ਆਈਪੀਐੱਲ: ਰਾਜਸਥਾਨ ਰਾਇਲਜ਼ ਨੇ ਲਖਨਊ ਸੁਪਰ ਜਾਇੰਟਸ ਨੂੰ 20 ਦੌੜਾਂ ਨਾਲ ਹਰਾਇਆ

ਆਈਪੀਐੱਲ: ਰਾਜਸਥਾਨ ਰਾਇਲਜ਼ ਨੇ ਲਖਨਊ ਸੁਪਰ ਜਾਇੰਟਸ ਨੂੰ 20 ਦੌੜਾਂ ਨਾਲ ਹਰਾਇਆ

ਜੈਪੁਰ- ਕਪਤਾਨ ਸੰਜੂ ਸੈਮਸਨ ਦੀਆਂ ਨਾਬਾਦ 82 ਦੌੜਾਂ ਦੀ ਬਦੌਲਤ ਸਾਬਕਾ ਚੈਂਪੀਅਨ ਰਾਜਸਥਾਨ ਰਾਇਲਜ਼ ਨੇ ਆਈਪੀਐੱਲ ਦੇ ਪਹਿਲੇ ਮੈਚ ਵਿੱਚ ਲਖਨਉੂ ਸੁਪਰ ਜਾਇੰਟਸ ਨੂੰ 20 ਦੌੜਾਂ ਨਾਲ ਹਰਾਇਆ। ਜਿੱਤ ਲਈ 194 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਲਖਨਊ ਲਈ ਕੇਐੱਲ ਰਾਹੁਲ ਨੇ 58 ਦੌੜਾਂ ਅਤੇ ਨਿਕੋਲਸ ਪੂਰਨ ਨੇ ਨਾਬਾਦ 64 ਦੌੜਾਂ ਦੀ ਪਾਰੀ ਖੇਡੀ ਪਰ ਟੀਮ ਜਿੱਤ ਤੱਕ ਨਹੀਂ ਪਹੁੰਚ ਸਕੀ। ਇੱਕ ਸਮੇਂ 11 ਦੌੜਾਂ ’ਤੇ ਤਿੰਨ ਵਿਕਟਾਂ ਗਵਾਉਣ ਮਗਰੋਂ ਲਖਨਊ ਸੁਪਰ ਜਾਇੰਟਸ ਨੇ ਛੇ ਵਿਕਟਾਂ ’ਤੇ 173 ਦੌੜਾਂ ਬਣਾਈਆਂ।ਲਖਨਊ ਦੀ ਸ਼ੁਰੂਆਤ ਮਾੜੀ ਰਹੀ ਅਤੇ ਰਾਜਸਥਾਨ ਦੇ ਤੇਜ਼ ਗੇਂਦਬਾਜ਼ ਟਰੇਂਟ ਬੋਲਟ ਅਤੇ ਨਾਂਦਰੇ ਬਰਗਰ ਨੇ ਚੰਗਾ ਪ੍ਰਦਰਸ਼ਨ ਕੀਤਾ। ਬੋਲਟ ਨੇ 35 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਜਦਕਿ ਬਰਗਰ ਨੂੰ ਇੱਕ ਵਿਕਟ ਮਿਲੀ। ਲੈੱਗ ਸਟੰਪ ਤੋਂ ਬਾਹਰ ਜਾਂਦੀ ਬੋਲਟ ਦੀ ਗੇਂਦ ’ਤੇ ਛੱਕਾ ਲਾਉਣ ਦੀ ਕੋਸ਼ਿਸ਼ ਵਿੱਚ ਕਿੰਵਟੋਨ ਡਿਕਾਂਕ ਬਾਊਂਡਰੀ ’ਤੇ ਬਰਗਰ ਨੂੰ ਕੈਚ ਦੇ ਬੈਠਿਆ। ਬੋਲਟ ਨੇ ਅਗਲੇ ਓਵਰ ਵਿੱਚ ਦੇਵਦੱਤ ਪੱਡੀਕਲ ਨੂੰ ਖਾਤਾ ਖੋਲ੍ਹੇ ਬਿਨਾਂ ਹੀ ਆਊਟ ਕਰ ਦਿੱਤਾ। ਆਯੂਸ਼ ਬਡੋਨੀ (ਇੱਕ) ਨੂੰ ਬਰਗਰ ਨੇ ਮਿੱਡ ਆਨ ’ਤੇ ਜੋਸ ਬਟਲਰ ਹੱਥੋਂ ਆਊਟ ਕਰਵਾਇਆ।ਪਹਿਲੇ ਚਾਰ ਓਵਰਾਂ ਵਿੱਚ ਲਖਨਊ ਨੇ ਤਿੰਨ ਵਿਕਟਾਂ 11 ਦੌੜਾਂ ’ਤੇ ਗੁਆ ਲਈਆਂ। ਦੀਪਕ ਹੁੱਡਾ ਨੇ ਰਾਹੁਲ ਨਾਲ ਚੌਥੀ ਵਿਕਟ ਲਈ 49 ਦੌੜਾਂ ਬਣਾਈਆਂ। ਉਸ ਨੇ 13 ਗੇਂਦਾਂ ਵਿੱਚ 26 ਦੌੜਾਂ ਬਣਾਈਆਂ ਪਰ ਯੁਜਵੇਂਦਰ ਚਹਲ ਦੀ ਗੇਂਦ ’ਤੇ ਆਪਣੀ ਵਿਕਟ ਗੁਆ ਬੈਠਿਆ। ਸੰਦੀਪ ਸ਼ਰਮਾ ਨੇ ਰਾਹੁਲ ਦੀ ਅਹਿਮ ਵਿਕਟ ਲਈ, ਜਿਸ ਦਾ ਕੈਚ ਸਵੀਪਰ ਕਵਰ ’ਚ ਧਰੁਵ ਜੁਰੇਲ ਨੇ ਕੀਤਾ। ਇਸੇ ਤਰ੍ਹਾਂ ਅਸ਼ਿਵਨ ਨੇ ਮਾਰਕਸ ਸਟੋਇਨਿਸ (3) ਨੂੰ ਡੀਪ ਮਿੱਡਵਿਕਟ ’ਤੇ ਜੁਰੇਲ ਦੇ ਹੱਥਾਂ ’ਚ ਗੇਂਦ ਪਹੁੰਚਾ ਕੇ ਆਊਟ ਕਰ ਦਿੱਤਾ। ਆਖਰੀ ਦੋ ਓਵਰਾਂ ਵਿੱਚ ਲਖਨਊ ਨੂੰ 38 ਦੌੜਾਂ ਦੀ ਲੋੜ ਸੀ।ਸੰਦੀਪ ਨੇ 19ਵੇਂ ਓਵਰ ਵਿੱਚ ਸਿਰਫ਼ 11 ਦੌੜਾਂ ਦਿੱਤੀਆਂ। ਇਸ ਤੋਂ ਪਹਿਲਾਂ ਸੰਜੂ ਸੈਮਸਨ ਨੇ ਨਾਬਾਦ 82 ਦੌੜਾਂ ਬਣਾ ਕੇ ਰਾਜਸਥਾਨ ਨੂੰ ਚਾਰ ਵਿਕਟਾਂ ’ਤੇ 193 ਦੌੜਾਂ ਤੱਕ ਪਹੁੰਚਾਇਆ।