਗੁਆਂਢੀ ਮੁਲਕ: ਮੋਦੀ

‘ਸ਼ਹਿਜ਼ਾਦੇ’ ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੈ ਗੁਆਂਢੀ ਮੁਲਕ: ਮੋਦੀ

ਆਨੰਦ/ਸੁਰੇਂਦਰਨਗਰ (ਗੁਜਰਾਤ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ਨੂੰ ‘ਪਾਕਿਸਤਾਨ ਦਾ ਮੁਰੀਦ’ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਭਾਰਤ ਦੀ ਸਭ ਤੋਂ ਪੁਰਾਣੀ ਪਾਰਟੀ ਅੱਜ ਜਦੋਂ ਮਰ ਰਹੀ ਹੈ ਤਾਂ ਉਸ ਲਈ ਗੁਆਂਢੀ ਮੁਲਕ ਦੇ ਨੇਤਾ ਦੁਆ ਕਰ ਰਹੇ ਹਨ ਅਤੇ ‘ਸ਼ਹਿਜ਼ਾਦੇ’ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਕਾਹਲੇ ਹਨ ਕਿਉਂਕਿ ਦੇਸ਼ ਦੇ ਦੁਸ਼ਮਣ ਇੱਥੇ ਇੱਕ ਕਮਜ਼ੋਰ ਸਰਕਾਰ ਚਾਹੁੰਦੇ ਹਨ। ਇਸੇ ਦੌਰਾਨ ਪ੍ਰਧਾਨ ਮੰਤਰੀ ਭਗਵਾਨ ਰਾਮ ਤੇ ਭਗਵਾਨ ਸ਼ਿਵ ਬਾਰੇ ਕੀਤੀ ਗਈ ਟਿੱਪਣੀ ਲਈ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਨਿਸ਼ਾਨੇ ’ਤੇ ਲਿਆ ਤੇ ਦੋਸ਼ ਲਾਇਆ ਕਿ ਵਿਰੋਧੀ ਪਾਰਟੀ ਆਪਣੀ ਤੁਸ਼ਟੀਕਰਨ ਦੀ ਰਾਜਨੀਤੀ ਕਾਰਨ ਹਿੰਦੂਆਂ ਵਿਚਾਲੇ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੱਧ ਗੁਜਰਾਤ ਦੇ ਆਨੰਦ ਸ਼ਹਿਰ ’ਚ ਆਨੰਦ ਤੇ ਖੇੜਾ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰਾਂ ਦੀ ਹਮਾਇਤ ’ਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਇਹ ਦੋਸ਼ ਵੀ ਲਾਇਆ ਕਿ ਕਾਂਗਰਸ ਦੇਸ਼ ਦੇ ਸੰਵਿਧਾਨ ’ਚ ਤਬਦੀਲੀ ਕਰਕੇ ਮੁਸਲਮਾਨਾਂ ਨੂੰ ਅਨੁਸੂਚਿਤ ਜਾਤਾਂ, ਅਨੁਸੂਚਿਤ ਕਬੀਲਿਆਂ ਤੇ ਓਬੀਸੀ ਭਾਈਚਾਰਿਆਂ ਦਾ ਰਾਖਵਾਂਕਰਨ ਦੇਣਾ ਚਾਹੁੰਦੀ ਹੈ। ਕਾਂਗਰਸ ਨੂੰ ਪਾਕਿਸਤਾਨ ਨਾਲ ਜੋੜਨ ਸਬੰਧੀ ਮੋਦੀ ਦਾ ਬਿਆਨ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਇੱਕ ਦਿਨ ਪਹਿਲਾਂ ਪਾਕਿਸਤਾਨ ’ਚ ਇਮਰਾਨ ਖਾਨ ਦੀ ਕੈਬਨਿਟ ’ਚ ਮੰਤਰੀ ਰਹੇ ਚੌਧਰੀ ਫਵਾਦ ਹੁਸੈਨ ਨੇ ਕਥਿਤ ਤੌਰ ’ਤੇ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਰਾਹੁਲ ਗਾਂਧੀ ਦੀ ਇੱਕ ਵੀਡੀਓ ਸਾਂਝੀ ਕੀਤੀ ਸੀ ਤੇ ਉਨ੍ਹਾਂ ਦੀ ਤਾਰੀਫ ਕੀਤੀ ਸੀ। ਮੋਦੀ ਨੇ ਕਿਹਾ, ‘ਇੱਥੇ ਕਾਂਗਰਸ ਮਰ ਰਹੀ ਹੈ ਤੇ ਇਸੇ ਲਈ ਪਾਕਿਸਤਾਨ ਰੋ ਰਿਹਾ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਾਕਿਸਤਾਨੀ ਨੇਤਾ ਹੁਣ ਕਾਂਗਰਸ ਲਈ ਦੁਆ ਕਰ ਰਹੇ ਹਨ। ਪਾਕਿਸਤਾਨ ‘ਸ਼ਹਿਜ਼ਾਦੇ’ (ਰਾਹੁਲ ਗਾਂਧੀ ਵੱਲ ਇਸ਼ਾਰਾ ਕਰਦਿਆਂ) ਨੂੰ ਅਗਲਾ ਪ੍ਰਧਾਨ ਮਤਰੀ ਬਣਾਉਣ ਲਈ ਕਾਹਲਾ ਹੈ। ਇਹ ਕੋਈ ਹੈਰਾਨ ਕਰਨ ਵਾਲੀ ਗੱਲ ਨਹੀਂ ਹੈ ਕਿਉਂਕਿ ਅਸੀਂ ਪਹਿਲਾਂ ਹੀ ਜਾਣਦੇ ਹਾਂ ਕਿ ਕਾਂਗਰਸ ਪਾਕਿਸਤਾਨ ਦੀ ਮੁਰੀਦ ਹੈ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਭਰ ਦੇ ਲੋਕ ਹੁਣ ਕਹਿ ਰਹੇ ਹਨ ਕਿ ਭਾਰਤ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਉੱਭਰਦਾ ਮੁਲਕ ਹੈ ਅਤੇ ਉਸ ਨੂੰ ‘ਆਲਮੀ ਮਿੱਤਰ’ ਵਜੋਂ ਦੇਖਿਆ ਜਾਂਦਾ ਹੈ ਜੋ ਦੋ ਮੁਲਕਾਂ ਵਿਚਾਲੇ ਵਿਵਾਦ ਹੱਲ ਕਰ ਸਕਦਾ ਹੈ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨੇ ਸੁਰੇਂਦਰਨਗਰ ਤੇ ਭਾਵਨਗਰ ਲੋਕ ਸਭਾ ਸੀਟਾਂ ’ਤੇ ਭਾਜਪਾ ਉਮੀਦਵਾਰਾਂ ਦੇ ਹੱਕ ’ਚ ਰੈਲੀਆਂ ਕਰਦਿਆਂ ਕਿਹਾ, ‘ਹੁਣ ਕਾਂਗਰਸ ਹਿੰਦੂਆਂ ਵਿਚਾਲੇ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਭਗਵਾਨ ਰਾਮ ਤੇ ਭਗਵਾਨ ਸ਼ਿਵ ਬਾਰੇ ਬਹੁਤ ਦੀ ਖਤਰਨਾਕ ਬਿਆਨ ਦਿੱਤਾ ਹੈ। ਉਹ ਹਿੰਦੂ ਭਾਈਚਾਰੇ ਨੂੰ ਵੰਡਣ ਦੀ ਖੇਡ ਖੇਡ ਰਹੇ ਹਨ।’ ਪ੍ਰਧਾਨ ਮੰਤਰੀ ਨੇ ਇਹ ਵੀ ਦੋਸ਼ ਲਾਇਆ ਕਿ ਕਾਂਗਰਸ ਨੇ ਆਪਣੇ ਮੈਨੀਫੈਸਟੋ ’ਚ ਸਾਰੇ ਸਰਕਾਰੀ ਟੈਂਡਰਾਂ ਦੀ ਅਲਾਟਮੈਂਟ ’ਚ ਘੱਟ ਗਿਣਤੀਆਂ ਲਈ ਇੱਕ ਵੱਖਰੇ ਕੋਟੇ ਦੀ ਤਜਵੀਜ਼ ਪੇਸ਼ ਕੀਤੀ ਹੈ।