ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ’ਚ ਮਹਾਂਪੁਰਸ਼ਾਂ ਦੀ ਯਾਦ ਮਨਾਈ

ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ’ਚ ਮਹਾਂਪੁਰਸ਼ਾਂ ਦੀ ਯਾਦ ਮਨਾਈ

9 ਸਤੰਬਰ ਨੂੰ ‘ਸਾਚਾ ਗੁਰੂ ਲਾਧੋ ਰੇ’ ਸਮਾਗਮਾ ’ਚ ਵੀ ਸੰਗਤਾਂ ਨੂੰ ਹਾਜ਼ਰੀ ਭਰਨ ਦਾ ਦਿੱਤਾ ਸੱਦਾ
ਨਿਊਯਾਰਕ (ਬਲਦੇਵ ਸਿੰਘ/ਪੰਜਾਬੀ ਰਾਈਟਰ) - ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਵਿਖੇ ਸੰਤ ਬਾਬਾ ਜਗੀਰ ਸਿੰਘ ਐੱਨ.ਆਰ.ਆਈ ਸਭਾ ਵਲੋਂ ਨਿਊਯਾਰਕ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ, ਪੰਥ ਰਤਨ ਬਾਬਾ ਹਰਬੰਸ ਸਿੰਘ ਕਾਰ ਸੇਵਾ ਵਾਲੇ, ਬਾਬਾ ਜਗੀਰ ਸਿੰਘ ਕਾਰ ਸੇਵਾ ਵਾਲੇ ਪਿਹੋਵਾ, ਬਾਬਾ ਦਲੀਪ ਸਿੰਘ ਕਾਰ ਸੇਵਾ ਅਤੇ ਸੰਤ ਬਾਬਾ ਮਾਨ ਸਿੰਘ ਦੀ ਮਿੱਠੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਏ ਗਏ। ਸਵੇਰ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਅਮਰੀਕ ਸਿੰਘ ਗੁਰਦਾਸਪੁਰ ਅਤੇ ਭਾਈ ਗੁਰਪ੍ਰੀਤ ਸਿੰਘ ਜੀ ਦੇ ਜਥੇ ਵਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਸਪਾਲ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸੰਤ ਪਦ ਦੀ ਵਿਸਥਾਰ ਨਾਲ ਵਿਆਖਿਆ ਕੀਤੀ। ਸ੍ਰੀ ਦਰਬਾਰ ਸਾਹਿਬ ਅੰਮਿ੍ਰਤਸਰ ਦੇ ਸਾਬਕਾ ਹੈੱਡ ਗ੍ਰੰਥੀ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਸੰਗਤਾਂ ਦੇ ਭਰਵੇਂ ਇਕੱਠ ਵਿਚ ਕਥਾ ਵਿਚਾਰਾਂ ਕਰਦਿਆਂ ਕਿਹਾ ਕਿ ਸਾਨੂੰ ਮਹਾਂਪੁਰਸ਼ਾਂ ਦੇ ਪਰਉਪਕਾਰਾਂ ਅਤੇ ਜੀਵਨ ਤੋਂ ਸੇਧ ਲੈਂਦਿਆਂ ਗੁਰਬਾਣੀ ਅਨੁਸਾਰ ਜੀਵਨ ਜਿਊਣਾ ਚਾਹੀਦਾ ਹੈ। ਪੰਥ ਪ੍ਰਸਿੱਧ ਢਾਡੀ ਭਾਈ ਮੋਹਨ ਸਿੰਘ ਬਡਾਨਾ ਦੇ ਜਥੇ ਵਲੋਂ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਡਾਕਟਰ ਪਰਮਜੀਤ ਸਿੰਘ ਸਰੋਆ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਗੁਰੂ ਵਲੋਂ ਬਖਸ਼ੇ ਸਿਧਾਂਤ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਸਿਧਾਂਤ ਨੂੰ ਅਪਣਾਉਂਦਿਆਂ ਸੇਵਾ ਅਤੇ ਸਿਮਰਨ ਰਾਹੀਂ ਪਰਉਪਕਾਰੀ ਬਿਰਤੀ ਅਨੁਸਾਰ ਜੀਵਨ ਜਿਊਣਾ ਚਾਹੀਦਾ ਹੈ ਇਹੀ ਮਹਾਂਪੁਰਸ਼ਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਉਹਨਾਂ ਸੰਗਤਾਂ ਨੂੰ 9 ਸਤੰਬਰ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਅੰਮਿ੍ਰਤਸਰ ਵਿਖੇ ਸਲਾਨਾ ‘ਸਾਚਾ ਗੁਰੂ ਲਾਧੋ ਰੇ’ ਦਿਵਸ ਮੌਕੇ ਪੁੱਜਣ ਲਈ ਸੱਦਾ ਦਿੱਤਾ ਅਤੇ ਦੱਸਿਆ ਕਿ 10 ਜੂਨ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਵੀ ਇਹ ਦਿਵਸ ਮਨਾਇਆ ਜਾਵੇਗਾ। ਉਹਨਾਂ 14 ਸਤੰਬਰ ਨੂੰ ਬੇਗੋਵਾਲ ਅਤੇ ਪਿਹੋਵਾ ਅਤੇ 16 ਸਤੰਬਰ ਗੁਰਦੁਆਰਾ ਬੰਗਲਾ ਸਾਹਿਬ ਅਤੇ 17 ਸਤੰਬਰ ਨੂੰ ਪੰਜਥਰਾ ਸਾਹਿਬ ਵਿਖੇ ਹੋ ਰਹੇ ਸਮਾਗਮਾ ਬਾਰੇ ਸੰਗਤਾਂ ਨੂੰ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਸੰਗਤਾਂ ਨੂੰ ਸਾਬਕਾ ਪ੍ਰਧਾਨ ਰਘੁਬੀਰ ਸਿੰਘ ਬੌਬੀ ਨੇ ਵੀ ਸੰਬੋਧਨ ਕੀਤਾ ਅਤੇ ਮਹਾਂਪੁਰਸ਼ਾਂ ਦੇ ਜੀਵਨ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ। ਜਨਰਲ ਸਕੱਤਰ ਸੁਖਜਿੰਦਰ ਸਿੰਘ ਰਿੰਪੀ ਨੇ ਸਟੇਜ ਸਕੱਤਰ ਦੀ ਸੇਵਾ ਬਾਖੂਬੀ ਨਭਾਈ। ਸਮਾਗਮ ਦੀ ਸਮਾਪਤੀ ਮੌਕੇ ਪ੍ਰਧਾਨ ਦਲੇਰ ਸਿੰਘ ਖਾਲਸਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਪੁੱਜੀਆਂ ਸਖਸ਼ੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਭਾਰੀ ਗਿਣਤੀ ਵਿਚ ਪੁੱਜੀਆਂ ਸੰਗਤਾਂ ਲਈ ਜਿੱਥੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਉੱਥੇ ਬਾਹਰ ਫਰੂਟ, ਪੂਰੀ ਛੋਲੇ, ਗੋਲਗੱਪੇ ਅਤੇ ਪੀਜ਼ਾ ਦੇ ਸਟਾਲ ਲਗਾਏ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੀਤਮ ਸਿੰਘ ਗਿਲਜੀਆਂ, ਗੁਰਮੇਜ ਸਿੰਘ, ਹਿੰਮਤ ਸਿੰਘ ਸਰਪੰਚ, ਮਾਸਟਰ ਮਹਿੰਦਰ ਸਿੰਘ, ਗੁਰਮੀਤ ਸਿੰਘ ਮਹਿਮਦਪੁਰ, ਕੁਲਦੀਪ ਸਿੰਘ ਖਾਲਸਾ (ਸਾਰੇ ਸਾਬਕਾ ਪ੍ਰਧਾਨ), ਅਮਰੀਕ ਸਿੰਘ ਚੇਅਰਮੈਨ, ਦਲੀਪ ਸਿੰਘ ਅਤੇ ਪਿ੍ਰਤਪਾਲ ਸਿੰਘ ਖਜਾਨਚੀ, ਜਸਵਿੰਦਰ ਸਿੰਘ ਕਾਲਾ, ਜਸਵਿੰਦਰ ਸਿੰਘ ਮਾਣਾ, ਦਿਲਬਾਗ ਸਿੰਘ ਮਿਆਣੀ, ਸੁਖਜਿੰਦਰ ਸਿੰਘ ਟੀਟੂ ਸੁਭਾਨਪੁਰ, ਸਤਨਾਮ ਸਿੰਘ ਟਾਹਲੀ ਸਾਬਕਾ ਚੇਅਰਮੈਨ, ਕੁਲਵੰਤ ਸਿੰਘ ਨਡਾਲਾ, ਕਮਲਜੀਤ ਸਿੰਘ ਮਿਆਣੀ, ਮਹਿੰਦਰ ਸਿੰਘ ਮਹਿਮਦਪੁਰ, ਗੁਰਨਾਮ ਸਿੰਘ ਟਾਹਲੀ ਅਤੇ ਸੁਰਿੰਦਰ ਸਿੰਘ ਮੀਤ ਪ੍ਰਧਾਨ ਹਾਜ਼ਰ ਸਨ।