ਹੇਮੰਤ ਸੋਰੇਨ ਦੀ ਭਰਜਾਈ ਸੀਤਾ ਸੋਰੇਨ ਭਾਜਪਾ ਵਿੱਚ ਸ਼ਾਮਲ

ਹੇਮੰਤ ਸੋਰੇਨ ਦੀ ਭਰਜਾਈ ਸੀਤਾ ਸੋਰੇਨ ਭਾਜਪਾ ਵਿੱਚ ਸ਼ਾਮਲ


ਰਾਂਚੀ/ਨਵੀਂ ਦਿੱਲੀ- ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਰਜਾਈ ਤੇ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਦੀ ਵਿਧਾਇਕਾ ਸੀਤਾ ਸੋਰੇਨ ਨੇ ਅੱਜ ਆਪਣੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਲੋਕ ਸਭਾ ਚੋਣਾਂ ਤੋਂ ਕੁਝ ਹਫ਼ਤੇ ਪਹਿਲਾਂ ਭਾਜਪਾ ’ਚ ਸ਼ਾਮਲ ਹੋ ਗਈ ਹੈ। ਉਨ੍ਹਾਂ ਨਵੀਂ ਦਿੱਲੀ ’ਚ ਭਾਜਪਾ ਦੇ ਜਨਰਲ ਸਕੱਤਰ ਵਿਨੋਦ ਤਾਵੜੇ ਅਤੇ ਝਾਰਖੰਡ ਦੇ ਚੋਣ ਇੰਚਾਰਜ ਲਕਸ਼ਮੀਕਾਂਤ ਬਾਜਪਾਈ ਦੀ ਹਾਜ਼ਰੀ ਵਿੱਚ ਪਾਰਟੀ ਦੀ ਮੈਂਬਰਸ਼ਿਪ ਹਾਸਲ ਕੀਤੀ।ਪਾਰਟੀ ਸੁਪਰੀਮੋ ਤੇ ਆਪਣੇ ਸਹੁਰੇ ਸ਼ਿਬੂ ਸੋਰੇਨ ਨੂੰ ਲਿਖੇ ਅਸਤੀਫੇ ’ਚ ਸੀਤਾ ਨੇ ਕਿਹਾ ਕਿ ਉਸ ਦੇ ਪਤੀ ਦੁਰਗਾ ਸੋਰੇਨ ਦੇ ਦੇਹਾਂਤ ਤੋਂ ਬਾਅਦ ਪਾਰਟੀ ਨੇ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਲੋੜੀਂਦਾ ਸਹਿਯੋਗ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਉਹ ਜੇਐੱਮਐੱਮ ’ਚ ਨਿਰਾਸ਼ਾ ਮਹਿਸੂਸ ਕਰ ਰਹੀ ਸੀ ਅਤੇ ਉਸ ਨੇ ਪਾਰਟੀ ਦੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਸੋਰੇਨ ਪਰਿਵਾਰ ਵਿੱਚ ਉਸ ਸਮੇਂ ਫੁੱਟ ਸਾਹਮਣੇ ਆਈ ਸੀ ਜਦੋਂ ਸੀਤਾ ਨੇ ਹੇਮੰਤ ਸੋਰੇਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਦੀ ਪਤਨੀ ਕਲਪਨਾ ਸੋਰੇਨ ਨੂੰ ਮੁੱਖ ਮੰਤਰੀ ਬਣਾਏ ਜਾਣ ਦੇ ਕਿਸੇ ਵੀ ਕਦਮ ਦਾ ਵਿਰੋਧ ਕੀਤਾ ਸੀ।ਇਸੇ ਦਰਮਿਆਨ ਜੇਐੱਮਐੱਮ ਦੀ ਰਾਜ ਸਭਾ ਮੈਂਬਰ ਮਹੂਆ ਮਾਝੀ ਨੇ ਸੀਤਾ ਸੋਰੇਨ ਦੇ ਅਸਤੀਫੇ ਨੂੰ ਹੈਰਾਨ ਕਰਨ ਵਾਲਾ ਫ਼ੈਸਲਾ ਦੱਸਿਆ ਤੇ ਉਨ੍ਹਾਂ ਨੂੰ ਆਪਣੇ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ। ਮਾਝੀ ਨੇ ਕਿਹਾ ਕਿ ਅੰਦਰੂਨੀ ਵਿਵਾਦਾਂ ਦਾ ਹੱਲ ਸੋਰੇਨ ਪਰਿਵਾਰ ਦੇ ਅੰਦਰ ਹੀ ਕੀਤਾ ਜਾਣਾ ਚਾਹੀਦਾ ਹੈ। ਸੀਤਾ ਸੋਰੇਨ ਦੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਮਜ਼ਬੂਤੀ ਮਿਲ ਸਕਦੀ ਹੈ ਜੋ ਜੇਐੱਮਐੱਮ ਦਾ ਆਧਾਰ ਰਹੇ ਅਨੁਸੂਚਿਤ ਜਾਤੀ ਭਾਈਚਾਰੇ ਨੂੰ ਆਪਣੇ ਹੱਕ ’ਚ ਕਰਨਾ ਚਾਹੁੰਦੀ ਹੈ।