ਹਰ ਭਾਸ਼ਾ ਵਿੱਚ ਅਤਿਵਾਦੀ ਦਾ ਇਕ ਹੀ ਅਰਥ: ਜੈਸ਼ੰਕਰ

ਹਰ ਭਾਸ਼ਾ ਵਿੱਚ ਅਤਿਵਾਦੀ ਦਾ ਇਕ ਹੀ ਅਰਥ: ਜੈਸ਼ੰਕਰ

ਸਿੰਗਾਪੁਰ- ਵ4ਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਇੱਥੇ ਕਿਹਾ ਕਿ ਕਿਸੇ ਵੀ ਭਾਸ਼ਾ ਵਿੱਚ ‘ਇੱਕ ਅਤਿਵਾਦੀ ਅਤਿਵਾਦੀ ਹੀ ਹੁੰਦਾ ਹੈ’ ਅਤੇ ਵੱਖ-ਵੱਖ ਵਿਆਖਿਆ ਦੇ ਆਧਾਰ ’ਤੇ ਅਤਿਵਾਦ ਦਾ ਬਚਾਅ ਨਹੀਂ ਕਰਨ ਦਿੱਤਾ ਜਾਣਾ ਚਾਹੀਦਾ। ਜੈਸ਼ੰਕਰ ਦਾ ਇਹ ਬਿਆਨ ਸਿੰਗਾਪੁਰ ਵਿੱਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਗੱਲਬਾਤ ਦੌਰਾਨ ਦਿੱਤਾ। ਇਸ ਸਵਾਲ ਦਾ ਜਵਾਬ ਦਿੰਦਿਆਂ ਕਿ ਭਾਰਤੀ ਅਧਿਕਾਰੀ ਆਪਣੇ ਵਿਸ਼ਵਵਿਆਪੀ ਹਮਰੁਤਬਾ ਨਾਲ ਸੰਵੇਦਨਸ਼ੀਲ ਅਤੇ ਭਾਸ਼ਾਈ ਰੂਪ ਤੋਂ ਵੱਖ ਵੱਖ ਵਿਸ਼ਿਆਂ ’ਤੇ ਕਿਵੇਂ ਗੱਲਬਾਤ ਕਰਦੇ ਹਨ, ਮੰਤਰੀ ਨੇ ਕਿਹਾ ਕਿ ਕੂਟਨੀਤੀ ਵਿੱਚ ਵੱਖ ਵੱਖ ਦੇਸ਼ ਆਪਣੇ ਸੱਭਿਆਚਾਰ, ਰਵਾਇਤਾਂ ਅਤੇ ਕਈ ਵਾਰ ਆਪਣੀ ਭਾਸ਼ਾ ਜਾਂ ਸੰਕਲਪਾਂ ਨੂੰ ਚਰਚਾ ਵਿੱਚ ਲਿਆਉਂਦੇ ਹਨ। ਉਨ੍ਹਾਂ ਕਿਹਾ, ‘‘ਇਹ ਵੀ ਸੁਭਾਵਿਕ ਹੈ ਕਿ ਵੱਖ ਵੱਖ ਨਜ਼ਰੀਏ ਹੋਣਗੇ। ਕੂਟਨੀਤੀ ਦਾ ਮਤਲਬ ਇਸ ਨੂੰ ਸੁਲਝਾਉਣ ਅਤੇ ਕਿਸੇ ਤਰ੍ਹਾਂ ਦੀ ਸਹਿਮਤੀ ’ਤੇ ਪਹੁੰਚਣ ਦਾ ਰਾਹ ਲੱਭਣਾ ਹੈ।’’ ਜੈਸ਼ੰਕਰ ਨੇ ਕਿਹਾ ਕਿ ਹਾਲਾਂਕਿ ਕੁੱਝ ਮੁੱਦੇ ਅਜਿਹੇ ਹੁੰਦੇ ਹਨ, ਜਦੋਂ ਸਪੱਸ਼ਟਤਾ ਹੁੰਦੀ ਹੈ ਅਤੇ ਕੋਈ ਭਰਮ ਨਹੀਂ ਹੁੰਦਾ ਹੈ। ਉਨ੍ਹਾਂ ਅਤਿਵਾਦ ਦੀ ਉਦਾਹਰਨ ਦਿੰਦਿਆਂ ਕਿਹਾ, ‘‘ਤੁਸੀਂ ਇਸ ਨੂੰ ਕਿਸੇ ਵੀ ਭਾਸ਼ਾ ਵਿੱਚ ਲੈ ਸਕਦੇ ਹੋ ਪਰ ਅਤਿਵਾਦੀ ਕਿਸੇ ਵੀ ਭਾਸ਼ਾ ਵਿੱਚ ਅਤਿਵਾਦੀ ਹੀ ਹੁੰਦਾ ਹੈ।’’ ਉਨ੍ਹਾਂ ਕਿਸੇ ਵੀ ਦੇਸ਼ ਦਾ ਜ਼ਿਕਰ ਕੀਤੇ ਬਿਨਾਂ ਕਿਹਾ, ‘‘ਅਤਿਵਾਦੀ ਵਰਗੀ ਕਿਸੇ ਚੀਜ਼ ਦਾ ਸਿਰਫ਼ ਇਸ ਲਈ ਕਦੇ ਬਚਾਅ ਨਾ ਕਰਨ ਦਿਓ ਕਿਉਂਕਿ ਉਹ ਇੱਕ ਵੱਖਰੀ ਭਾਸ਼ਾ ਦੀ ਵਰਤੋਂ ਕਰ ਰਹੇ ਹਨ ਜਾਂ ਇੱਕ ਵੱਖਰਾ ਸਪੱਸ਼ਟੀਕਰਨ ਦੇ ਰਹੇ ਹਨ।’’ ਉਨ੍ਹਾਂ ਕਿਹਾ ਕਿ ਅਜਿਹੇ ਮੁੱਦੇ ਹੋ ਸਕਦੇ ਹਨ, ਜਿੱਥੇ ਦੋ ਰਾਸ਼ਟਰਾਂ ਦੇ ਅਸਲ ਵਿੱਚ ਵੱਖ-ਵੱਖ ਦ੍ਰਿਸ਼ਟੀਕੋਣ ਹੋ ਸਕਦੇ ਹਨ ਅਤੇ ‘ਅਜਿਹੇ ਮੁੱਦੇ ਵੀ ਹੋਣਗੇ, ਜਦੋਂ ਉਨ੍ਹਾਂ ਨੂੰ ਉੱਚਿਤ ਠਹਿਰਾਉਣ ਲਈ ਇੱਕ ਢਾਲ ਵਜੋਂ ਵਰਤਿਆ ਜਾਵੇਗਾ।’’ ਉਨ੍ਹਾਂ ਕਿਹਾ ਕਿ ਵਿਅਕਤੀ ਨੂੰ ਫਰਕ ਸਮਝਣ ਅਤੇ ਇਸ ਨਾਲ ਨਜਿੱਠਣ ਦਾ ਤਰੀਕਾ ਲੱਭਣ ਦੇ ਸਮਰੱਥ ਹੋਣਾ ਚਾਹੀਦਾ ਹੈ। ਆਪਣੇ ਸੰਬੋਧਨ ਵਿੱਚ ਜੈਸ਼ੰਕਰ ਨੇ ਸੁਤੰਤਰਤਾ ਸੰਗਰਾਮ ਦੇ ਦਿਨਾਂ ਦੇ ਭਾਰਤ-ਸਿੰਗਾਪੁਰ ਸਬੰਧਾਂ ਦਾ ਜ਼ਿਕਰ ਕੀਤਾ, ਜਦੋਂ ਸੁਭਾਸ਼ ਚੰਦਰ ਬੋਸ ਨੇ ਆਜ਼ਾਦ ਹਿੰਦ ਫ਼ੌਜ ਦੀ ਸਥਾਪਨਾ ਕੀਤੀ ਅਤੇ ‘ਦਿੱਲੀ ਚੱਲੋ’ ਦਾ ਸੱਦਾ ਦਿੱਤਾ।