ਆਈਪੀਐੱਲ: ਆਰਸੀਬੀ ਦੇ ਅਭਿਆਸ ਕੈਂਪ ’ਚ ਪੁੱਜਿਆ ਕੋਹਲੀ

ਆਈਪੀਐੱਲ: ਆਰਸੀਬੀ ਦੇ ਅਭਿਆਸ ਕੈਂਪ ’ਚ ਪੁੱਜਿਆ ਕੋਹਲੀ

ਬੰਗਲੂਰੂ- ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ 22 ਮਾਰਚ ਤੋਂ ਸ਼ੁਰੂ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਤੋਂ ਪਹਿਲਾਂ ਅੱਜ ਇੱਥੇ ਰੌਇਲ ਚੈਲੇਂਜਰਜ਼ ਬੈਂਗਲੌਰ (ਆਰਸੀਬੀ) ਦੇ ਅਭਿਆਸ ਸੈਸ਼ਨ ’ਚ ਹਿੱਸਾ ਲਿਆ। ਕੋਹਲੀ ਆਪਣੇ ਦੂਜੇ ਬੱਚੇ ਦੇ ਜਨਮ ਕਾਰਨ ਦੇਸ਼ ਤੋਂ ਬਾਹਰ ਸੀ। ਉਹ ਬੀਤੇ ਦਿਨ ਹੀ ਭਾਰਤ ਪਹੁੰਚਿਆ ਹੈ।ਭਾਰਤ ਤੇ ਆਰਸੀਬੀ ਦੇ ਸਾਬਕਾ ਕਪਤਾਨ ਨੂੰ ਚਿੰਨਾਸਵਾਮੀ ਸਟੇਡੀਅਮ ਦਾ ਚੱਕਰ ਲਾਉਂਦੇ ਦੇਖਿਆ ਗਿਆ। ਟੀਮ ਦੇ ਕਪਤਾਨ ਫਾਫ ਡੁਪਲੈਸਿਸ ਨੇ ਵੀ ਅਭਿਆਸ ਸੈਸ਼ਨ ਵਿੱਚ ਹਿੱਸਾ ਲਿਆ। ਆਰਸੀਬੀ ਨੇ ਅਜੇ ਤੱਕ ਆਈਪੀਐੱਲ ਦਾ ਖਿਤਾਬ ਨਹੀਂ ਜਿੱਤਿਆ ਹੈ। ਉਸ ਦਾ ਪਹਿਲਾ ਮੁਕਾਬਲਾ 22 ਮਾਰਚ ਨੂੰ ਮੌਜੂਦਾ ਚੈਂਪੀਅਨ ਚੇਨੱਈ ਸੁਪਰ ਕਿੰਗਜ਼ ਨਾਲ ਹੋਵੇਗਾ। ਇਸ ਟੂਰਨਾਮੈਂਟ ’ਚ ਕੋਹਲੀ ਦੇ ਪ੍ਰਦਰਸ਼ਨ ’ਤੇ ਸਾਰਿਆਂ ਦੀ ਨਜ਼ਰ ਹੋਵੇਗੀ ਕਿਉਂਕਿ ਇਸ ਤੋਂ ਤੁਰੰਤ ਬਾਅਦ ਅਮਰੀਕਾ ਤੇ ਵੈਸਟ ਇੰਡੀਜ਼ ’ਚ ਟੀ-20 ਵਿਸ਼ਵ ਕੱਪ ਖੇਡਿਆ ਜਾਣਾ ਹੈ। ਇਸ 35 ਸਾਲਾ ਖਿਡਾਰੀ ਨੇ ਵਿਸ਼ਵ ਕੱਪ 2022 ਤੋਂ ਬਾਅਦ ਆਪਣਾ ਪਹਿਲਾ ਟੀ-20 ਮੈਚ ਇਸ ਸਾਲ ਦੀ ਸ਼ੁਰੂਆਤ ਵਿੱਚ ਅਫਗਾਨਿਸਤਾਨ ਖ਼ਿਲਾਫ਼ ਖੇਡਿਆ ਸੀ। ਰੋਹਿਤ ਸ਼ਰਮਾ ਨੇ ਵੀ ਇਸ ਲੜੀ ’ਚ ਵਾਪਸੀ ਕਰਨੀ ਸੀ ਅਤੇ ਸੰਭਾਵਨਾ ਹੈ ਕਿ ਉਹ ਪਹਿਲੀ ਜੂਨ ਤੋਂ ਸ਼ੁਰੂ ਹੋਣ ਵਾਲੇ ਟੀ-20 ਵਿਸ਼ਵ ਕੱਪ ’ਚ ਭਾਰਤੀ ਟੀਮ ਦੀ ਅਗਵਾਈ ਕਰੇਗਾ। ਕੋਹਲੀ ਨਿੱਜੀ ਕਾਰਨਾਂ ਕਰਕੇ ਇੰਗਲੈਂਡ ਖ਼ਿਲਾਫ਼ ਪੰਜ ਟੈਸਟ ਮੈਚਾਂ ਦੀ ਘਰੇਲੂ ਲੜੀ ਨਹੀਂ ਖੇਡ ਸਕਿਆ ਸੀ। ਕੋਹਲੀ ਨੇ ਪਿਛਲੇ ਆਈਪੀਐੱਲ ’ਚ 639 ਦੌੜਾਂ ਬਣਾਈਆਂ ਸਨ ਜਿਨ੍ਹਾਂ ’ਚ ਦੋ ਸੈਂਕੜੇ ਤੇ ਛੇ ਨੀਮ ਸੈਂਕੜੇ ਸ਼ਾਮਲ ਹਨ।