ਕ੍ਰਿਕਟ ਵਿਸ਼ਵ ਕੱਪ: ਭਾਰਤ ਸੈਮੀਫਾਈਨਲ ਵਿੱਚ ਦਾਖਲ

ਕ੍ਰਿਕਟ ਵਿਸ਼ਵ ਕੱਪ: ਭਾਰਤ ਸੈਮੀਫਾਈਨਲ ਵਿੱਚ ਦਾਖਲ

ਮੁੰਬਈ-ਮੁਹੰਮਦ ਸ਼ਮੀ ਤੇ ਮੁਹੰਮਦ ਸਿਰਾਜ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਅੱਜ ਇਥੇ ਵਾਨਖੇੜੇ ਸਟੇਡੀਅਮ ਵਿਚ ਖੇਡੇ ਮੁਕਾਬਲੇ ਵਿੱਚ ਸ੍ਰੀਲੰਕਾ ਨੂੰ 302 ਦੌੜਾਂ ਦੀ ਕਰਾਰੀ ਸ਼ਿਕਸਤ ਦਿੰਦਿਆਂ ਕ੍ਰਿਕਟ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚ ਗਿਆ। ਭਾਰਤ ਇਸ ਗੇੜ ਵਿਚ ਪਹੁੰਚਣ ਵਾਲੀ ਪਹਿਲੀ ਟੀਮ ਹੈ। ਭਾਰਤ ਨੇ ਸ੍ਰੀਲੰਕਾ ਦੇ ਸੱਦੇ ’ਤੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ਨਾਲ 357 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰ ਰਹੀ ਸ੍ਰੀਲੰਕਾ ਦੀ ਟੀਮ 19.4 ਓਵਰਾਂ ਵਿੱਚ 55 ਦੌੜਾਂ ’ਤੇ ਆਊਟ ਹੋ ਗਈ। ਕ੍ਰਿਕਟ ਵਿਸ਼ਵ ਕੱਪ ਦੇ 48 ਸਾਲਾਂ ਦੇ ਇਤਿਹਾਸ ਵਿਚ ਦੌੜਾਂ ਦੇ ਫ਼ਰਕ ਨਾਲ ਭਾਰਤ ਦੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਹੈ। ਸੱਤ ਮੈਚਾਂ ਵਿੱਚ 14 ਅੰਕਾਂ ਨਾਲ ਰੋਹਤਿ ਸ਼ਰਮਾ ਦੀ ਅਗਵਾਈ ਵਾਲੀ ਟੀਮ ਹੁਣ ਤੱਕ ਆਪਣੇ ਸਾਰੇ ਮੁਕਾਬਲੇ ਜਿੱਤ ਕੇ ਪੁਆਇੰਟਸ ਟੇਬਲ ਵਿਚ ਸਿਖਰ ’ਤੇ ਪੁੱਜ ਗਈ ਹੈ। ਭਾਰਤ ਆਪਣਾ ਅਗਲਾ ਮੁਕਾਬਲਾ 5 ਨਵੰਬਰ ਨੂੰ ਦੱਖਣੀ ਅਫਰੀਕਾ ਖਿਲਾਫ਼ ਕੋਲਕਾਤਾ ਵਿਚ ਖੇਡੇਗਾ। ਟੂਰਨਾਮੈਂਟ ਦੇ ਆਪਣੇ ਆਖਰੀ ਲੀਗ ਮੁਕਾਬਲੇ ਵਿਚ 12 ਨਵੰਬਰ ਨੂੰ ਭਾਰਤ ਦਾ ਸਾਹਮਣਾ ਨੈਦਰਲੈਂਡਜ਼ ਨਾਲ ਹੋਵੇਗਾ। ਭਾਰਤ ਲਈ ਮੁਹੰਮਦ ਸ਼ਮੀ ਨੇ ਪੰਜ ਓਵਰਾਂ ਵਿਚ 18 ਦੌੜਾਂ ਬਦਲੇ ਪੰਜ ਵਿਕਟਾਂ ਲਈਆਂ। ਸ਼ਮੀ ਕੁੱਲ 45 ਵਿਕਟਾਂ ਨਾਲ ਵਿਸ਼ਵ ਕੱਪ ਇਤਿਹਾਸ ਵਿੱਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਬਣ ਗਿਆ ਹੈ। ਸਿਰਾਜ ਨੇ 7 ਓਵਰਾਂ ਵਿਚ 16 ਦੌੜਾਂ ਦੇ ਕੇ ਤਿੰਨ ਜਦੋਂਕਿ ਜਸਪ੍ਰੀਤ ਬੁਮਰਾਹ ਤੇ ਰਵਿੰਦਰ ਜਡੇਜਾ ਦੇ ਹਿੱਸੇ ਇਕ ਇਕ ਵਿਕਟ ਆਈ। ਸ੍ਰੀਲੰਕਾ ਲਈ ਕਸੁਨ ਰਜੀਤਾ 14 ਦੌੜਾਂ ਨਾਲ ਟੌਪ ਸਕੋਰਰ ਰਿਹਾ। ਇਸ ਤੋਂ ਪਹਿਲਾਂ ਵਿਰਾਟ ਕੋਹਲੀ (94 ਗੇਂਦਾਂ ’ਤੇ 88 ਦੌੜਾਂ), ਸ਼ੁਭਮਨ ਗਿੱਲ (92) ਤੇ ਸ਼੍ਰੇਅਸ ਅੱਈਅਰ (82) ਸੈਂਕੜੇ ਬਣਾਉਣ ਤੋਂ ਖੁੰਝ ਗਏ। ਕੋਹਲੀ ਜੇਕਰ ਅੱਜ ਸੈਂਕੜਾ ਪੂਰਾ ਕਰ ਲੈਂਦਾ ਤਾਂ ਉਸ ਨੇ ਸਚਿਨ ਤੇਂਦੁਲਕਰ ਦੇ 49 ਸੈਂਕੜਿਆਂ ਦੀ ਬਰਾਬਰੀ ਕਰ ਲੈਣੀ ਸੀ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਟੀਮ ਨੂੰ ਸ੍ਰੀਲੰਕਾ ਖ਼ਿਲਾਫ਼ ਮਿਲੀ ਜਿੱਤੀ ਲਈ ਵਧਾਈ ਦਿੱਤੀ ਹੈ।