ਨਵੀਂ ਦਿੱਲੀ-ਨਕਦੀ ਬਦਲੇ ਸੰਸਦ ’ਚ ਸਵਾਲ ਪੁੱਛਣ ਦੇ ਲੱਗੇ ਦੋਸ਼ਾਂ ਦੇ ਸਬੰਧ ’ਚ ਤ੍ਰਿਣਮੂਲ ਕਾਂਗਰਸ ਆਗੂ ਮਹੂਆ ਮੋਇਤਰਾ ਭਲਕੇ ਸਦਾਚਾਰ ਕਮੇਟੀ ਅੱਗੇ ਪੇਸ਼ ਹੋਵੇਗੀ। ਉਨ੍ਹਾਂ ਸ਼ਿਕਾਇਤਕਰਤਾ ਜੈ ਅਨੰਤ ਦੇਹਾਦਰਾਈ ਅਤੇ ਕਥਤਿ ਤੌਰ ’ਤੇ ਰਿਸ਼ਵਤ ਦੇਣ ਵਾਲੇ ਕਾਰੋਬਾਰੀ ਦਰਸ਼ਨ ਹੀਰਾਨੰਦਾਨੀ ਨਾਲ ਜਿਰਹਾ ਦੀ ਵੀ ਮੰਗ ਕੀਤੀ ਹੈ। ਉਧਰ ਮਹੂਆ ’ਤੇ ਦੋਸ਼ ਲਾਉਣ ਵਾਲੇ ਭਾਜਪਾ ਸੰਸਦ ਮੈਂਬਰ ਨਿਸ਼ੀਕਾਤ ਦੂਬੇ ਨੇ ਸੰਸਦੀ ਨੇਮਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਇਸ ਮੁੱਦੇ ’ਤੇ ਕੁਝ ਨਹੀਂ ਬੋਲਣਗੇ ਕਿਉਂਕਿ ਭਲਕੇ ਸਦਾਚਾਰ ਕਮੇਟੀ ’ਚ ਮਹੂਆ ਨੇ ਪੇਸ਼ ਹੋਣਾ ਹੈ। ‘ਐਕਸ’ ’ਤੇ ਦੋ ਪੰਨਿਆਂ ਦਾ ਪੱਤਰ ਸਾਂਝਾ ਕਰਦਿਆਂ ਮਹੂਆ ਨੇ ਕਿਹਾ,‘‘ਸਦਾਚਾਰ ਕਮੇਟੀ ਨੇ ਮੈਨੂੰ ਸੰਮਨ ਜਾਰੀ ਕਰਨ ਦੇ ਹੁਕਮ ਮੀਡੀਆ ’ਚ ਲੀਕ ਕਰਨ ਨੂੰ ਜਾਇਜ਼ ਸਮਝਿਆ ਹੈ ਤਾਂ ਮੇਰੇ ਵਿਚਾਰ ਨਾਲ ਇਹ ਵੀ ਅਹਿਮ ਹੈ ਕਿ ਭਲਕੇ ਸੁਣਵਾਈ ਤੋਂ ਪਹਿਲਾਂ ਮੇਰਾ ਕਮੇਟੀ ਨੂੰ ਲਿਖਿਆ ਪੱਤਰ ਵੀ ਜਾਰੀ ਹੋਵੇ।’’ ਸਦਾਚਾਰ ਕਮੇਟੀ ਦੇ ਚੇਅਰਮੈਨ ਵਿਨੋਦ ਸੋਨਕਰ ਨੂੰ ਲਿਖੀ ਚਿੱਠੀ ’ਚ ਟੀਐੱਮਸੀ ਆਗੂ ਨੇ ਕਿਹਾ ਕਿ ਉਨ੍ਹਾਂ ਨੂੰ ਕਮੇਟੀ ਵੱਲੋਂ 28 ਅਕਤੂਬਰ ਨੂੰ ਪੱਤਰ ਮਿਲਿਆ ਕਿ ਉਹ ਕਮੇਟੀ ਅੱਗੇ 2 ਨਵੰਬਰ ਨੂੰ ਸਵੇਰੇ 11 ਵਜੇ ਪੇਸ਼ ਹੋਵੇ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਦੇਹਾਦਰਾਈ ਨੇ ਆਪਣੇ ਦੋਸ਼ ਸਾਬਤਿ ਕਰਨ ਲਈ ਕੋਈ ਵੀ ਦਸਤਾਵੇਜ਼ੀ ਸਬੂਤ ਨਹੀਂ ਦਿੱਤੇ ਹਨ। ਇਸ ਕਾਰਨ ਉਸ ਨੂੰ ਦੇਹਾਦਰਾਈ ਤੋਂ ਪੁੱਛ-ਪੜਤਾਲ ਦਾ ਵੀ ਹੱਕ ਬਣਦਾ ਹੈ। ਉਨ੍ਹਾਂ ਕਿਹਾ ਕਿ ਕਮੇਟੀ ਨੂੰ ਹਲਫ਼ਨਾਮਾ ਦੇਣ ਵਾਲੇ ਹੀਰਾਨੰਦਾਨੀ ਨੂੰ ਵੀ ਸੱਦਿਆ ਜਾਣਾ ਚਾਹੀਦਾ ਹੈ। ਮਹੂਆ ਨੇ ਕਿਹਾ ਕਿ ਜੇਕਰ ਉਸ ਨੂੰ ਦੋਹਾਂ ਤੋਂ ਪੁੱਛ-ਪੜਤਾਲ ਕਰਨ ਦਾ ਮੌਕਾ ਨਾ ਮਿਲਿਆ ਤਾਂ ਕਿਸੇ ਤਰ੍ਹਾਂ ਦੀ ਜਾਂਚ ਸਹੀ ਨਹੀਂ ਹੋਵੇਗੀ। ਉਨ੍ਹਾਂ ਕਮੇਟੀ ਨੂੰ ਇਸ ਦਾ ਲਿਖਤੀ ਜਵਾਬ ਦੇਣ ਦੀ ਮੰਗ ਕੀਤੀ ਹੈ। ਮਹੂਆ ਨੇ ਸਦਾਚਾਰ ਕਮੇਟੀ ’ਤੇ ਦੋਗਲੇ ਰਵੱਈਏ ਦਾ ਦੋਸ਼ ਲਾਉਂਦਿਆਂ ਕਿਹਾ ਕਿ ਭਾਜਪਾ ਸੰਸਦ ਮੈਂਬਰ ਰਮੇਸ਼ ਬਿਧੂੜੀ ਦੇ ਮਾਮਲੇ ’ਚ ਨਰਮ ਵਤੀਰਾ ਅਪਣਾਇਆ ਗਿਆ ਜਦਕਿ ਉਸ ਨੇ ਬਸਪਾ ਸੰਸਦ ਮੈਂਬਰ ਕੁੰਵਰ ਦਾਨਿਸ਼ ਅਲੀ ਨੂੰ ਲੋਕ ਸਭਾ ਅੰਦਰ ਗਾਲ੍ਹਾਂ ਕੱਢੀਆਂ ਸਨ ਅਤੇ ਧਮਕੀ ਦਿੱਤੀ ਸੀ।