ਆਈ. ਪੀ. ਐੱਲ. : ਗੁਜਰਾਤ ਨੇ ਪੰਜਾਬ ਨੂੰ ਤਿੰਨ ਵਿਕਟਾਂ ਨਾਲ ਹਰਾਇਆ

ਆਈ. ਪੀ. ਐੱਲ. : ਗੁਜਰਾਤ ਨੇ ਪੰਜਾਬ ਨੂੰ ਤਿੰਨ ਵਿਕਟਾਂ ਨਾਲ ਹਰਾਇਆ


ਮੁੱਲਾਂਪੁਰ ਗ਼ਰੀਬਦਾਸ- ਗੁਜਰਾਤ ਟਾਈਟਨਜ਼ ਨੇ ਅੱਜ ਇੱਥੇ ਆਈਪੀਐੱਲ ਦੇ ਇਕ ਮੈਚ ਵਿੱਚ ਪੰਜਾਬ ਕਿੰਗਜ਼ ਦੀ ਟੀਮ ਨੂੰ ਤਿੰਨ ਵਿਕਟਾਂ ਨਾਲ ਹਰਾ ਦਿੱਤਾ। ਗੁਜਰਾਤ ਦੀ ਟੀਮ ਨੇ ਪੰਜਾਬ ਵੱਲੋਂ ਜਿੱਤ ਲਈ ਦਿੱਤੇ 143 ਦੌੜਾਂ ਦੇ ਟੀਚੇ ਨੂੰ ਸੱਤ ਵਿਕਟਾਂ ਗੁਆ ਕੇ 19.1 ਓਵਰਾਂ ਵਿੱਚ 146 ਦੌੜਾਂ ਬਣਾਉਂਦਿਆਂ ਹਾਸਲ ਕਰ ਲਿਆ। ਟੀਮ ਵੱਲੋਂ ਕਪਤਾਨ ਸ਼ੁਭਮਨ ਗਿੱਲ ਨੇ 35 ਦੌੜਾਂ, ਰਾਹੁਲ ਤਿਵੇਤੀਆ ਨੇ 36 ਅਤੇ ਸਾਈ ਸੁਦਰਸ਼ਨ ਨੇ 31 ਦੌੜਾਂ ਬਣਾਈਆਂ। ਪੰਜਾਬ ਵੱਲੋਂ ਲਿਆਮ ਲਿਵਿੰਗਸਟੋਨ ਨੇ ਦੋ ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਆਰ ਸਾਈ ਕਿਸ਼ੋਰ ਦੀ ਅਗਵਾਈ ਵਿੱਚ ਗੁਜਰਾਤ ਟਾਈਟਨਜ਼ ਦੇ ਸਪਿੰਨਰਾਂ ਨੇ ਮੈਚ ਵਿੱਚ ਪੰਜਾਬ ਦੇ ਬੱਲੇਬਾਜ਼ਾਂ ਨੂੰ 142 ਦੌੜਾਂ ’ਤੇ ਢੇਰ ਕਰ ਦਿੱਤਾ। ਇਸ ਸੈਸ਼ਨ ਵਿੱਚ ਪਾਵਰਪਲੇਅ ’ਚ ਸਭ ਤੋਂ ਖ਼ਰਾਬ ਖੇਡ ਰਹੇ ਪੰਜਾਬ ਕਿੰਗਜ਼ ਨੇ ਧੀਮੀ ਸ਼ੁਰੂਆਤ ਕਰਦੇ ਹੋਏ ਪੰਜ ਓਵਰਾਂ ’ਚ ਬਿਨਾਂ ਕਿਸੇ ਨੁਕਸਾਨ ਤੋਂ 45 ਦੌੜਾਂ ਬਣਾਈਆਂ। ਉਪਰੰਤ ਸਾਈ ਕਿਸ਼ੋਰ, ਰਾਸ਼ਿਦ ਖਾਨ ਤੇ ਨੂਰ ਅਹਿਮਦ ਨੇ ਪੰਜਾਬ ਦੇ ਬੱਲੇਬਾਜ਼ਾਂ ਨੂੰ ਖੁੱਲ੍ਹ ਕੇ ਖੇਡਣ ਹੀ ਨਹੀਂ ਦਿੱਤਾ। ਸਾਈ ਕਿਸ਼ੋਰ ਨੇ 33 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਕੋਲਕਾਤਾ: ਫਿਲਿਪ ਸਾਲਟ ਤੇ ਕਪਤਾਨ ਸ਼੍ਰੇਅਸ ਅਈਅਰ ਦੀ ਸ਼ਾਨਦਾਰ ਬੱਲੇਬਾਜ਼ੀ ਤੋਂ ਬਾਅਦ ਆਂਦਰੇ ਰਸੇਲ (25 ਦੌੜਾਂ ਦੇ ਕੇ ਤਿੰਨ ਵਿਕਟਾਂ) ਦੀ ਅਗਵਾਈ ਵਿੱਚ ਗੇਂਦਬਾਜ਼ਾਂ ਦੇ ਚੰਗੇ ਪ੍ਰਦਰਸ਼ਨ ਨਾਲ ਕੋਲਕਾਤਾ ਨਾਈਟ ਰਾਈਡਰਜ਼ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਫਸਵੇਂ ਮੈਚ ਵਿੱਚ ਅੱਜ ਇੱਥੇ ਰੌਇਲ ਚੈਲੇਂਜਰਜ਼ ਬੰਗਲੌਰ ਨੂੰ ਇਕ ਦੌੜ ਨਾਲ ਹਰਾ ਦਿੱਤਾ। ਸਾਲਟ ਨੇ 14 ਗੇਂਦਾਂ ਵਿੱਚ ਸੱਤ ਚੌਕੇ ਤੇ ਤਿੰਨ ਛੱਕਿਆਂ ਦੀ ਮਦਦ ਨਾਲ 48 ਦੌੜਾਂ ਬਣਾਈਆਂ ਤਾਂ ਅਈਅਰ ਨੇ 36 ਗੇਂਦਾਂ ’ਚ 50 ਦੌੜਾਂ ਦੀ ਪਾਰੀ ਦੌਰਾਨ ਸੱਤ ਚੌਕੇ ਤੇ ਇਕ ਛੱਕਾ ਮਾਰਿਆ, ਜਿਸ ਨਾਲ ਕੇਕੇਆਰ ਨੇ ਸੱਤ ਵਿਕਟਾਂ ’ਤੇ 222 ਦੌੜਾਂ ਬਣਾਈਆਂ। ਆਰਸੀਬੀ ਦੀ ਪਾਰੀ ਮੈਚ ਦੀ ਆਖ਼ਰੀ ਗੇਂਦ ’ਤੇ 221 ਦੌੜਾਂ ’ਤੇ ਸਿਮਟ ਗਈ।