ਸੀਟਾਂ ਦੀ ਵੰਡ ਬਾਰੇ ‘ਇੰਡੀਆ’ ਗੱਠਜੋੜ ਦਾ ਫ਼ੈਸਲਾ ਮਨਜ਼ੂਰ ਹੋਵੇਗਾ: ਫਾਰੂਕ

ਸੀਟਾਂ ਦੀ ਵੰਡ ਬਾਰੇ ‘ਇੰਡੀਆ’ ਗੱਠਜੋੜ ਦਾ ਫ਼ੈਸਲਾ ਮਨਜ਼ੂਰ ਹੋਵੇਗਾ: ਫਾਰੂਕ

ਜੰਮੂ-ਨੈਸ਼ਨਲ ਕਾਨਫਰੰਸ (ਐੱਨਸੀ) ਦੇ ਮੁਖੀ ਫਾਰੂਕ ਅਬਦੁੱਲ੍ਹਾ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੂੰ ਜੰਮੂ ਕਸ਼ਮੀਰ ਵਿਚ ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਬਾਰੇ ‘ਇੰਡੀਆ’ ਗੱਠਜੋੜ ਦਾ ਫੈਸਲਾ ਪ੍ਰਵਾਨ ਹੋਵੇਗਾ। ਇੱਥੇ ਇਕ ਕਿਤਾਬ ਰਿਲੀਜ਼ ਸਮਾਗਮ ਵਿਚ ਉਨ੍ਹਾਂ ਕਿਹਾ, ‘ਅਸੀਂ ਇੰਡੀਆ ਗੁੱਟ ਦਾ ਹਿੱਸਾ ਹਾਂ ਤੇ ਇਸ ਦੇ ਫੈਸਲੇ ਨੂੰ ਮੰਨਾਂਗੇ।’ ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਵਿਚੋਂ ਐੱਨਸੀ ਤੇ ਪੀਡੀਪੀ ‘ਇੰਡੀਆ’ ਦਾ ਹਿੱਸਾ ਹਨ। ਅਬਦੁੱਲ੍ਹਾ ਨੇ ਕਿਹਾ ਕਿ ਉਹ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਚੋਣਾਂ ਲਈ ਤਿਆਰ ਰਹਿਣ ਦਾ ਸੱਦਾ ਦਿੰਦੇ ਹਨ। ਫਾਰੂਕ ਨੇ ਕਿਹਾ ਕਿ ਉਹ ਇਸ ਸਾਲ ਪੰਚਾਇਤ, ਡੀਡੀਸੀ ਤੇ ਨਿਗਮ ਚੋਣਾਂ ਲਈ ਵੀ ਤਿਆਰ ਸਨ। ਨੋਟਿਸ ਜਾਰੀ ਕਰ ਦਿੱਤੇ ਗਏ ਸਨ ਪਰ ਜਦ ਚੋਣਾਂ ਵਿਚ ਜਾਣਬੁੱਝ ਕੇ ਦੇਰੀ ਕੀਤੀ ਗਈ ਤਾਂ ਇਹ ਪੰਜ ਦਿਨਾਂ ਦੇ ਅੰਦਰ ਵਾਪਸ ਲੈ ਲਏ ਗਏ। ਕੋਈ ਨਹੀਂ ਜਾਣਦਾ ਕਿ ਦੇਰੀ ਕਿਉਂ ਕੀਤੀ ਗਈ। ਅਬਦੁੱਲ੍ਹਾ ਨੇ ਕਿਹਾ ਕਿ, ‘ਉਹ (ਕੇਂਦਰ) ਸਥਿਤੀ ਆਮ ਹੋਣ ਦਾ ਦਾਅਵਾ ਕਰਦੇ ਹਨ ਪਰ ਚੋਣ ਨਹੀਂ ਕਰਾ ਰਹੇ। ਜੇਕਰ ਕਾਰਗਿਲ ਵਿਚ ਚੋਣ ਹੋ ਸਕਦੀ ਹੈ ਤਾਂ ਜੰਮੂ ਕਸ਼ਮੀਰ ਵਿਚ ਕਿਉਂ ਨਹੀਂ।’ ਫਾਰੂਕ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਉਦਯੋਗ ਲਾਉਣ ਵਿਚ ਮਦਦ ਕੀਤੀ ਜਿਸ ਨਾਲ ਲੋਕਾਂ ਨੂੰ ਫਾਇਦਾ ਮਿਲਿਆ ਤੇ ਨੌਕਰੀਆਂ ਪੈਦਾ ਹੋਈਆਂ। ਐੱਨਸੀ ਪ੍ਰਧਾਨ ਨੇ ਕਿਹਾ ਕਿ ਜੰਮੂ ਕਸ਼ਮੀਰ ਵਿਚ ਅਤਿਵਾਦ ਜਿਊਂਦਾ ਹੈ ਤੇ ਇਸ ਨੂੰ ਫੌਜ ਜਾਂ ਪੁਲੀਸ ਦੀ ਵਰਤੋਂ ਨਾਲ ਨਹੀਂ ਖ਼ਤਮ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਇਸ ਸਮੱਸਿਆ ਦੀ ਜੜ੍ਹ ਪਛਾਣ ਕੇ ਹੱਲ ਕੱਢਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾਅਵਾ ਕਰਦੀ ਹੈ ਕਿ ਧਾਰਾ 370 ਦੇ ਨਾਲ ਹੀ ਅਤਿਵਾਦ ਖ਼ਤਮ ਹੋ ਗਿਆ ਹੈ, ਸਥਿਤੀ ਆਮ ਵਾਂਗ ਹੋਣ ਦਾ ਰੌਲਾ ਪਾਇਆ ਜਾ ਰਿਹਾ ਹੈ ਪਰ ਇਹ ਖ਼ਤਮ ਨਹੀਂ ਹੋਇਆ ਹੈ। ਉਨ੍ਹਾਂ ਸੇਵਾਮੁਕਤ ਪੁਲੀਸ ਅਧਿਕਾਰੀ ਦੀ ਅੱਜ ਹੋਈ ਹੱਤਿਆ ’ਤੇ ਅਫ਼ਸੋਸ ਜਤਾਇਆ। ਫਾਰੂਕ ਨੇ ਕਿਹਾ ਕਿ ਪੁਣਛ ਤੇ ਰਾਜੌਰੀ ਦੀਆਂ ਘਟਨਾਵਾਂ ਸਰਕਾਰ ਦੇ ਦਾਅਵਿਆਂ ਤੋਂ ਉਲਟ ਹਨ। ਉਨ੍ਹਾਂ ਕਥਿਤ ਤੌਰ ’ਤੇ ਸੈਨਾ ਦੀ ਹਿਰਾਸਤ ਵਿਚ ਨਾਗਰਿਕਾਂ ਦੀ ਮੌਤ ਤੇ ਅਤਿਵਾਦੀ ਹਮਲੇ ਵਿਚ ਸੈਨਿਕਾਂ ਦੀ ਸ਼ਹੀਦੀ ਉਤੇ ਵੀ ਚਿੰਤਾ ਜ਼ਾਹਿਰ ਕੀਤੀ।