ਭਾਰਤ ਨੇ ਲਾਇਆ ਜਿੱਤ ਦਾ ਚੌਕਾ; ਕੋਹਲੀ ਦਾ ਸੈਂਕੜਾ

ਭਾਰਤ ਨੇ ਲਾਇਆ ਜਿੱਤ ਦਾ ਚੌਕਾ; ਕੋਹਲੀ ਦਾ ਸੈਂਕੜਾ

ਪੁਣੇ-ਵਿਰਾਟ ਕੋਹਲੀ (103 ਦੌੜਾਂ) ਦੇ ਨਾਬਾਦ ਸੈਂਕੜੇ ਤੇ ਸ਼ੁਭਮਨ ਗਿੱਲ ਦੇ ਨੀਮ ਸੈਂਕੜੇ ਸਦਕਾ ਭਾਰਤ ਨੇ ਅੱਜ ਇੱਥੇ ਬੰਗਲਾਦੇਸ਼ ਨੂੰ ਸੱਤ ਵਿਕਟਾਂ ਨਾਲ ਹਰਾਉਂਦਿਆਂ ਕ੍ਰਿਕਟ ਵਿਸ਼ਵ ਕੱਪ ’ਚ ਲਗਾਤਾਰ ਚੌਥੀ ਜਿੱਤ ਦਰਜ ਕੀਤੀ ਹੈ। ਭਾਰਤ ਨੇ ਜਿੱਤ ਲਈ 257 ਦੌੜਾਂ ਦਾ ਟੀਚਾ 41.3 ਓਵਰਾਂ ਵਿੱਚ 51 ਗੇਂਦਾਂ ਬਾਕੀ ਰਹਿੰਦਿਆਂ ਹੀ ਸਰ ਕਰ ਲਿਆ। ਇੱਕ ਦਿਨਾਂ ਮੈਚਾਂ ’ਚ ਵਿਰਾਟ ਕੋਹਲੀ ਦਾ ਇਹ 48ਵਾਂ ਸੈਂਕੜਾ ਹੈ। ਕੋਹਲੀ ਨੂੰ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ। ਜਿੱਤ ਲਈ ਟੀਚੇ ਦਾ ਪਿੱਛੇ ਕਰਦਿਆਂ ਸਲਾਮੀ ਬੱਲੇਬਾਜ਼ ਕਪਤਾਨ ਰੋਹਿਤ ਸ਼ਰਮਾ (48 ਦੌੜਾਂ) ਤੇ ਸ਼ੁਭਮਨ ਗਿੱਲ (53 ਦੌੜਾਂ) ਨੇ ਟੀਮ ਨੂੰ ਵਧੀਆ ਸ਼ੁਰੂਆਤ ਦਿੱਤੀ ਹਾਲਾਂਕਿ ਰੋਹਿਤ ਨੀਮ ਸੈਂਕੜਾ ਬਣਾਉਣ ਤੋਂ ਖੁੰਝ ਗਿਆ। ਸਲਾਮੀ ਜੋੜੀ ਨੇ ਪਹਿਲੀ ਵਿਕਟ ਲਈ 84 ਦੌੜਾਂ ਜੋੜੀਆਂ। ਤੀਜੇ ਨੰਬਰ ’ਤੇ ਖੇਡਣ ਆਏ ਵਿਰਾਟ ਕੋਹਲੀ ਨੇ ਬੰਗਲਾਦੇਸ਼ ਦੇ ਗੇਂਦਬਾਜ਼ਾਂ ਦਾ ਡਟ ਕੇ ਮੁਕਾਬਲਾ ਕਰਦਿਆਂ ਸੈਂਕੜੇ ਵਾਲੀ ਪਾਰੀ ਖੇਡੀ ਤੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਕੇ.ਐੱਲ. ਰਾਹੁਲ ਨੇ ਨਾਬਾਦ 34 ਦੌੜਾਂ ਬਣਾਈਆਂ। ਬੰਗਲਦੇਸ਼ ਵੱਲੋਂ ਮੇਹਦੀ ਹਸਨ ਮਿਰਾਜ ਨੇ ਦੋ ਵਿਕਟਾਂ ਲਈਆਂ ਜਦਕਿ ਹਸਨ ਮਹਿਮੂਦ ਨੂੰ ਇੱਕ ਵਿਕਟ ਮਿਲੀ। ਬੰਗਲਾਦੇਸ਼ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲਬਾਜ਼ੀ ਕਰਦਿਆਂ 50 ਓਵਰਾਂ ’ਚ 8 ਵਿਕਟਾਂ ਗੁਆ ਕੇ 256 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਤਨਜ਼ੀਦ ਹਸਨ (51 ਦੌੜਾਂ) ਅਤੇ ਲਿਟਨ ਦਾਸ (66 ਦੌੜਾਂ) ਨੇ ਨੀਮ ਸੈਂਕੜੇ ਜੜਦਿਆਂ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ। ਇੱਕ ਸਮੇਂ ਬੰਗਲਾਦੇਸ਼ ਬਿਨਾ ਕੋਈ ਵਿਕਟ 14.4 ਓਵਰਾਂ ’ਚ 93 ਦੌੜਾਂ ਬਣਾ ਕੇ ਵੱਡਾ ਸਕੋਰ ਬਣਾਉਣ ਵੱਲ ਵਧ ਰਿਹਾ ਸੀ ਪਰ ਕੁਲਦੀਪ ਯਾਦਵ ਨੇ ਤਨਜ਼ੀਦ ਨੂੰ ਆਊਟ ਕਰਕੇ ਜੋੜੀ ਨੂੰ ਤੋੜ ਦਿੱਤਾ ਅਤੇ 139 ਦੌੜਾਂ ਤੱਕ ਟੀਮ ਨੇ ਚਾਰ ਵਿਕਟਾਂ ਗੁਆ ਦਿੱਤੀਆਂ। ਇਸ ਮਗਰੋਂ ਵਿਕਟਕੀਪਰ ਬੱਲਬਾਜ਼ ਮੁਸ਼ਫਿਕੁਰ ਰਹੀਮ ਨੇ 38 ਦੌੜਾਂ ਅਤੇ ਮਹਿਮੂਦਉੱਲ੍ਹਾ ਨੇ 46 ਦੌੜਾਂ ਬਣਾਉਂਦਿਆਂ ਟੀਮ ਦਾ ਸਕੋਰ 256 ਦੌੜਾਂ ਤੱਕ ਪਹੁੰਚਾਇਆ। ਭਾਰਤ ਵੱਲੋਂ ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ ਤੇ ਰਵਿੰਦਰ ਜਡੇਜਾ ਨੇ ਦੋ-ਦੋ ਵਿਕਟਾਂ ਲਈਆਂ ਜਦਕਿ ਸ਼ਾਰਦੁਲ ਠਾਕੁਰ ਤੇ ਕੁਲਦੀਪ ਯਾਦਵ ਨੂੰ ਇੱਕ-ਇੱਕ ਵਿਕਟ ਮਿਲੀ।