ਕਾਂਗਰਸ ਦਲਿਤਾਂ ਦਾ ਰਾਖਵਾਂਕਰਨ ਮੁਸਲਮਾਨਾਂ ਨੂੰ ਦੇਣਾ ਚਾਹੁੰਦੀ ਸੀ: ਮੋਦੀ

ਕਾਂਗਰਸ ਦਲਿਤਾਂ ਦਾ ਰਾਖਵਾਂਕਰਨ ਮੁਸਲਮਾਨਾਂ ਨੂੰ ਦੇਣਾ ਚਾਹੁੰਦੀ ਸੀ: ਮੋਦੀ

ਜੈਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ’ਤੇ ਦੋਸ਼ ਲਾਇਆ ਕਿ ਉਹ ਦਲਿਤਾਂ, ਪੱਛੜੇ ਵਰਗਾਂ ਤੇ ਆਦਿਵਾਸੀਆਂ ਦਾ ਰਾਖਵਾਂਕਰਨ ਮਜ਼ਹਬ ਦੇ ਆਧਾਰ ’ਤੇ ਮੁਸਲਮਾਨਾਂ ਨੂੰ ਦੇਣਾ ਚਾਹੁੰਦੀ ਸੀ। ਉਨ੍ਹਾਂ ਇੱਕ ਵਾਰ ਫਿਰ ਦੋਸ਼ ਲਾਇਆ ਕਿ ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ ’ਚ ਲੋਕਾਂ ਦਾ ਪੈਸਾ ਖੋਹ ਕੇ ਆਪਣੇ ‘ਖਾਸ’ ਲੋਕਾਂ ਨੂੰ ਵੰਡਣ ਦੀ ਡੂੰਘੀ ਸਾਜ਼ਿਸ਼ ਰਚੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਰਾਜ ’ਚ ਆਪਣੀ ਆਸਥਾ ਦਾ ਪਾਲਣ ਕਰਨਾ ਵੀ ਮੁਸ਼ਕਲ ਹੋ ਜਾਂਦਾ ਹੈ ਅਤੇ ਉਸ ਦੇ ਰਾਜ ’ਚ ਹਨੂਮਾਨ ਚਾਲੀਸਾ ਸੁਣਨਾ ਵੀ ਗੁਨਾਹ ਹੋ ਜਾਂਦਾ ਹੈ। ਉਨ੍ਹਾਂ ਕਾਂਗਰਸ ਖ਼ਿਲਾਫ਼ ਇਹ ਟਿੱਪਣੀ ਉਸ ਦਿਨ ਕੀਤੀ ਜਦੋਂ ਦੇਸ਼ ਭਰ ’ਚ ਹਨੂਮਾਨ ਜੈਅੰਤੀ ਮਨਾਈ ਜਾ ਰਹੀ ਹੈ। ਉਹ ਰਾਜਸਥਾਨ ਦੇ ਟੌਂਕ ’ਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘ਮੋਦੀ ਤੁਹਾਨੂੰ ਗਾਰੰਟੀ ਦਿੰਦਾ ਹੈ ਕਿ ਦਲਿਤਾਂ ਤੇ ਪੱਛੜੇ ਕਬੀਲਿਆਂ ਲਈ ਰਾਖਵਾਂਕਰਨ ਕਦੀ ਖਤਮ ਨਹੀਂ ਹੋਵੇਗਾ ਅਤੇ ਨਾ ਹੀ ਧਰਮ ਦੇ ਨਾਂ ’ਤੇ ਵੰਡੀਆਂ ਪਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ।’ ਉਨ੍ਹਾਂ ਕਿਹਾ ਕਿ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਆਪਣੇ ਇੱਕ ਭਾਸ਼ਣ ’ਚ ਕਿਹਾ ਸੀ ਕਿ ਦੇਸ਼ ਦੇ ਸਰੋਤਾਂ ’ਤੇ ਪਹਿਲਾ ਹੱਕ ਮੁਸਲਮਾਨਾਂ ਦਾ ਹੈ। ਉਨ੍ਹਾਂ ਕਿਹਾ, ‘ਇਹ ਕੋਈ ਸੰਜੋਗ ਨਹੀਂ ਹੈ। ਇਹ ਕੋਈ ਇੱਕੋ-ਇੱਕ ਬਿਆਨ ਨਹੀਂ ਹੈ। ਕਾਂਗਰਸ ਦੀ ਵਿਚਾਰਧਾਰਾ ਹਮੇਸ਼ਾ ਹੀ ਤੁਸ਼ਟੀਕਰਨ ਤੇ ਵੋਟ ਬੈਂਕ ਦੀ ਰਾਜਨੀਤੀ ਦੀ ਰਹੀ ਹੈ।’ ਉਨ੍ਹਾਂ ਕਿਹਾ, ‘2004 ’ਚ ਕੇਂਦਰ ਵਿੱਚ ਸਰਕਾਰ ਬਣਾਉਂਦਿਆਂ ਹੀ ਕਾਂਗਰਸ ਨੇ ਸਭ ਤੋਂ ਪਹਿਲਾ ਕੰਮ ਆਂਧਰਾ ਪ੍ਰਦੇਸ਼ ’ਚ ਐੱਸਸੀ/ਐੱਸਟੀ ਦਾ ਰਾਖਵਾਂਕਰਨ ਘਟਾਉਂਦਿਆਂ ਇਹ ਕੋਟਾ ਮੁਸਲਮਾਨਾਂ ਨੂੰ ਦੇਣ ਦਾ ਕੀਤਾ ਸੀ।’ ਉਨ੍ਹਾਂ ਕਿਹਾ ਕਿ ਇਹ ਇੱਕ ਪਾਇਲਟ ਪ੍ਰਾਜੈਕਟ ਸੀ ਅਤੇ ਕਾਂਗਰਸ ਇਸ ਨੂੰ ਸਾਰੇ ਮੁਲਕ ’ਚ ਲਾਗੂ ਕਰਨਾ ਚਾਹੁੰਦੀ ਸੀ। 2004 ਤੋਂ 2010 ਵਿਚਾਲੇ ਕਾਂਗਰਸ ਨੇ ਚਾਰ ਵਾਰ ਆਂਧਰਾ ਪ੍ਰਦੇਸ਼ ’ਚ ਮੁਸਲਿਮ ਰਾਖਵਾਂਗਕਨ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਪਰ ਸੁਪਰੀਮ ਕੋਰਟ ਦੇ ਦਖਲ ਕਾਰਨ ਉਹ ਅਜਿਹਾ ਨਾ ਕਰ ਸਕੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕਦੀ ਵੀ ਸੰਵਿਧਾਨ ਜਾਂ ਬੀ.ਆਰ. ਅੰਬੇਡਕਰ ਦੀ ਪ੍ਰਵਾਹ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਕਰਨਾਟਕ ’ਚ ਭਾਜਪਾ ਸਰਕਾਰ ਆਈ ਤਾਂ ਉਸ ਨੇ ਪਹਿਲਾ ਕੰਮ ਕਾਂਗਰਸ ਵੱਲੋਂ ਐੱਸਸੀ/ਐੱਸਟੀ ਤੋਂ ਖੋਹ ਕੇ ਮੁਸਲਮਾਨਾਂ ਨੂੰ ਦਿੱਤਾ ਗਿਆ ਰਾਖਵਾਂਕਰਨ ਖਤਮ ਕਰਨ ਦਾ ਦਿੱਤਾ।