ਘੁੜਸਵਾਰੀ: ਭਾਰਤੀ ਡਰੈਸੇਜ ਟੀਮ ਨੇ ਸੋਨ ਤਗਮਾ ਜਿੱਤ ਕੇ ਇਤਿਹਾਸ ਰਚਿਆ

ਘੁੜਸਵਾਰੀ: ਭਾਰਤੀ ਡਰੈਸੇਜ ਟੀਮ ਨੇ ਸੋਨ ਤਗਮਾ ਜਿੱਤ ਕੇ ਇਤਿਹਾਸ ਰਚਿਆ

ਹਾਂਗਜ਼ੂ-ਭਾਰਤ ਦੀ ਡਰੈਸੇਜ ਟੀਮ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਵਿੱਚ ਆਪਣਾ ਪਹਿਲਾ ਸੋਨ ਤਮਗਾ ਜਿੱਤਿਆ। ਇਹ ਘੁੜਸਵਾਰੀ ਦੇ ਇਤਿਹਾਸ ਵਿੱਚ ਦੇਸ਼ ਦਾ ਦੂਜਾ ਸੋਨ ਤਗਮਾ ਹੈ। 41 ਸਾਲ ਪਹਿਲਾਂ ਭਾਰਤ ਨੇ ਘੁੜਸਵਾਰੀ ਵਿੱਚ ਪਹਿਲਾ ਸੋਨ ਤਗਮਾ ਜਿੱਤਿਆ ਸੀ। ਸੁਦੀਪਤੀ ਹਜੇਲਾ, ਦਿਵਿਆਕ੍ਰਿਤੀ ਸਿੰਘ, ਵਿਪੁਲ ਹਿਰਦੈ ਛੇੜਾ ਅਤੇ ਅਨੁਸ਼ ਅਗਰਵਾਲਾ ਦੀ ਟੀਮ ਉਮੀਦਾਂ ’ਤੇ ਖਰੀ ਉਤਰੀ। ਇਸ ਚੌਕੜੀ ਨੇ ਚੋਣ ਟਰਾਇਲਾਂ ਦੌਰਾਨ ਵੀ ਚੰਗਾ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਦੇ ਸਕੋਰ ਪਿਛਲੇ ਏਸ਼ਿਆਈ ਖੇਡਾਂ ਦੇ ਤਗਮਾ ਜੇਤੂਆਂ ਨਾਲੋਂ ਬਿਹਤਰ ਜਾਂ ਬਰਾਬਰ ਸਨ। ਦਿਵਿਆਕ੍ਰਿਤੀ ਐਡਰੇਨਾਲਿਨ ਫਿਰਫੋਡ ’ਤੇ ਸਵਾਰ ਸੀ ਜਦਕਿ ਵਿਪੁਲ ਚੇਮਕਸਪ੍ਰੋ ਐਮਰੇਲਡ ’ਤੇ ਸਵਾਰ ਸੀ। ਭਾਰਤ ਨੇ ਕੁੱਲ 209.205 ਫੀਸਦੀ ਅੰਕਾਂ ਨਾਲ ਚੀਨ (204.882 ਫੀਸਦੀ) ਅਤੇ ਹਾਂਗਕਾਂਗ (204.852 ਫੀਸਦੀ) ਨੂੰ ਹਰਾ ਕੇ ਸੋਨ ਤਗਮਾ ਜਿੱਤਿਆ। ਖੇਡ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਭਾਰਤ ਨੇ ਡਰੈਸੇਜ ਈਵੈਂਟ ਵਿੱਚ ਟੀਮ ਸੋਨ ਤਮਗਾ ਜਿੱਤਿਆ ਹੈ। ਭਾਰਤ ਨੇ ਆਖਰੀ ਵਾਰ 1986 ਵਿੱਚ ਡਰੈਸੇਜ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਭਾਰਤ ਨੇ ਘੋੜ ਸਵਾਰੀ ਵਿੱਚ ਪਿਛਲਾ ਸੋਨ ਤਗ਼ਮਾ ਨਵੀਂ ਦਿੱਲੀ ਵਿੱਚ 1982 ਦੀਆਂ ਏਸ਼ਿਆਈ ਖੇਡਾਂ ’ਚ ਜਿੱਤਿਆ ਸੀ। ਉਸ ਵੇਲੇ ਭਾਰਤ ਨੇ ਈਵੈਂਟਿੰਗ ਅਤੇ ਟੈਂਟ ਪੈਗਿੰਗ ਮੁਕਾਬਲਿਆਂ ਵਿੱਚ ਤਿੰਨ ਸੋਨ ਤਗਮੇ ਜਿੱਤੇ ਸਨ। ਰਘੁਬੀਰ ਸਿੰਘ ਨੇ 1982 ਵਿੱਚ ਵਿਅਕਤੀਗਤ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਣ ਤੋਂ ਬਾਅਦ ਗੁਲਾਮ ਮੁਹੰਮਦ ਖਾਨ, ਬਿਸ਼ਾਲ ਸਿੰਘ ਅਤੇ ਮਿਲਖਾ ਸਿੰਘ ਨਾਲ ਮਿਲ ਕੇ ਟੀਮ ਸੋਨ ਤਗਮਾ ਵੀ ਜਿੱਤਿਆ ਸੀ। ਰੁਪਿੰਦਰ ਸਿੰਘ ਬਰਾੜ ਨੇ ਵਿਅਕਤੀਗਤ ਟੈਂਟ ਪੈਗਿੰਗ ਵਿੱਚ ਭਾਰਤ ਨੂੰ ਤੀਜਾ ਸੋਨ ਤਗਮਾ ਜਿਤਾਇਆ ਸੀ।

ਡਰੈਸੇਜ ਮੁਕਾਬਲੇ ਵਿੱਚ ਘੋੜੇ ਅਤੇ ਰਾਈਡਰ ਦੇ ਪ੍ਰਦਰਸ਼ਨ ਨੂੰ ਕਈ ਮੂਵਮੈਂਟ ’ਤੇ ਪਰਖਿਆ ਜਾਂਦਾ ਹੈ। ਹਰੇਕ ਮੂਵਮੈਂਟ ’ਤੇ 10 ’ਚੋਂ ਅੰਕ (0 ਤੋਂ 10 ਤੱਕ) ਮਿਲਦੇ ਹਨ। ਹਰ ਰਾਈਡਰ ਦਾ ਕੁੱਲ ਸਕੋਰ ਹੁੰਦਾ ਹੈ ਅਤੇ ਉਨ੍ਹਾਂ ਤੋਂ ਫੀਸਦ ਕੱਢਿਆ ਜਾਂਦਾ ਹੈ। ਸਭ ਤੋਂ ਵੱਧ ਫੀਸਦ ਵਾਲਾ ਰਾਈਡਰ ਆਪਣੇ ਵਰਗ ਦਾ ਜੇਤੂ ਹੁੰਦਾ ਹੈ। ਟੀਮ ਵਰਗ ਵਿੱਚ ਸਿਖਰਲੇ ਦੇ ਤਿੰਨ ਰਾਈਡਰਾਂ ਦੇ ਸਕੋਰ ਨੂੰ ਟੀਮ ਦੇ ਸਕੋਰ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਭਾਰਤੀ ਟੀਮ ਦੇ ਸਕੋਰਾਂ ’ਚ ਦਿਵਿਆਕ੍ਰਿਤੀ, ਵਿਪੁਲ ਅਤੇ ਅਨੁਸ਼ ਦੇ ਸਕੋਰ ਸ਼ਾਮਲ ਸਨ।