ਜੈਸਵਾਲ ਤੇ ਜਡੇਜਾ ਦੀ ਬਦੌਲਤ ਟੈਸਟ ਕ੍ਰਿਕਟ ’ਚ ਭਾਰਤ ਦੀ ਵੱਡੀ ਜਿੱਤ

ਜੈਸਵਾਲ ਤੇ ਜਡੇਜਾ ਦੀ ਬਦੌਲਤ ਟੈਸਟ ਕ੍ਰਿਕਟ ’ਚ ਭਾਰਤ ਦੀ ਵੱਡੀ ਜਿੱਤ

ਰਾਜਕੋਟ-ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਤੇ ਰਵਿੰਦਰ ਜਡੇਜਾ ਵੱਲੋਂ ਲਈਆਂ ਪੰਜ ਵਿਕਟਾਂ ਸਦਕਾ ਭਾਰਤ ਨੇ ਅੱਜ ਇਥੇ ਤੀਜੇ ਟੈਸਟ ’ਚ ਇੰਗਲੈਂਡ ਖਿਲਾਫ਼ 434 ਦੌੜਾਂ ਨਾਲ ਰਿਕਾਰਡ ਜਿੱਤ ਦਰਜ ਕੀਤੀ। ਦੌੜਾਂ ਦੇ ਲਿਹਾਜ਼ ਤੋਂ ਭਾਰਤ ਦੀ ਇਹ ਸਭ ਤੋਂ ਵੱਡੀ ਟੈਸਟ ਜਿੱਤ ਅਤੇ ਇੰਗਲੈਂਡ ਦੀ ਦੂਜੀ ਸਭ ਤੋਂ ਵੱਡੀ ਹਾਰ ਹੈ। ਇੰਗਲੈਂਡ ਨੂੰ 1934 ਵਿੱਚ ਆਸਟਰੇਲੀਆ ਤੋਂ 562 ਦੌੜਾਂ ਨਾਲ ਸਭ ਤੋਂ ਵੱਡੀ ਹਾਰ ਮਿਲੀ ਸੀ। ਇਸ ਤੋਂ ਪਹਿਲਾਂ ਮੈਚ ਦੇ ਚੌਥੇ ਦਿਨ ਭਾਰਤ ਨੇ ਯਸ਼ਸਵੀ ਜੈਸਵਾਲ ਦੇ (ਨਾਬਾਦ 214 ਦੌੜਾਂ) ਦੇ ਦੋਹਰੇ ਸੈਂਕੜੇ ਅਤੇ ਸ਼ੁਭਮਨ ਗਿੱਲ (91 ਦੌੜਾਂ) ਤੇ ਸਰਫਰਾਜ਼ ਖ਼ਾਨ ਦੇ (68 ਦੌੜਾਂ) ਨੀਮ ਸੈਂਕੜਿਆਂ ਸਦਕਾ ਦੂਜੀ ਪਾਰੀ ’ਚ 430 ਦੌੜਾਂ ਬਣਾਉਂਦਿਆਂ ਇੰਗਲੈਂਡ ਨੂੰ ਜਿੱਤ ਲਈ 557 ਦੌੜਾਂ ਦਾ ਟੀਚਾ ਦਿੱਤਾ ਪਰ ਮਹਿਮਾਨ ਟੀਮ ਭਾਰਤੀ ਗੇਂਦਬਾਜ਼ਾਂ ਸਾਹਮਣੇ 122 ਦੌੜਾਂ ’ਤੇ ਹੀ ਆਊਟ ਹੋ ਗਈ। ਸ਼ਾਨਦਾਰ ਹਰਫਨਮੌਲਾ ਪ੍ਰਦਰਸ਼ਨ ਲਈ ਜਡੇਜਾ ਨੂੰ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ। ਇਸ ਜਿੱਤ ਨਾਲ ਭਾਰਤ ਨੇ ਪੰਜ ਟੈਸਟ ਮੈਚਾਂ ਦੀ ਲੜੀ ’ਚ 2-1 ਦੀ ਲੀਡ ਹਾਸਲ ਕਰ ਲਈ ਹੈ। ਲੜੀ ਦਾ ਚੌਥਾ ਟੈਸਟ ਮੈਚ 23 ਫਰਵਰੀ ਤੋਂ ਰਾਂਚੀ ਵਿੱਚ ਖੇਡਿਆ ਜਾਵੇਗਾ। ਰਾਜਕੋਟ ’ਚ ਐਤਵਾਰ ਨੂੰ ਇੰਗਲੈਂਡ ਖ਼ਿਲਾਫ਼ ਤੀਜੇ ਟੈਸਟ ’ਚ 434 ਦੌੜਾਂ ਨਾਲ ਰਿਕਾਰਡ ਜਿੱਤ ਹਾਸਲ ਕਰਨ ਮਗਰੋਂ ਭਾਰਤੀ ਕ੍ਰਿਕਟ ਟੀਮ ਦਾ ਕਪਤਾਨ ਰੋਹਿਤ ਸ਼ਰਮਾ ਤੇ ਰਵਿੰਦਰ ਜਡੇਜਾ ਸਾਥੀਆਂ ਨਾਲ ਮੈਦਾਨ ’ਚ ਬਾਹਰ ਆਉਂਦੇ ਹੋਏ। ਟੈਸਟ ਮੈਚਾਂ ’ਚ ਭਾਰਤ ਦੀ ਇਹ ਸਭ ਤੋਂ ਵੱਡੀ ਜਿੱਤ ਹੈ। ਮੇਜ਼ਬਾਨ ਟੀਮ ਨੇ ਪੰਜ ਮੈਚਾਂ ਦੀ ਲੜੀ ’ਚ 2-1 ਨਾਲ ਲੀਡ ਲੈ ਲਈ ਹੈ। ਯਸ਼ਸਵੀ ਜੈਸਵਾਲ ਇੱਕ ਲੜੀ ’ਚ 20 ਛੱਕੇ ਮਾਰਨ ਵਾਲਾ ਪਹਿਲਾ ਬੱਲੇਬਾਜ਼ ਬਣ ਗਿਆ ਹੈ। ਉਸ ਨੇ ਆਪਣੀ ਦੋਹਰੇ ਸੈਂਕੜੇ ਵਾਲੀ ਪਾਰੀ ’ਚ 12 ਛੱਕੇ ਮਾਰੇ ਤੇ ਇੱਕ ਪਾਰੀ ਸਭ ਤੋਂ ਵੱਧ (12) ਛੱਕੇ ਮਾਰਨ ’ਚ ਪਾਕਿਸਤਾਨ ਦੇ ਵਸੀਮ ਅਕਰਮ ਦੀ ਬਰਾਬਰੀ ਵੀ ਕੀਤੀ। ਜੈਸਵਾਲ ਵਿਨੋਦ ਕਾਂਬਲੀ ਅਤੇ ਵਿਰਾਟ ਕੋਹਲੀ ਤੋਂ ਬਾਅਦ ਇੰਨੇ ਹੀ ਮੈਚਾਂ ’ਚ ਲਗਾਤਾਰ ਦੋ ਦੋਹਰੇ ਸੈਂਕੜੇ ਮਾਰਨ ਵਾਲਾ ਤੀਜਾ ਭਾਰਤੀ ਬੱਲੇਬਾਜ਼ ਵੀ ਬਣ ਗਿਆ ਹੈ। ਜੈਸਵਾਲ ਇਸ ਲੜੀ ’ਚ 545 ਦੌੜਾਂ ਬਣਾ ਚੁੱਕਾ ਹੈ ਅਤੇ ਮੌਜੂਦਾ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ’ਚ ਹੁਣ ਤੱਕ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ’ਚ ਮੋਹਰੀ ਹੈ।