ਈਡੀ ਵੱਲੋਂ ਕੇਜਰੀਵਾਲ ਗ੍ਰਿਫ਼ਤਾਰ

ਈਡੀ ਵੱਲੋਂ ਕੇਜਰੀਵਾਲ ਗ੍ਰਿਫ਼ਤਾਰ

ਨਵੀਂ ਦਿੱਲੀ- ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਈਡੀ ਦੀ ਟੀਮ ਕੇਜਰੀਵਾਲ ਨੂੰ ਕੇਂਦਰੀ ਦਿੱਲੀ ਸਥਿਤ ਆਪਣੇ ਦਫ਼ਤਰ ਲੈ ਗਈ ਹੈ ਜਿਥੇ ਉਨ੍ਹਾਂ ਦੀ ਮੈਡੀਕਲ ਜਾਂਚ ਕਰਵਾਈ ਗਈ। ਸੰਘੀ ਏਜੰਸੀ ਕੇਜਰੀਵਾਲ ਨੂੰ ਭਲਕੇ ਕੋਰਟ ’ਚ ਪੇਸ਼ ਕਰ ਕੇ ਰਿਮਾਂਡ ਦੀ ਮੰਗ ਕਰੇਗੀ। ਇਸ ਦੌਰਾਨ ਦਿੱਲੀ ਪੁਲੀਸ ਨੇ ਕੇਜਰੀਵਾਲ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰਦੇ ‘ਆਪ’ ਵਰਕਰਾਂ ਨੂੰ ਹਿਰਾਸਤ ’ਚ ਲੈ ਲਿਆ ਹੈ।ਦਿੱਲੀ ਹਾਈ ਕੋਰਟ ਵੱਲੋਂ ਅੱਜ ਕੇਜਰੀਵਾਲ ਨੂੰ ਸਖ਼ਤ ਕਾਰਵਾਈ ਤੋਂ ਕੋਈ ਰਾਹਤ ਦੇਣ ਤੋਂ ਇਨਕਾਰ ਕੀਤੇ ਜਾਣ ਤੋਂ ਫੌਰੀ ਮਗਰੋਂ ਈਡੀ ਦੀ ਟੀਮ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਪੁੱਜ ਗਈ ਸੀ। ਸੰਘੀ ਜਾਂਚ ਏਜੰਸੀ ਨੇ ਦੋ ਘੰਟੇ ਦੀ ਪੁੱਛ-ਪੜਤਾਲ ਮਗਰੋਂ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰਨ ਦਾ ਫੈਸਲਾ ਕੀਤਾ। ਉਂਜ ਕੇਜਰੀਵਾਲ ਦੇ ਵਕੀਲਾਂ ਨੇ ਹਾਈ ਕੋਰਟ ਦੇ ਉਪਰੋਕਤ ਫੈਸਲੇ ਖਿਲਾਫ਼ ਅੱਜ ਦਿਨੇਂ ਹੀ ਸੁਪਰੀਮ ਕੋਰਟ ਵਿਚ ਦਸਤਕ ਦੇ ਦਿੱਤੀ ਸੀ। ਸਰਬਉਚ ਕੋਰਟ ਵੱਲੋਂ ਕੇਜਰੀਵਾਲ ਦੀ ਪਟੀਸ਼ਨ ’ਤੇ ਭਲਕੇ ਸੁਣਵਾਈ ਕੀਤੀ ਜਾ ਸਕਦੀ ਹੈ। ਇਸ ਦੌਰਾਨ ‘ਆਪ’ ਨੇ ਕਿਹਾ ਕਿ ਕੇਜਰੀਵਾਲ ‘‘ਦਿੱਲੀ ਦੇ ਮੁੱਖ ਮੰਤਰੀ ਬਣੇ ਰਹਿਣਗੇ। ਜੇਕਰ ਲੋੜ ਪਈ ਤਾਂ ਉਹ ਜੇਲ੍ਹ ਤੋਂ ਹੀ ਸਰਕਾਰ ਚਲਾਉਣਗੇ।’’ ਦਿੱਲੀ ਵਿਚ ਅੱਜ ਦਿਨੇਂ ਤੇਜ਼ੀ ਨਾਲ ਬਦਲਦੇ ਘਟਨਾਕ੍ਰਮ ਦਰਮਿਆਨ ਹਾਈ ਕੋਰਟ ਵੱਲੋਂ ਸੁਣਾਏ ਉਪਰੋਕਤ ਫੈਸਲੇ ਤੋਂ ਫੌਰੀ ਮਗਰੋਂ ਈਡੀ ਦੀ 10 ਮੈਂਬਰੀ ਟੀਮ ਕੇਜਰੀਵਾਲ ਦੀ ਸਿਵਲ ਲਾਈਨਜ਼ ਇਲਾਕੇ ਵਿਚਲੀ ਫਲੈਗਸਟਾਫ਼ ਰੋਡ ਸਥਿਤ ਰਿਹਾਇਸ਼ ’ਤੇ ਪੁੱਜੀ। ਟੀਮ ਨੇ ਘਰ ਦੀ ਤਲਾਸ਼ੀ ਲਈ ਅਤੇ ਮੁੱਖ ਮੰਤਰੀ ਤੋਂ ਦੋ ਘੰਟੇ ਤੋਂ ਵੱਧ ਸਮਾਂ ਪੁੱਛ-ਪੜਤਾਲ ਮਗਰੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀਆਂ ਨੇ ਕਿਹਾ ਕਿ ਈਡੀ ਹੁਣ ਮੁੱਖ ਮੰਤਰੀ ਨੂੰ ਭਲਕੇ (ਸ਼ੁੱਕਰਵਾਰ ਨੂੰ) ਕੋਰਟ ਵਿਚ ਪੇਸ਼ ਕਰਕੇ ਹਿਰਾਸਤ ਦੀ ਮੰਗ ਕਰੇਗੀ। ਕਾਬਿਲੇਗੌਰ ਹੈ ਕਿ ਈਡੀ ਨੇ ਇਸ ਮਾਮਲੇ ਵਿਚ ਪੁੱਛ-ਪੜਤਾਲ ਲਈ ਮੁੱਖ ਮੰਤਰੀ ਨੂੰ ਨੌਂ ਵਾਰੀ ਸੰਮਨ ਜਾਰੀ ਕੀਤੇ ਸਨ, ਪਰ ਕੇਜਰੀਵਾਲ ਨੇ ਇਕ ਵੀ ਸੰਮਨ ਦੀ ਤਾਮੀਲ ਨਹੀਂ ਕੀਤੀ। ਪਿਛਲੇ ਦਿਨੀਂ ਜਾਰੀ ਸੰਮਨ ਵਿਚ 21 ਮਾਰਚ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ। ਕੇਜਰੀਵਾਲ ਇਨ੍ਹਾਂ ਸੰਮਨਾਂ ਨੂੰ ‘ਗੈਰਕਾਨੂੰਨੀ’ ਦੱਸਦੇ ਰਹੇ ਹਨ।