ਨਵੀਂ ਦਿੱਲੀ-ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਅੱਜ ਆਨਲਾਈਨ ਨਿਊਜ਼ ਪੋਰਟਲ ‘ਨਿਊਜ਼ਕਲਿਕ’ ਤੇ ਇਸ ਦੇ ਪੱਤਰਕਾਰਾਂ ਦੇ 30 ਟਿਕਾਣਿਆਂ ’ਤੇ ਛਾਪੇ ਮਾਰੇ। ਇਹ ਛਾਪੇ ਅਤਵਿਾਦ ਵਿਰੋਧੀ ਕਾਨੂੰਨ ਯੂਏਪੀਏ (ਗ਼ੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ) ਤਹਿਤ ਮਾਰੇ ਗਏ ਹਨ। ਪੁਲੀਸ ਨੇ ਮਗਰੋਂ ਨਿਊਜ਼ਕਲਿੱਕ ਦੇ ਦਫ਼ਤਰ ਨੂੰ ਸੀਲ ਕਰ ਦਿੱਤਾ। ਪੁਲੀਸ ਨੇ ਮਗਰੋਂ ਨਿਊਜ਼ਕਲਿੱਕ ਦੇ ਬਾਨੀ ਪ੍ਰਬੀਰ ਪੁਰਕਾਇਸਥ ਤੇ ਮਨੁੱਖੀ ਵਸੀਲਾ ਵਿਭਾਗ ਦੇ ਮੁਖੀ ਅਮਿਤ ਚੱਕਰਵਰਤੀ ਨੂੰ ਵਿਦੇਸ਼ ਤੋਂ ਹੁੰਦੀ ਫੰਡਿੰਗ ਕੇਸ ਦੀ ਜਾਂਚ ਦੇ ਸਬੰਧ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਚੱਕਰਵਰਤੀ ਦੇ ਪੋਰਟਲ ਤੇ ਇਸ ਕੇਸ ਨਾਲ ਸਬੰਧ ਬਾਰੇ ਫੌਰੀ ਕੋਈ ਜਾਣਕਾਰੀ ਨਹੀਂ ਮਿਲ ਸਕੀ। ਪੁਲੀਸ ਨੇ ਕਿਹਾ ਕਿ ਉਸ ਨੇ 37 ਪੁਰਸ਼ ਮਸ਼ਕੂਕਾਂ ਤੋਂ ਵਿਸ਼ੇਸ਼ ਸੈੱਲ ਦੇ ਦਫ਼ਤਰ ਵਿਚ ਜਦੋਂਕਿ 9 ਮਹਿਲਾ ਮਸ਼ਕੂਕਾਂ ਤੋਂ ਉਨ੍ਹਾਂ ਦੀ ਠਹਿਰ ਵਾਲੀਆਂ ਥਾਵਾਂ ’ਤੇ ਪੁੱਛ-ਪੜਤਾਲ ਕੀਤੀ। ਪੁਲੀਸ ਨੇ ਛਾਪਿਆਂ ਦੌਰਾਨ ਡਿਜੀਟਲ ਯੰਤਰ, ਦਸਤਾਵੇਜ਼ ਤੇ ਹੋਰ ਆਈਟਮਾਂ ਕਬਜ਼ੇ ਵਿੱਚ ਲੈਣ ਦਾ ਦਾਅਵਾ ਕੀਤਾ ਹੈ। ਨਿਊਜ਼ ਪੋਰਟਲ ਖਿਲਾਫ਼ ਸ਼ਿਕਾਇਤ ਮਿਲੀ ਸੀ ਕਿ ਉਸ ਵੱੱਲੋਂ ਪੈਸੇ ਲੈ ਕੇ ਚੀਨ ਪੱਖੀ ਪ੍ਰਾਪੇਗੰਡਾ ਕੀਤਾ ਜਾਂਦਾ ਹੈ। ਉਰਮਿਲੇਸ਼ ਤੇ ਅਭਿਸ਼ਾਰ ਸ਼ਰਮਾ ਸਣੇ ਕੁਝ ਪੱਤਰਕਾਰਾਂ ਨੂੰ ਪੁੱਛ-ਪੜਤਾਲ ਲਈ ਲੋਧੀ ਰੋਡ ਸਥਿਤ ਵਿਸ਼ੇਸ਼ ਸੈੱਲ ਦਫ਼ਤਰ ਵੀ ਲਿਜਾਇਆ ਗਿਆ। ਪੱਤਰਕਾਰ ਔਨਨਿਦਿਓ ਚੱਕਰਬਰਤੀ, ਪ੍ਰੰਜਯ ਗੁਹਾ ਠਾਕੁਰਤਾ ਤੇ ਇਤਿਹਾਸਕਾਰ ਸੋਹੇਲ ਹਾਸ਼ਮੀ ਨੂੰ ਵੀ ਸਵਾਲ ਜਵਾਬ ਕੀਤੇ ਗਏ। ਸੂਤਰਾਂ ਮੁਤਾਬਕ ਪੱਤਰਕਾਰਾਂ ਕੋਲੋਂ 25 ਦੇ ਕਰੀਬ ਸੁਆਲ ਪੁੱਛੇ ਗਏ। ਇਕ ਸੂਤਰ ਨੇ ਕਿਹਾ ਕਿ ਇਹ ਸਵਾਲ ਵਿਦੇਸ਼ ਯਾਤਰਾ, ਸ਼ਾਹੀਨ ਬਾਗ਼ ਵਿੱਚ ਨਾਗਰਿਕਤਾ ਸੋਧ ਐਕਟ ਖਿਲਾਫ਼ ਮੁਜ਼ਾਹਰੇ, ਕਿਸਾਨਾਂ ਵੱਲੋਂ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਕੀਤੇ ਪ੍ਰਦਰਸ਼ਨ ਤੇ ਹੋਰ ਮਸਲਿਆਂ ਨਾਲ ਸਬੰਧਤ ਸਨ। ਸੂਤਰਾਂ ਨੇ ਕਿਹਾ ਕਿ ਪੁੱਛ-ਪੜਤਾਲ ਦੌਰਾਨ ਪੱਤਰਕਾਰਾਂ ਨੂੰ ਏ, ਬੀ ਤੇ ਸੀ- ਤਿੰਨ ਵਰਗਾਂ ਵਿਚ ਵੰਡਿਆ ਗਿਆ ਸੀ।