ਲੰਗਾਹ ਦਾ ਲੜਕਾ ਅਤੇ ਦੋਸਤ ਸ਼ਿਮਲਾ ਵਿੱਚ ਹੈਰੋਇਨ ਸਣੇ ਕਾਬੂ

ਲੰਗਾਹ ਦਾ ਲੜਕਾ ਅਤੇ ਦੋਸਤ ਸ਼ਿਮਲਾ ਵਿੱਚ ਹੈਰੋਇਨ ਸਣੇ ਕਾਬੂ

ਗੁਰਦਾਸਪੁਰ- ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਲੜਕੇ ਪਰਕਾਸ਼ ਸਿੰਘ ਨੂੰ ਮੰਗਲਵਾਰ ਨੂੰ ਸ਼ਿਮਲਾ ਪੁਲੀਸ ਨੇ ਹੋਟਲ ਦੇ ਇਕ ਕਮਰੇ ’ਚੋਂ ਚਾਰ ਦੋਸਤਾਂ ਸਣੇ ਹੈਰੋਇਨ ਨਾਲ ਕਾਬੂ ਕੀਤਾ ਹੈ। ਇਨ੍ਹਾਂ ਵਿੱਚ ਇੱਕ ਲੜਕੀ ਵੀ ਸ਼ਾਮਲ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ 42.89 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ। ਦੱਸਣਯੋਗ ਹੈ ਕਿ ਕਰੀਬ ਚਾਰ ਸਾਲ ਪਹਿਲਾਂ ਪਰਕਾਸ਼ ਸਿੰਘ ਖ਼ਿਲਾਫ਼ ਗੁਰਦਾਸਪੁਰ ਦੇ ਧਾਰੀਵਾਲ ਥਾਣੇ ਵਿੱਚ ਹੈਰੋਇਨ ਦਾ ਕੇਸ ਦਰਜ ਹੋਇਆ ਸੀ ਅਤੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ ਧਾਰੀਵਾਲ ਵਿੱਚ ਫੜੇ ਜਾਣ ਮਗਰੋਂ ਪਰਕਾਸ਼ ਸਿੰਘ ਜ਼ਮਾਨਤ ’ਤੇ ਬਾਹਰ ਆ ਗਿਆ ਸੀ ਪਰ ਬਾਅਦ ਵਿੱਚ ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਉਸ ਨੂੰ 3 ਜਨਵਰੀ ਨੂੰ ਭਗੌੜਾ ਐਲਾਨਿਆ ਗਿਆ ਸੀ। ਸ਼ਿਮਲਾ ਦੇ ਐੱਸਪੀ ਸੰਜੀਵ ਕੁਮਾਰ ਗਾਂਧੀ ਨੇ ਦੱਸਿਆ ਕਿ ਬਾਕੀ ਚਾਰ ਮੁਲਜ਼ਮਾਂ ’ਚ ਅਜੈ ਕੁਮਾਰ, ਸ਼ੁਭਮ ਕੌਸ਼ਲ ਅਤੇ ਬਲਬਿੰਦਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਕਿਨੌਰ ਜ਼ਿਲ੍ਹੇ ਦੀ ਅਬਨੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਜਾਂਚ ਚੱਲ ਰਹੀ ਹੈ। ਇਸ ਸਬੰਧੀ ਜਦੋਂ ਸੁੱਚਾ ਸਿੰਘ ਲੰਗਾਹ ਦੇ ਨੰਬਰ ’ਤੇ ਫ਼ੋਨ ਕੀਤਾ ਗਿਆ ਤਾਂ ਫ਼ੋਨ ਚੁੱਕਣ ਵਾਲੇ ਵਿਅਕਤੀ ਨੇ ਕਿਹਾ ਕਿ ਇਹ ਨੰਬਰ ਉਨ੍ਹਾਂ ਦਾ ਨਹੀਂ ਹੈ। ਜਦੋਂ ਉਨ੍ਹਾਂ ਦੇ ਇਕ ਕਰੀਬੀ ਨਾਲ ਫ਼ੋਨ ’ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਲੰਗਾਹ ਇਸ ਸਮੇਂ ਚੰਡੀਗੜ੍ਹ ’ਚ ਹਨ ਅਤੇ ਉਹ ਇਸ ਸਬੰਧੀ ਕੁਝ ਵੀ ਨਹੀਂ ਕਹਿਣਾ ਚਾਹੁੰਦੇ ਹਨ।