ਸਿਰਫ਼ ਜ਼ਮਾਨਤ ਖਾਤਰ ਅਧਰੰਗ ਦਾ ਜੋਖ਼ਮ ਨਹੀਂ ਉਠਾ ਸਕਦਾ: ਕੇਜਰੀਵਾਲ

ਸਿਰਫ਼ ਜ਼ਮਾਨਤ ਖਾਤਰ ਅਧਰੰਗ ਦਾ ਜੋਖ਼ਮ ਨਹੀਂ ਉਠਾ ਸਕਦਾ: ਕੇਜਰੀਵਾਲ

ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਈਡੀ ’ਤੇ ਉਨ੍ਹਾਂ ਦੇ ਡਾਕਟਰ ਵੱਲੋਂ ਤਿਆਰ ਕੀਤੇ ਡਾਈਟ ਚਾਰਟ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦਾ ਦੋਸ਼ ਲਗਾਇਆ ਅਤੇ ਏਜੰਸੀ ਵੱਲੋਂ ਜਾਣ-ਬੁਝ ਕੇ ਸ਼ੂਗਰ ਦਾ ਪੱਧਰ ਵਧਾਉਣ ਦੇ ਲਾਏ ਗਏ ਦੋਸ਼ਾਂ ਦਾ ਵਿਰੋਧ ਕਰਦਿਆਂ ਕਿਹਾ ਕਿ ਉਹ ਸਿਰਫ਼ ਜ਼ਮਾਨਤ ਲਈ ਅਧਰੰਗ ਦਾ ਜੋਖ਼ਮ ਨਹੀਂ ਉਠਾ ਸਕਦੇ। ਰਾਊਜ਼ ਐਵੇਨਿਊ ਅਦਾਲਤ ਦੀ ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੇ 22 ਅਪਰੈਲ ਨੂੰ ਡਾਕਟਰ ਨਾਲ ਸਲਾਹ-ਮਸ਼ਵਰਾ ਕਰਨ ਲਈ ਮੁੱਖ ਮੰਤਰੀ ਕੇਜਰੀਵਾਲ ਦੀ ਅਰਜ਼ੀ ’ਤੇ ਫ਼ੈਸਲਾ ਸੋਮਵਾਰ ਲਈ ਰਾਖਵਾਂ ਰੱਖ ਲਿਆ ਅਤੇ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੂੰ ਭਲਕੇ 20 ਅਪਰੈਲ ਤੱਕ ਜਵਾਬ ਦਾਖਲ ਕਰਨ ਦਾ ਨਿਰਦੇਸ਼ ਦਿੱਤਾ। ਕੇਜਰੀਵਾਲ ਵੱਲੋਂ ਪੇਸ਼ ਹੋਏ ਵਕੀਲ ਅਭਿਸ਼ੇਕ ਸਿੰਘਵੀ ਨੇ ਕਿਹਾ, ‘ਈਡੀ ਨੇ ਦਾਅਵਾ ਕੀਤਾ ਕਿ ਮੈਂ ਜ਼ਮਾਨਤ ਲੈਣ ਲਈ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾਉਣਾ ਚਾਹੁੰਦਾ ਹਾਂ। ਕੀ ਮੈਂ ਜ਼ਮਾਨਤ ਲੈਣ ਲਈ ਅਧਰੰਗ ਦਾ ਖ਼ਤਰਾ ਉਠਾਉਣ ਜਾ ਰਿਹਾ ਹਾਂ? ਮੇਰੇ ਕੋਲ ਜੋ ਵੀ ਭੋਜਨ ਸੀ ਉਹ ਗ੍ਰਿਫ਼ਤਾਰੀ ਤੋਂ ਪਹਿਲਾਂ ਡਾਈਟ ਚਾਰਟ ਅਨੁਸਾਰ ਸੀ।’ ਕੇਜਰੀਵਾਲ ਨੇ ਅੱਜ ਇੱਕ ਨਵੀਂ ਅਰਜ਼ੀ ਭੇਜ ਕੇ ਇਨਸੁਲਿਨ ਦਾ ਪ੍ਰਬੰਧ ਕਰਨ ਲਈ ਨਿਰਦੇਸ਼ ਦੇਣ ਤੇ ਰੋਜ਼ਾਨਾ ਡਾਕਟਰ ਨਾਲ ਵੀਡੀਓ ਕਾਨਫਰੰਸ ਰਾਹੀਂ ਸ਼ੂਗਰ ਬਾਰੇ ਮਸ਼ਵਰਾ ਕਰਨ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ। ਨਵੀਂ ਦਿੱਲੀ: ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਈਡੀ ਅਤੇ ਜੇਲ੍ਹ ਪ੍ਰਸ਼ਾਸਨ ’ਤੇ ਮੋਦੀ ਸਰਕਾਰ ਦੇ ਇਸ਼ਾਰੇ ’ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜ਼ਿੰਦਗੀ ਨਾਲ ਖੇਡਣ ਦਾ ਦੋਸ਼ ਲਗਾਇਆ ਤੇ ਕਿਹਾ ਕਿ ਜੇਲ੍ਹ ’ਚ ਮੁੱਖ ਮੰਤਰੀ ਕੇਜਰੀਵਾਲ ਨੂੰ ਇਨਸੁਲਿਨ ਨਹੀਂ ਦਿੱਤੀ ਜਾ ਰਹੀ ਤੇ ਈਡੀ ਉਨ੍ਹਾਂ ਦੇ ਡਾਈਟ ਚਾਰਟ ਬਾਰੇ ਝੂਠ ਬੋਲ ਰਹੀ ਹੈ, ਜਦਕਿ ਜੇਲ ਦੇ ਨਿਯਮਾਂ ਮੁਤਾਬਕ ਕਿਸੇ ਵੀ ਕੈਦੀ ਦੀ ਸਿਹਤ ਤੇ ਖੁਰਾਕ ਬਾਰੇ ਜਾਣਕਾਰੀ ਜਨਤਕ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ਼ਾਰੇ ’ਤੇ ਉਨ੍ਹਾਂ ਨੂੰ ਮਾਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ’ਚ ਕੇਜਰੀਵਾਲ ਨਾਲ ਅਤਿਵਾਦੀ ਵਰਗਾ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕਿ ਉਨ੍ਹਾਂ ਨਾਲ ਕੋਈ ਹਾਦਸਾ ਵਾਪਰ ਸਕਦਾ ਹੈ। ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਵਿਰੁੱਧ ਰਚੀ ਜਾ ਰਹੀ ਸਾਜ਼ਿਸ਼ ਬਾਰੇ ਰਾਸ਼ਟਰਪਤੀ ਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰੇਗੀ ਅਤੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੀ ਮੰਗ ਕਰੇਗੀ।