ਕਿਸਾਨ ਜਥੇਬੰਦੀਆਂ ਅੱਜ ਕਰਨਗੀਆਂ ਦਿੱਲੀ ਵੱਲ ਕੂਚ

ਕਿਸਾਨ ਜਥੇਬੰਦੀਆਂ ਅੱਜ ਕਰਨਗੀਆਂ ਦਿੱਲੀ ਵੱਲ ਕੂਚ

ਚੰਡੀਗੜ੍ਹ-ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਵਿਚ ਕਿਸਾਨ ਬੁੱਧਵਾਰ ਨੂੰ ਤਣਾਅਪੂਰਨ ਹਾਲਾਤ ਦਰਮਿਆਨ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੋਂ ਦਿੱਲੀ ਵੱਲ ਰਵਾਨਾ ਹੋਣਗੇ। ਕਿਸਾਨ ਆਗੂਆਂ ਨੇ ਇਕੱਠ ਨੂੰ ਕੰਟਰੋਲ ਕਰਨ ਤੇ ਨੌਜਵਾਨਾਂ ਨੂੰ ਜ਼ਾਬਤੇ ਵਿਚ ਰੱਖਣ ਲਈ ਟੀਮਾਂ ਬਣਾਈਆਂ ਹਨ। ਪੰਜਾਬ ਤੇ ਹਰਿਆਣਾ ’ਚੋਂ ਵੱਡੀ ਗਿਣਤੀ ਕਿਸਾਨ ਸ਼ੰਭੂ ਤੇ ਖਨੌਰੀ ਬਾਰਡਰਾਂ ’ਤੇ ਪਹੁੰਚ ਗਏ ਹਨ। ਕੇਂਦਰ ਸਰਕਾਰ ਵੱਲੋਂ ਦੇਰ ਰਾਤ ਜਾਂ ਭਲਕੇ ਸਵੇਰੇ ਗੱਲਬਾਤ ਲਈ ਕੋਈ ਸੱਦਾ ਆਉਂਦਾ ਹੈ ਤਾਂ ‘ਦਿੱਲੀ ਕੂਚ’ ਨੂੰ ਆਰਜ਼ੀ ਤੌਰ ’ਤੇ ਟਾਲਿਆ ਜਾ ਸਕਦਾ ਹੈ। ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲਾਤ ’ਤੇ ਨੇੜਿਓਂ ਨਜ਼ਰ ਰੱਖੀ ਹੋਈ ਹੈ। ਐਤਵਾਰ ਨੂੰ ਹੋਈ ਚੌਥੇ ਗੇੜ ਦੀ ਬੈਠਕ ਵਿਚ ਕੇਂਦਰ ਸਰਕਾਰ ਨੇ ਪੰਜ ਫਸਲਾਂ ’ਤੇ ਪੰਜ ਸਾਲਾਂ ਲਈ ਐੱਮਐੱਸਪੀ ਦੀ ਗਾਰੰਟੀ ਦੇਣ ਦੀ ਤਜਵੀਜ਼ ਰੱਖੀ ਸੀ ਪਰ ਲੰਘੀ ਰਾਤ ਕਿਸਾਨ ਫੋਰਮਾਂ ਨੇ ਇਸ ਕੇਂਦਰੀ ਫਾਰਮੂਲੇ ਨੂੰ ਠੁਕਰਾ ਦਿੱਤਾ ਸੀ। ਬੇਸ਼ੱਕ ਕਿਸਾਨ ਆਗੂਆਂ ਨੇ ਗੱਲਬਾਤ ਦੇ ਬੂਹੇ ਖੁੱਲ੍ਹੇ ਰੱਖੇ ਹਨ ਪਰ ਕੇਂਦਰ ਸਰਕਾਰ ਹੁਣ ਅਗਲੀ ਬੈਠਕ ਕਰਨ ਤੋਂ ਹੱਥ ਪਿਛਾਂਹ ਖਿੱਚਦੀ ਨਜ਼ਰ ਆ ਰਹੀ ਹੈ। ਪੰਜਾਬ ਸਰਕਾਰ ਨੇ ਕਿਸਾਨ ਆਗੂਆਂ ਨਾਲ ਰਾਬਤਾ ਬਣਾਇਆ ਹੋਇਆ ਹੈ ਕਿਉਂਕਿ ਸੂਬਾ ਸਰਕਾਰ ਕਿਸੇ ਵੀ ਸੰਭਾਵੀ ਟਕਰਾਅ ਨੂੰ ਟਾਲਣ ’ਚ ਜੁਟੀ ਹੋਈ ਹੈ। ਕੇਂਦਰੀ ਵਜ਼ੀਰਾਂ ਵੱਲੋਂ ਕਿਸਾਨ ਆਗੂਆਂ ਦੀ ਰਣਨੀਤੀ ਅਤੇ ਪੈਂਤੜੇ ਬਾਰੇ ਪਲ ਪਲ ਦੀ ਜਾਣਕਾਰੀ ਲਈ ਜਾ ਰਹੀ ਹੈ। ਸ਼ੰਭੂ ਅਤੇ ਖਨੌਰੀ ਬਾਰਡਰਾਂ ’ਤੇ ਅੱਜ ਪੰਜਾਬ ’ਚੋਂ ਹੋਰ ਕਿਸਾਨ ਪੁੱਜਣੇ ਸ਼ੁਰੂ ਹੋ ਗਏ ਹਨ। ਹਰਿਆਣਾ ’ਚੋਂ ਵੀ ਵੱਡੀ ਗਿਣਤੀ ਵਿਚ ਕਿਸਾਨ ਖਨੌਰੀ ਬਾਰਡਰ ਪੁੱਜੇ ਹਨ। ਬੀਕੇਯੂ (ਸਿੱਧੂਪੁਰ) ਦੇ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਭਲਕੇ ਸ਼ਾਂਤਮਈ ਤਰੀਕੇ ਨਾਲ ਕਿਸਾਨ ਦਿੱਲੀ ਵੱਲ ਵਧਣਗੇ ਅਤੇ ਇਕੱਠ ਨੂੰ ਕੰਟਰੋਲ ਕਰਨ ਵਾਸਤੇ ਟੀਮਾਂ ਬਣਾ ਦਿੱਤੀਆਂ ਗਈਆਂ ਹਨ। ਸੂਤਰ ਦੱਸਦੇ ਹਨ ਕਿ ਕਿਸਾਨ ਕਾਫਲੇ ਸਿੱਧੇ ਟਕਰਾਅ ਦੀ ਥਾਂ ਬਦਲਵੇਂ ਰਸਤਿਆਂ ਥਾਈਂ ਹਰਿਆਣਾ ’ਚ ਵਧਣ ਦੀ ਰਣਨੀਤੀ ਘੜ ਰਹੇ ਹਨ ਅਤੇ ਅਜਿਹੇ ਰਾਹਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ। ਇੱਕ ਰਣਨੀਤੀ ਇਹ ਵੀ ਹੈ ਕਿ ਕਿਸਾਨ ਪੈਦਲ ਹੀ ਦਿੱਲੀ ਵੱਲ ਚਾਲੇ ਪਾ ਦੇਣ। ਸ਼ੰਭੂ ਬਾਰਡਰ ’ਤੇ ਜੇਸੀਬੀ ਮਸ਼ੀਨਾਂ ਤੋਂ ਇਲਾਵਾ ਪੋਕਲੇਨ ਮਸ਼ੀਨਾਂ ਆਦਿ ਵੀ ਪੁੱਜ ਗਈਆਂ ਹਨ। ਭਲਕੇ ਬੁੱਧਵਾਰ ਨੂੰ 9 ਵਜੇ ਕਿਸਾਨ ਆਗੂਆਂ ਦੀ ਮੀਟਿੰਗ ਹੋਵੇਗੀ ਜਿਸ ਵਿਚ ