ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦਾ ਅੱਜ ਜੱਦੀ ਪਿੰਡ ’ਚ ਹੋਵੇਗਾ ਸਸਕਾਰ

ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦਾ ਅੱਜ ਜੱਦੀ ਪਿੰਡ ’ਚ ਹੋਵੇਗਾ ਸਸਕਾਰ

ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ। ਭਾਰਤੀ ਸੈਨਾ ਦੀ ਟੁੱਕੜੀ ਤਿਰੰਗੇ ਵਿੱਚ ਲਿਪਟੀ ਹੋਈ ਕਰਨਲ ਦੀ ਮ੍ਰਿਤਕ ਦੇਹ ਲੈ ਕੇ ਭਲਕੇ ਪਿੰਡ ਪਹੁੰਚੇਗੀ।

ਮਿਲੀ ਜਾਣਕਾਰੀ ਅਨੁਸਾਰ ਅੱਜ ਏਅਰਲਿਫ਼ਟ ਰਾਹੀਂ ਕਰਨਲ ਬੈਂਸ ਦੀ ਮ੍ਰਿਤਕ ਦੇਹ ਚੰਡੀਮੰਦਰ ਸਥਿਤ ਕਮਾਨ ਹਸਪਤਾਲ ਪਹੁੰਚ ਗਈ ਹੈ ਜਿਸ ਨੂੰ ਸ਼ਰਧਾਂਜਲੀ ਦੇਣ ਮਗਰੋਂ ਭਲਕੇ ਪਿੰਡ ਭੜੌਜੀਆਂ ਲਿਆਂਦਾ ਜਾਵੇਗਾ। ਕੁਝ ਸਮੇਂ ਲਈ ਕਰਨਲ ਦੀ ਮ੍ਰਿਤਕ ਦੇਹ ਪਰਿਵਾਰ ਅਤੇ ਸੰਗਤ ਦੇ ਦਰਸ਼ਨਾਂ ਲਈ ਰੱਖੀ ਜਾਵੇਗੀ। ਇਸ ਮਗਰੋਂ ਸਸਕਾਰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਅੱਜ ਇੱਕ ਮਹਿਲਾ ਬ੍ਰਿਗੇਡੀਅਰ ਅਤੇ ਕਰਨਲ ਸਮੇਤ ਹੋਰ ਕਈ ਫੌਜੀ ਅਫ਼ਸਰਾਂ ਨੇ ਸ਼ਹੀਦ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਪਿੰਡ ਦੇ ਪਤਵੰਤਿਆਂ ਨੂੰ ਮਿਲੇ। ਇਸ ਮਗਰੋਂ ਫੌਜ ਦੇ ਅਫ਼ਸਰਾਂ ਨੇ ਬਲਾਕ ਮਾਜਰੀ ਦੀ ਤਹਿਸੀਲਦਾਰ ਜਸਵੀਰ ਕੌਰ ਨੂੰ ਨਾਲ ਲੈ ਕੇ ਪਿੰਡ ਦੇ ਸ਼ਮਸ਼ਾਨਘਾਟ ਦਾ ਦੌਰਾ ਕੀਤਾ।

ਸ਼ਹੀਦ ਭਗਤ ਸਿੰਘ ਯੂਥ ਕਲੱਬ ਭੜੌਜੀਆਂ ਦੇ ਪ੍ਰਧਾਨ ਤੇਜਵੀਰ ਸਿੰਘ ਤੇਜੀ, ਸਮਾਜ ਸੇਵੀ ਅਰਵਿੰਦ ਪੁਰੀ, ਸਰਪੰਚ ਰਾਜਿੰਦਰ ਸਿੰਘ ਅਤੇ ਹੋਰਨਾਂ ਪਤਵੰਤਿਆਂ ਨੇ ਦੱਸਿਆ ਕਿ ਨਿਊ ਚੰਡੀਗੜ੍ਹ ਵਸਾਉਣ ਸਮੇਂ ਪਿੰਡ ਭੜੌਜੀਆਂ ਦੀ ਜ਼ਿਆਦਾਤਰ ਜ਼ਮੀਨ ਓਮੈਕਸ ਪ੍ਰਾਜੈਕਟ ਵਿੱਚ ਆ ਗਈ ਹੈ ਜਿਸ ਕਾਰਨ ਸ਼ਮਸ਼ਾਨਘਾਟ ਦੀ ਜ਼ਮੀਨ ਦਾ ਰਕਬਾ ਕਾਫ਼ੀ ਘੱਟ ਗਿਆ ਹੈ। ਸ਼ਮਸ਼ਾਨਘਾਟ ਛੋਟਾ ਹੋਣ ਕਾਰਨ ਫੌਜ ਦੇ ਅਫ਼ਸਰਾਂ ਅਤੇ ਇਲਾਕੇ ਦੇ ਮੋਹਤਬਰਾਂ ਨੇ ਮੰਗ ਕੀਤੀ ਕਿ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦਾ ਸਸਕਾਰ ਸਰਕਾਰੀ ਜ਼ਮੀਨ ’ਚ ਕੀਤਾ ਜਾਵੇ ਤਾਂ ਜੋ ਉੱਥੇ ਸ਼ਹੀਦ ਦੀ ਯਾਦਗਾਰ ਉਸਾਰੀ ਜਾ ਸਕੇ।

