ਜਿਹੜੇ ਚੋਣਾਂ ਨਹੀਂ ਜਿੱਤ ਸਕਦੇ ਉਹ ਰਾਜ ਸਭਾ ’ਚ ਆ ਗਏ ਨੇ: ਮੋਦੀ

ਜਿਹੜੇ ਚੋਣਾਂ ਨਹੀਂ ਜਿੱਤ ਸਕਦੇ ਉਹ ਰਾਜ ਸਭਾ ’ਚ ਆ ਗਏ ਨੇ: ਮੋਦੀ

ਜੈਪੁਰ- ਕਾਂਗਰਸ ਆਗੂ ਸੋਨੀਆ ਗਾਂਧੀ ’ਤੇ ਅਸਿੱਧੇ ਸ਼ਬਦਾਂ ’ਚ ਹਮਲਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਿਹੜੇ ਚੋਣਾਂ ਨਹੀਂ ਜਿੱਤ ਸਕਦੇ ਹਨ ਅਤੇ ਮੈਦਾਨ ਛੱਡ ਕੇ ਭੱਜ ਗਏ ਹਨ, ਉਹ ਰਾਜਸਥਾਨ ਤੋਂ ਰਾਜ ਸਭਾ ’ਚ ਪਹੁੰਚ ਗਏ ਹਨ। ਰਾਜਸਥਾਨ ਦੇ ਜਲੌਰ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਦੇਸ਼ ਦੇ ਲੋਕ ਕਾਂਗਰਸ ਨੂੰ ਉਸ ਦੇ ‘ਗੁਨਾਹਾਂ’ ਦੀ ਸਜ਼ਾ ਦੇ ਰਹੇ ਹਨ ਅਤੇ ਜਿਸ ਪਾਰਟੀ ਨੇ ਕਦੇ 400 ਤੋਂ ਵਧ ਸੀਟਾਂ ਜਿੱਤੀਆਂ ਸਨ, ਉਸ ਨੂੰ ਹੁਣ 300 ਸੀਟਾਂ ’ਤੇ ਉਮੀਦਵਾਰ ਹੀ ਨਹੀਂ ਲੱਭ ਰਹੇ ਹਨ। ‘ਵੋਟਿੰਗ ਦੇ ਪਹਿਲੇ ਗੇੜ ’ਚ ਅੱਧੇ ਰਾਜਸਥਾਨ ਨੇ ਕਾਂਰਗਸ ਨੂੰ ਸਜ਼ਾ ਦੇ ਦਿੱਤੀ ਹੈ। ਦੇਸ਼ ਭਗਤੀ ਦੇ ਜਜ਼ਬੇ ਵਾਲੇ ਰਾਜਸਥਾਨ ਦੇ ਲੋਕ ਜਾਣਦੇ ਹਨ ਕਿ ਕਾਂਗਰਸ ਕਦੇ ਵੀ ਭਾਰਤ ਨੂੰ ਮਜ਼ਬੂਤ ਨਹੀਂ ਬਣਾ ਸਕਦੀ ਹੈ। ਲੋਕ 2014 ਤੋਂ ਪਹਿਲਾਂ ਵਾਲੇ ਹਾਲਾਤ ਨਹੀਂ ਚਾਹੁੰਦੇ ਹਨ।’ ਮੋਦੀ ਨੇ ਕਿਹਾ ਕਿ ਕਾਂਗਰਸ ਨੇ ਭਾਈ-ਭਤੀਜਾਵਾਦ ਅਤੇ ਭ੍ਰਿਸ਼ਟਾਚਾਰ ਦੀ ਸਿਉਂਕ ਫੈਲਾ ਕੇ ਦੇਸ਼ ਨੂੰ ਖੋਖਲਾ ਕਰ ਦਿੱਤਾ ਹੈ। ਨੌਜਵਾਨ ਤਾਂ ਇਸ ਕਦਰ ਨਾਰਾਜ਼ ਹਨ ਕਿ ਉਹ ਕਾਂਗਰਸ ਦਾ ਮੂੰਹ ਤੱਕ ਨਹੀਂ ਦੇਖਣਾ ਚਾਹੁੰਦੇ। ‘ਉਨ੍ਹਾਂ ਮੌਕਾਪ੍ਰਸਤ ਇੰਡੀ ਗੱਠਜੋੜ ਬਣਾਇਆ ਹੈ ਜੋ ਅਜਿਹੀ ਪਤੰਗ ਹੈ, ਜਿਸ ਦੀ ਉੱਡਣ ਤੋਂ ਪਹਿਲਾਂ ਹੀ ਡੋਰ ਕੱਟੀ ਗਈ ਹੈ। ਕਈ ਸੂਬਿਆਂ ਖਾਸ ਕਰਕੇ 25 ਫ਼ੀਸਦੀ ਸੀਟਾਂ ’ਤੇ ਤਾਂ ਗੱਠਜੋੜ ਦੇ ਭਾਈਵਾਲ ਆਪਸ ’ਚ ਹੀ ਲੜ ਰਹੇ ਹਨ। ਚੋਣਾਂ ਤੋਂ ਪਹਿਲਾਂ ਹੀ ਉਹ ਆਪਸ ’ਚ ਲੜ ਰਹੇ ਹਨ ਤਾਂ ਫਿਰ ਤੁਸੀਂ ਸੋਚੋ ਕਿ ਚੋਣਾਂ ਤੋਂ ਬਾਅਦ ਉਹ ਲੁੱਟ ਮਚਾਉਣ ਲਈ ਹੋਰ ਕਿੰਨੇ ਜ਼ੋਰ ਨਾਲ ਲੜਨਗੇ। ਕੀ ਅਸੀਂ ਅਜਿਹੇ ਲੋਕਾਂ ਨੂੰ ਪੂਰਾ ਮੁਲਕ ਸੌਂਪ ਸਕਦੇ ਹਾਂ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਈ ਵੀ ਯੂਪੀਏ ਸਰਕਾਰ ਸਮੇਂ ਪ੍ਰਧਾਨ ਮੰਤਰੀ ਦੀ ਨਹੀਂ ਸੁਣਦਾ ਸੀ। ਉਸ ਸਮੇਂ ਸਰਕਾਰ ਰਿਮੋਟ ਕੰਟਰੋਲ ਰਾਹੀਂ ਚੱਲ ਰਹੀ ਸੀ। ਉਨ੍ਹਾਂ ਦੀ ਪਾਰਟੀ ਦੇ ਹੀ ਇਕ ਆਗੂ ਨੇ ਮੀਡੀਆ ਨੂੰ ਸੱਦ ਕੇ ਕੈਬਨਿਟ ਵੱਲੋਂ ਪਾਸ ਆਰਡੀਨੈਂਸ ਨੂੰ ਪਾੜ ਕੇ ਸੁੱਟ ਦਿੱਤਾ ਸੀ। ਉਨ੍ਹਾਂ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਵੀ ਗਿਣਾਈਆਂ ਅਤੇ ਕਿਹਾ ਕਿ 70 ਸਾਲ ਤੋਂ ਉਪਰ ਦੇ ਹਰੇਕ ਬਜ਼ੁਰਗ ਦੇ ਇਲਾਜ ਲਈ 5 ਲੱਖ ਰੁਪਏ ਦਾ ਖ਼ਰਚਾ ਸਰਕਾਰ ਸਹਿਣ ਕਰੇਗੀ।