ਭਾਰਤ ਨੇ ਕੈਨੇਡਾ ਨੂੰ 10 ਅਕਤੂਬਰ ਤੱਕ 41 ਡਿਪਲੋਮੈਟ ਵਾਪਸ ਸੱਦਣ ਲਈ ਕਿਹਾ: ਰਿਪੋਰਟ

ਭਾਰਤ ਨੇ ਕੈਨੇਡਾ ਨੂੰ 10 ਅਕਤੂਬਰ ਤੱਕ 41 ਡਿਪਲੋਮੈਟ ਵਾਪਸ ਸੱਦਣ ਲਈ ਕਿਹਾ: ਰਿਪੋਰਟ

ਚੰਡੀਗੜ੍ਹ‘ਦਿ ਫਾਇਨੈਂਸ਼ੀਅਲ ਟਾਈਮਜ਼’ ਦੀ ਇਕ ਰਿਪੋਰਟ ਮੁਤਾਬਕ ਭਾਰਤ ਸਰਕਾਰ ਨੇ ਕੈਨੇਡਾ ਨੂੰ 10 ਅਕਤੂਬਰ ਤੱਕ ਦਰਜਨਾਂ ਡਿਪਲੋਮੈਟ ਵਾਪਸ ਸੱਦਣ ਲਈ ਕਿਹਾ ਹੈ। ਰਿਪੋਰਟ ਮੁਤਾਬਕ, ‘ਭਾਰਤ ਨੇ ਕੈਨੇਡਾ ਨੂੰ ਕਿਹਾ ਹੈ ਕਿ ਉਹ 10 ਅਕਤੂਬਰ ਤੱਕ ਆਪਣੇ 62 ’ਚੋਂ 41 ਡਿਪਲੋਮੈਟ ਵਾਪਸ ਬੁਲਾ ਲਏ।’ ਜ਼ਿਕਰਯੋਗ ਹੈ ਕਿ ਇਕ ਖਾਲਿਸਤਾਨੀ ਵੱਖਵਾਦੀ ਦੀ ਹੱਤਿਆ ਦੇ ਮੁੱਦੇ ਉਤੇ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਤਣਾਅ ਬਣਿਆ ਹੋਇਆ ਹੈ। ਭਾਰਤ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਉਹ ਦੋਵਾਂ ਦੇਸ਼ਾਂ ਵਿਚ ਡਿਪਲੋਮੈਟਾਂ ਦੀ ਬਰਾਬਰ ਗਿਣਤੀ ਚਾਹੁੰਦਾ ਹੈ। ਦੱਸਣਯੋਗ ਹੈ ਕਿ ਓਟਾਵਾ ਸਥਿਤ ਭਾਰਤ ਦੇ ਹਾਈ ਕਮਿਸ਼ਨ ਨਾਲੋਂ ਨਵੀਂ ਦਿੱਲੀ ਸਥਿਤ ਕੈਨੇਡਾ ਦੇ ਹਾਈ ਕਮਿਸ਼ਨ ਵਿਚ ਕਈ ਦਰਜਨ ਵੱਧ ਡਿਪਲੋਮੈਟ ਹਨ। ਕੈਨੇਡਾ ਵਿਚ ਵੱਡੀ ਗਿਣਤੀ ਭਾਰਤੀ ਮੂਲ ਦੇ ਲੋਕਾਂ ਦੀ ਮੌਜੂਦਗੀ ਕਾਰਨ ਵੱਡੇ ਕੌਂਸੁਲਰ ਸੈਕਸ਼ਨ ਦੀ ਲੋੜ ਪੈਂਦੀ ਹੈ। ਮੀਡੀਆ ਰਿਪੋਰਟ ਮੁਤਾਬਕ ਭਾਰਤ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਹ ਡਿਪਲੋਮੈਟ 10 ਅਕਤੂਬਰ ਤੱਕ ਵਾਪਸ ਨਾ ਗਏ ਤਾਂ ਇਨ੍ਹਾਂ ਨੂੰ ਮਿਲਦੀ ‘ਡਿਪਲੋਮੈਟਿਕ ਇਮਿਊਨਿਟੀ’ (ਕੂਟਨੀਤਕ ਪੱਧਰ ’ਤੇ ਮਿਲਦੀ ਵਿਸ਼ੇਸ਼ ਸਹੂਲਤ) ਖ਼ਤਮ ਕਰ ਦਿੱਤੀ ਜਾਵੇਗੀ। ਮਾਮਲੇ ਨਾਲ ਜੁੜੇ ਇਕ ਵਿਅਕਤੀ ਨੇ ਦੱਸਿਆ ਕਿ ਕੈਨੇਡਾ ਦੇ ਭਾਰਤ ਵਿਚ 62 ਡਿਪਲੋਮੈਟ ਸਨ ਤੇ ਨਵੀਂ ਦਿੱਲੀ ਨੇ ਓਟਾਵਾ ਨੂੰ ਕਿਹਾ ਸੀ ਕਿ ਇਨ੍ਹਾਂ ਦੀ ਗਿਣਤੀ ਨੂੰ 41 ਕੀਤਾ ਜਾਵੇ। ਭਾਰਤ ਤੇ ਕੈਨੇਡਾ ਦੇ ਵਿਦੇਸ਼ ਮੰਤਰਾਲਿਆਂ ਨੇ ਇਸ ਮਾਮਲੇ ਉਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਹੈ। ਭਾਰਤ ਸਰਕਾਰ ਨੇ ਕੈਨੇਡੀਅਨ ਨਾਗਰਿਕਾਂ ਨੂੰ ਵੀਜ਼ਾ ਦੇਣਾ ਪਹਿਲਾਂ ਹੀ ਬੰਦ ਕੀਤਾ ਹੋਇਆ ਹੈ। ਟੋਰਾਂਟੋ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨਿ ਟਰੂਡੋ ਨੇ ਕਿਹਾ ਹੈ ਕਿ ਉਹ ਭਾਰਤ ਨਾਲ ਰਿਸ਼ਤਿਆਂ ਦੀ ਸਥਿਤੀ ਨੂੰ ਹੋਰ ਨਹੀਂ ‘ਵਿਗਾੜਨਾ’ ਚਾਹੁੰਦੇ ਤੇ ਉਨ੍ਹਾਂ ਦੀ ਸਰਕਾਰ ਨਵੀਂ ਦਿੱਲੀ ਨਾਲ ‘ਉਸਾਰੂ ਰਿਸ਼ਤੇ’ ਕਾਇਮ ਰੱਖੇਗੀ। ਓਟਵਾ ਵਿਚ ਟਰੂਡੋ ਨੇ ਮੀਡੀਆ ਨੂੰ ਕਿਹਾ ਕਿ ਕੈਨੇਡਾ ਲਈ ਇਹ ਮਹੱਤਵਪੂਰਨ ਹੈ ਕਿ ਉਹ ਭਾਰਤ ਵਿਚ ਆਪਣੇ ਡਿਪਲੋਮੈਟਾਂ ਦੀ ਮੌਜੂਦਗੀ ਬਰਕਰਾਰ ਰੱਖੇ। ਟਰੂਡੋ ਨੇ ਕਿਹਾ, ‘ਜ਼ਾਹਿਰ ਹੈ ਕਿ ਅਸੀਂ ਭਾਰਤ ਨਾਲ ਬੇਹੱਦ ਚੁਣੌਤੀਪੂਰਨ ਸਮਿਆਂ ਵਿਚੋਂ ਗੁਜ਼ਰ ਰਹੇ ਹਾਂ।’ ਟਰੂਡੋ ਨੇ ਹਾਲਾਂਕਿ ‘ਦਿ ਫਾਇਨੈਂਸ਼ੀਅਲ ਟਾਈਮਜ਼’ ਦੀ ਉਸ ਰਿਪੋਰਟ ਦੀ ਪੁਸ਼ਟੀ ਨਹੀਂ ਕੀਤੀ ਕਿ ਭਾਰਤ ਨੇ ਕੈਨੇਡਾ ਨੂੰ 41 ਡਿਪਲੋਮੈਟ ਵਾਪਸ ਸੱਦਣ ਲਈ ਕਿਹਾ ਹੈ। ਟਰੂਡੋ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਵੀਂ ਦਿੱਲੀ ਵਿਚ ਕੰਮ ਕਰਨਾ ਜਾਰੀ ਰੱਖੇਗੀ।