ਇਸ ਸਬੰਧੀ ਤਹਿਸੀਲਦਾਰ ਜਸਵੀਰ ਕੌਰ ਨੇ ਕਰਨਲ ਮਨਪ੍ਰੀਤ ਸਿੰਘ ਦੇ ਸਸਕਾਰ ਲਈ ਸਰਕਾਰੀ ਜ਼ਮੀਨ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਹੈ। ਜੇਕਰ ਸਰਕਾਰੀ ਜ਼ਮੀਨ ਨਾ ਮਿਲੀ ਤਾਂ ਪਿੰਡ ਦੇ ਪੁਰਾਣੇ ਸ਼ਮਸ਼ਾਨਘਾਟ ਵਿੱਚ ਸਸਕਾਰ ਕੀਤਾ ਜਾਵੇਗਾ ਅਤੇ ਯਾਦਗਾਰ ਕਿਸੇ ਹੋਰ ਢੁਕਵੀਂ ਥਾਂ ’ਤੇ ਬਣਾਈ ਜਾਵੇਗੀ।

ਦੂਜੇ ਪਾਸੇ ਕਰਨਲ ਮਨਪ੍ਰੀਤ ਸਿੰਘ ਦੀ ਮੌਤ ਦੀ ਖ਼ਬਰ ਮਿਲਣ ਤੋਂ ਉਨ੍ਹਾਂ ਦੇ ਸਹੁਰੇ ਘਰ ਸੋਗ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਉਸ ਦੀ ਪਤਨੀ ਜਗਮੀਤ ਕੌਰ ਡੂੰਘੇ ਸਦਮੇ ਵਿੱਚ ਹੈ ਅਤੇ ਵਿਰਲਾਪ ਕਰਦਿਆਂ ਅੱਜ ਉਸ ਦੀ ਤਬੀਅਤ ਕਾਫ਼ੀ ਵਿਗੜ ਗਈ। ਉਹ ਪੰਚਕੂਲਾ ਦੇ ਮੋਰਨੀ ਬਲਾਕ ਦੇ ਸਰਕਾਰੀ ਸਕੂਲ ’ਚ ਅਧਿਆਪਕਾ ਹੈ ਤੇ ਆਪਣੇ ਦੋ ਬੱਚਿਆਂ ਪੁੱਤਰ ਕਬੀਰ ਸਿੰਘ (7) ਅਤੇ ਧੀ ਬਾਣੀ (ਢਾਈ ਸਾਲ) ਨਾਲ ਪੰਚਕੂਲਾ ਦੇ ਸੈਕਟਰ-26 ’ਚ ਆਪਣੇ ਪੇਕੇ ਘਰ ਰਹਿ ਰਹੀ ਹੈ ਜਦਕਿ ਕਰਨਲ ਦੀ ਬਜ਼ੁਰਗ ਮਾਂ ਮਨਜੀਤ ਕੌਰ ਜੱਦੀ ਪਿੰਡ ਭੜੌਜੀਆਂ ਵਿੱਚ ਹੀ ਰਹਿੰਦੀ ਹੈ। ਮਨਪ੍ਰੀਤ ਸਿੰਘ ਸਾਲ 2003 ਵਿੱਚ ਬਤੌਰ ਲੈਫਟੀਨੈਂਟ ਕਰਨਲ ਭਰਤੀ ਹੋਇਆ ਸੀ ਅਤੇ 2005 ਵਿੱਚ ਮੇਜਰ ਵਜੋਂ ਤਰੱਕੀ ਦਿੱਤੀ ਗਈ ਸੀ।