ਇਜ਼ਰਾਈਲ ਵੱਲੋਂ ਇਰਾਨ ਦੇ ਪਰਮਾਣੂ ਟਿਕਾਣੇ ਵਾਲੇ ਸ਼ਹਿਰ ’ਤੇ ਹਮਲਾ

ਇਜ਼ਰਾਈਲ ਵੱਲੋਂ ਇਰਾਨ ਦੇ ਪਰਮਾਣੂ ਟਿਕਾਣੇ ਵਾਲੇ ਸ਼ਹਿਰ ’ਤੇ ਹਮਲਾ

ਤਲ ਅਵੀਵ-ਇਜ਼ਰਾਈਲ ਨੇ ਇਰਾਨ ਦੇ ਪਰਮਾਣੂ ਟਿਕਾਣੇ ਵਾਲੇ ਇਸਫਾਹਾਨ ਸ਼ਹਿਰ ’ਤੇ ਹਮਲਾ ਕੀਤਾ ਜਿਸ ਮਗਰੋਂ ਇਰਾਨ ਦੀ ਹਵਾਈ ਰੱਖਿਆ ਪ੍ਰਣਾਲੀ ਹਰਕਤ ’ਚ ਆ ਗਈ ਅਤੇ ਉਸ ਨੇ ਕੁਝ ਸਮੇਂ ਲਈ ਉਡਾਣਾਂ ਮੁਅੱਤਲ ਕਰ ਦਿੱਤੀਆਂ। ਮੰਨਿਆ ਜਾ ਰਿਹਾ ਹੈ ਕਿ ਇਰਾਨ ਵੱਲੋਂ ਕੀਤੇ ਗਏ ਹਮਲੇ ਦਾ ਇਜ਼ਰਾਈਲ ਨੇ ਜਵਾਬ ਦਿੱਤਾ ਹੈ। ਕੌਮਾਂਤਰੀ ਪਰਮਾਣੂ ਊਰਜਾ ਏਜੰਸੀ (ਆਈਏਈਏ) ਨੇ ਦਾਅਵਾ ਕੀਤਾ ਹੈ ਕਿ ਇਰਾਨ ’ਚ ਨਤਾਨਜ਼ ਪਰਮਾਣੂ ਟਿਕਾਣੇ ਨੂੰ ਹਮਲੇ ’ਚ ਕੋਈ ਨੁਕਸਾਨ ਨਹੀਂ ਪੁੱਜਾ ਹੈ। ਤਹਿਰਾਨ ਆਖਦਾ ਆ ਰਿਹਾ ਹੈ ਕਿ ਉਸ ਦਾ ਪਰਮਾਣੂ ਪ੍ਰੋਗਰਾਮ ਸ਼ਾਂਤਮਈ ਕੰਮਾਂ ਲਈ ਹੈ ਪਰ ਪੱਛਮ ਨੂੰ ਸ਼ੱਕ ਹੈ ਕਿ ਉਹ ਪਰਮਾਣੂ ਬੰਬ ਬਣਾ ਰਿਹਾ ਹੈ। ਇਸਫਾਹਾਨ ਦੇ ਪੂਰਬ ਵੱਲ ਅਤੇ ਕੌਮਾਂਤਰੀ ਹਵਾਈ ਅੱਡੇ ਨੇੜੇ ਤਿੰਨ ਧਮਾਕੇ ਸੁਣੇ ਗਏ। ਇਰਾਨ ਨੇ ਹਮਲੇ ਲਈ ਸਿੱਧੇ ਤੌਰ ’ਤੇ ਇਜ਼ਰਾਈਲ ਨੂੰ ਦੋਸ਼ੀ ਠਹਿਰਾਉਣ ਦੀ ਬਜਾਏ ‘ਘੁਸਪੈਠੀਆਂ’ ’ਤੇ ਦੋਸ਼ ਮੜ੍ਹਿਆ ਹੈ। ਇਰਾਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਘਟਨਾ ਪਿੱਛੇ ਕਿਸੇ ਵਿਦੇਸ਼ੀ ਹੱਥ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ ਅਤੇ ਇਹ ਇਰਾਨ ਦੇ ਅੰਦਰੋਂ ਹੀ ਹਮਲੇ ਹੋਏ ਹਨ। ਸੀਨੀਅਰ ਫ਼ੌਜੀ ਕਮਾਂਡਰ ਸਿਆਵੋਸ਼ ਮਿਹਾਨਦੋਸਤ ਨੇ ਕਿਹਾ ਕਿ ਸ਼ੱਕੀ ਵਸਤੂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਤਹਿਰਾਨ ਨੇ ਹਮਲੇ ਨੂੰ ਅਣਗੌਲਿਆ ਕਰਦਿਆਂ ਸੰਕੇਤ ਦਿੱਤੇ ਕਿ ਉਹ ਬਦਲੇ ਦੀ ਕਾਰਵਾਈ ਨਹੀਂ ਕਰੇਗਾ। ਇਰਾਨ ਨੇ ਬਾਅਦ ’ਚ ਆਪਣੇ ਹਵਾਈ ਅੱਡਿਆਂ ਅਤੇ ਹਵਾਈ ਖੇਤਰ ਨੂੰ ਮੁੜ ਤੋਂ ਖੋਲ੍ਹ ਦਿੱਤਾ। ਸੀਮਤ ਹਮਲੇ ਅਤੇ ਇਰਾਨ ਦੇ ਨਰਮ ਰੁਖ਼ ਤੋਂ ਜਾਪਦਾ ਹੈ ਕਿ ਦੋਵੇਂ ਮੁਲਕਾਂ ਵਿਚਕਾਰ ਜੰਗ ਛਿੜਣ ਤੋਂ ਰੋਕਣ ’ਚ ਡਿਪਲੋਮੈਟਾਂ ਦੀਆਂ ਕੋਸ਼ਿਸ਼ਾਂ ਸਿਰੇ ਚੜ੍ਹ ਗਈਆਂ ਹਨ। ਇਰਾਨੀ ਮੀਡੀਆ ਅਤੇ ਅਧਿਕਾਰੀਆਂ ਨੇ ਕੁਝ ਹੀ ਧਮਾਕੇ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਇਹ ਤਿੰਨ ਡਰੋਨਾਂ ਨੂੰ ਫੁੰਡਣ ਦੌਰਾਨ ਹੀ ਵਾਪਰੇ ਸਨ। ਉਂਜ ਇਜ਼ਰਾਈਲ ਨੇ ਕਿਹਾ ਸੀ ਕਿ ਉਹ ਇਰਾਨ ਵੱਲੋਂ ਕੀਤੇ ਗਏ ਹਮਲੇ ਦਾ ਜਵਾਬ ਦੇਵੇਗਾ। ਇਜ਼ਰਾਈਲ ਦੇ ਅੰਦਰੂਨੀ ਸੁਰੱਖਿਆ ਮਾਮਲਿਆਂ ਬਾਰੇ ਮੰਤਰੀ ਇਤਾਮਾਰ ਬੇਨ ਗਵਿਰ ਨੇ ਸ਼ੁੱਕਰਵਾਰ ਦੇ ਹਮਲਿਆਂ ਮਗਰੋਂ ਸਿਰਫ਼ ਇਕ ਸ਼ਬਦ ‘ਲਿੱਸਾ’ ਹੀ ਟਵੀਟ ਕੀਤਾ। ਹਾਲਾਂਕਿ ਇਜ਼ਰਾਇਲੀ ਮੀਡੀਆ ਨੇ ਵੀ ਕਿਹਾ ਕਿ ਇਸਫਾਹਾਨ ਕਸਬੇ ’ਚ ਮਿਜ਼ਾਈਲ ਹਮਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਤਲ ਅਵੀਵ ਦੇ ਕਿਰਯਾ ਫ਼ੌਜੀ ਹੈੱਡਕੁਆਰਟਰ ’ਤੇ ਸ਼ੁੱਕਰਵਾਰ ਸਵੇਰੇ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ। ਇਸ ਦੌਰਾਨ ਇਜ਼ਰਾਈਲ ਵਿੱਚ ਸੁਰੱਖਿਆ ਨੂੰ ਲੈ ਕੇ ਘੁੱਗੂ ਵਜਦੇ ਰਹੇ। ਯੇਰੂਸ਼ਲਮ ’ਚ ਅਮਰੀਕੀ ਸਫ਼ਾਰਤਖਾਨੇ ਨੇ ਇਹਤਿਆਤ ਵਜੋਂ ਅਮਰੀਕੀ ਸਰਕਾਰੀ ਮੁਲਾਜ਼ਮਾਂ ਨੂੰ ਯੇਰੂਸ਼ਲਮ, ਗਰੇਟਰ ਤਲ ਅਵੀਵ ਅਤੇ ਬੀਰਸ਼ੀਬਾ ਤੋਂ ਬਾਹਰ ਸਫ਼ਰ ਨਾ ਕਰਨ ਦੇ ਹੁਕਮ ਦਿੱਤੇ। ਕਈ ਮੁਲਕਾਂ ਨੇ ਦੋਵੇਂ ਮੁਲਕਾਂ ਨੂੰ ਟਕਰਾਅ ਹੋਰ ਵਧਣ ਤੋਂ ਟਾਲਣ ਲਈ ਆਖਿਆ ਸੀ। ਇਨ੍ਹਾਂ ਵਿੱਚ ਯੂਰੋਪੀਅਨ ਯੂਨੀਅਨ ਕਮਿਸ਼ਨ, ਚੀਨ ਤੇ ਅਰਬ ਮੁਲਕ ਸ਼ਾਮਲ ਹਨ। ਨਵੀਂ ਦਿੱਲੀ: ਇਜ਼ਰਾਈਲ ਅਤੇ ਇਰਾਨ ਵਿਚਕਾਰ ਟਕਰਾਅ ਦਰਮਿਆਨ ਏਅਰ ਇੰਡੀਆ ਨੇ ਇਜ਼ਰਾਈਲ ਦੀ ਰਾਜਧਾਨੀ ਤਲ ਅਵੀਵ ਲਈ ਆਪਣੀਆਂ ਉਡਾਣਾਂ 30 ਅਪਰੈਲ ਤੱਕ ਲਈ ਮੁਅੱਤਲ ਕਰ ਦਿੱਤੀਆਂ ਹਨ। ਏਅਰਲਾਈਨ ਨੇ ਇਕ ਬਿਆਨ ’ਚ ਕਿਹਾ ਕਿ ਮੱਧ ਪੂਰਬ ਦੇ ਹਾਲਾਤ ਨੂੰ ਦੇਖਦਿਆਂ ਇਹ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਹਾਲਾਤ ’ਤੇ ਨਜ਼ਰ ਰੱਖ ਰਹੇ ਹਨ ਅਤੇ ਜਿਹੜੇ ਮੁਸਾਫ਼ਰਾਂ ਨੇ ਉਡਾਣਾਂ ਦੀ ਬੁਕਿੰਗ ਕਰਵਾਈ ਹੈ, ਉਨ੍ਹਾਂ ਨੂੰ ਮੁੜ ਬੁਕਿੰਗ ਕਰਾਉਣ ਅਤੇ ਰੱਦ ਕਰਨ ਦੇ ਖ਼ਰਚਿਆਂ ’ਤੇ ਇਕ ਵਾਰ ਦੀ ਛੋਟ ਮਿਲੇਗੀ।