ਹਰਿਆਣਾ ਦੇ ਮਹਿੰਦਰਗੜ੍ਹ ’ਚ ਸਕੂਲ ਬੱਸ ਪਲਟੀ, ਛੇ ਬੱਚਿਆਂ ਦੀ ਮੌਤ

ਹਰਿਆਣਾ ਦੇ ਮਹਿੰਦਰਗੜ੍ਹ ’ਚ ਸਕੂਲ ਬੱਸ ਪਲਟੀ, ਛੇ ਬੱਚਿਆਂ ਦੀ ਮੌਤ

ਟੋਹਾਣਾ/ਚੰਡੀਗੜ੍ਹ- ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਵਿੱਚ ਅੱਜ ਈਦ ਵਾਲੇ ਦਿਨ ਛੁੱਟੀ ਹੋਣ ਦੇ ਬਾਵਜੂਦ ਵਿਦਿਆਰਥੀਆਂ ਨੂੰ ਸਕੂਲ ਲਿਜਾ ਰਹੀ ਬੱਸ ਦਰੱਖਤ ਨਾਲ ਟਕਰਾਉਣ ਮਗਰੋਂ ਪਲਟ ਗਈ। ਇਸ ਹਾਦਸੇ ਵਿੱਚ ਛੇ ਵਿਦਿਆਰਥੀਆਂ ਦੀ ਮੌਤ ਹੋ ਗਈ ਜਦੋਂਕਿ 37 ਹੋਰ ਜ਼ਖ਼ਮੀ ਗਏ। ਮ੍ਰਿਤਕਾਂ ਵਿੱਚ ਦੋ ਸਕੇ ਭਰਾ ਸਨ। ਜ਼ਖ਼ਮੀਆਂ ਵਿੱਚੋਂ ਕਈ ਵਿਦਿਆਰਥੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਹਿੰਦਰਗੜ੍ਹ ਦੇ ਐੱਸਪੀ ਅਰਸ਼ ਵਰਮਾ ਨੇ ਦੱਸਿਆ ਕਿ ਸਕੂਲ ਦੇ ਪ੍ਰਿੰਸੀਪਲ ਤੇ ਬੱਸ ਡਰਾਈਵਰ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹਰਿਆਣਾ ਸਰਕਾਰ ਨੇ ਇਸ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਬੱਸ ਡਰਾਈਵਰ ਕਥਿਤ ਨਸ਼ੇ ਵਿੱਚ ਸੀ ਅਤੇ ਵਾਹਨ ਕੋਲ ਫਿੱਟਨੈੱਸ ਸਰਟੀਫਿਕੇਟ ਤੇ ਹੋਰ ਦਸਤਾਵੇਜ਼ ਵੀ ਨਹੀਂ ਸਨ। ਹਸਪਤਾਲ ਵਿੱਚ ਜ਼ਖ਼ਮੀ ਬੱਚਿਆਂ ਦਾ ਹਾਲ-ਚਾਲ ਪੁੱਛਣ ਪੁੱਜੀ ਸਿੱਖਿਆ ਮੰਤਰੀ ਸੀਮਾ ਤ੍ਰਿਖਾ ਨੇ ਕਿਹਾ ਕਿ ਸਭ ਤੋਂ ਵੱਡੀ ਗ਼ਲਤੀ ਇਹ ਰਹੀ ਕਿ ਈਦ ਦੇ ਤਿਉਹਾਰ ਮੌਕੇ ਛੁੱਟੀ ਵਾਲੇ ਦਿਨ ਸਕੂਲ ਖੁੱਲ੍ਹਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਸਕੂਲ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤਾ ਗਿਆ ਹੈ। ਮ੍ਰਿਤਕ ਵਿਦਿਆਰਥੀਆਂ ਦੀ ਪਛਾਣ ਸਤਿਅਮ ਸ਼ਰਮਾ (16), ਯੁਵਰਾਜ (13), ਯਕੁਸ਼ (13), ਵੰਸ਼ ਉਰਫ਼ ਗੋਲੂ (15), ਰਿੰਕੀ ਉਰਫ਼ ਚੀਕੂ (14) ਅਤੇ ਆਸ਼ੂ (14) ਵਜੋਂ ਹੋਈ ਹੈ। ਇਹ ਹਾਦਸਾ ਸਵੇਰੇ ਲਗਪਗ 8.30 ਵਜੇ ਕਨੀਨਾ-ਦਾਦਰੀ ਮਾਰਗ ’ਤੇ ਉਂਹਾਣੀ ਨੇੜੇ ਉਸ ਸਮੇਂ ਵਾਪਰਿਆ ਜਦੋਂ ਕਿਸੇ ਵਾਹਨ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰਦਿਆਂ ਸਕੂਲੀ ਬੱਸ ਦਰੱਖਤ ਨਾਲ ਟਕਰਾਉਣ ਮਗਰੋਂ ਪਲਟ ਗਈ। ਜਾਣਕਾਰੀ ਮੁਤਾਬਕ ਈਦ ਦੇ ਤਿਉਹਾਰ ਮੌਕੇ ਪ੍ਰਾਈਵੇਟ ਸਕੂਲ ਜੀ.ਐੱਲ. ਪਬਲਿਕ ਸਕੂਲ ਕਨੀਨਾ ਦੇ ਪ੍ਰਬੰਧਕਾਂ ਵੱਲੋਂ ਛੁੱਟੀ ਨਹੀਂ ਕੀਤੀ ਗਈ ਸੀ। ਇਸ ਬੱਸ ਵਿੱਚ ਲਗਪਗ 45 ਬੱਚੇ ਸਵਾਰ ਸਨ। ਉਂਹਾਣੀ ਦੇ ਮਹਿਲਾ ਕਾਲਜ ਨੇੜੇ ਤੇਜ਼ ਰਫ਼ਤਾਰ ਬੱਸ ਬੇਕਾਬੂ ਹੋ ਗਈ ਅਤੇ ਡਰਾਈਵਰ ਧਰਮਿੰਦਰ ਨੇ ਛਾਲ ਮਾਰ ਦਿੱਤੀ। ਇਸ ਦੌਰਾਨ ਬੱਸ ਪਲਟਣ ਮਗਰੋਂ ਬੱਚਿਆਂ ’ਚ ਹਾਹਾਕਾਰ ਮੱਚ ਗਿਆ।