ਕੇਜਰੀਵਾਲ ਤੇ ਕਵਿਤਾ ਦੀ ਨਿਆਂਇਕ ਹਿਰਾਸਤ 7 ਮਈ ਤੱਕ ਵਧਾਈ

ਕੇਜਰੀਵਾਲ ਤੇ ਕਵਿਤਾ ਦੀ ਨਿਆਂਇਕ ਹਿਰਾਸਤ 7 ਮਈ ਤੱਕ ਵਧਾਈ

ਨਵੀਂ ਦਿੱਲੀ- ਦਿੱਲੀ ਕੋਰਟ ਨੇ ਕਥਿਤ ਆਬਕਾਰੀ ਨੀਤੀ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਕੇਸ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਆਗੂ ਕੇ.ਕਵਿਤਾ ਦੀ ਨਿਆਂਇਕ ਹਿਰਾਸਤ 7 ਮਈ ਤੱਕ ਵਧਾ ਦਿੱਤੀ ਹੈ। ਸੀਬੀਆਈ ਤੇ ਈਡੀ ਮਾਮਲਿਆਂ ਬਾਰੇ ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੇ ਕੇਜਰੀਵਾਲ ਤੇ ਕਵਿਤਾ ਨਾਲ ਸਹਿ ਮੁਲਜ਼ਮ ਚੰਨਪ੍ਰੀਤ ਸਿੰਘ ਦੀ ਹਿਰਾਸਤ ਵਿਚ ਵੀ ਵਾਧਾ ਕੀਤਾ ਹੈ। ਸਿੰਘ ਨੇ 2022 ਗੋਆ ਅਸੈਂਬਲੀ ਚੋਣਾਂ ਦੌਰਾਨ ਕਥਿਤ ਆਮ ਆਦਮੀ ਪਾਰਟੀ ਦੇ ਫੰਡਾਂ ਦਾ ਪ੍ਰਬੰਧ ਕੀਤਾ ਸੀ। ਇਨ੍ਹਾਂ ਤਿੰਨਾਂ ਨੂੰ ਰਿਮਾਂਡ ਦੀ ਮਿਆਦ ਪੂਰੀ ਹੋਣ ਮਗਰੋਂ ਵਰਚੁਅਲੀ ਕੋਰਟ ਵਿਚ ਪੇਸ਼ ਕੀਤਾ ਗਿਆ ਸੀ। ਜੱਜ ਨੇ ਤਿਲੰਗਾਨਾ ਤੋਂ ਵਿਧਾਨ ਪਰਿਸ਼ਦ ਦੀ ਮੈਂਬਰ ਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਕੇ.ਚੰਦਰਸ਼ੇਖਰ ਰਾਓ ਦੀ ਧੀ ਕਵਿਤਾ ਦੀ ਸੀਬੀਆਈ ਵੱਲੋਂ ਦਰਜ ਭ੍ਰਿਸ਼ਟਾਚਾਰ ਕੇਸ ਵਿਚ ਨਿਆਂਇਕ ਹਿਰਾਸਤ 7 ਮਈ ਤੱਕ ਵਧਾਈ ਹੈ। ਕੋਰਟ ਨੇ ਕਵਿਤਾ ਦੀ ਮਨੀ ਲਾਂਡਰਿੰਗ ਕੇਸ ਵਿਚ ਦਰਜ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਬੁੱਧਵਾਰ ਤੱਕ ਮੁਲਤਵੀ ਕਰ ਦਿੱਤੀ ਹੈ। ਇਸ ਤੋਂ ਪਹਿਲਾਂ 22 ਅਪਰੈਲ ਨੂੰ ਜੱਜ ਨੇ ਭ੍ਰਿਸ਼ਟਾਚਾਰ ਕੇਸ ਵਿਚ ਕਵਿਤਾ ਦੀ ਜ਼ਮਾਨਤ ਅਰਜ਼ੀ ’ਤੇ ਆਪਣਾ ਫੈਸਲਾ 2 ਮਈ ਲਈ ਰਾਖਵਾਂ ਰੱਖ ਲਿਆ ਸੀ। ਕਵਿਤਾ ਈਡੀ ਤੇ ਸੀਬੀਆਈ ਵੱਲੋਂ ਦਰਜ ਇਨ੍ਹਾਂ ਦੋਵਾਂ ਕੇਸਾਂ ਵਿਚ ਨਿਆਂਇਕ ਹਿਰਾਸਤ ਤਹਿਤ ਤਿਹਾੜ ਜੇਲ੍ਹ ਵਿਚ ਹੈ। ਈਡੀ ਨੇ ਕਵਿਤਾ ਨੂੰ ਮਨੀ ਲਾਂਡਰਿੰਗ ਕੇਸ ਵਿਚ 15 ਮਾਰਚ ਨੂੰ ਉਸ ਦੀ ਹੈਦਰਾਬਾਦ ਵਿਚਲੀ ਬੰਜਾਰਾ ਹਿੱਲਜ਼ ਰਿਹਾਇਸ਼ ਤੋੋਂ ਗ੍ਰਿਫ਼ਤਾਰ ਕੀਤਾ ਸੀ। ਸੀਬੀਆਈ ਨੇ ਮਗਰੋਂ 11 ਅਪਰੈਲ ਨੂੰ ਤਿਹਾੜ ਜੇਲ੍ਹ ਵਿਚੋਂ ਕਵਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਉਧਰ ਈਡੀ ਨੇ ਕੇਜਰੀਵਾਲ ਨੂੰ 21 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਸੀ।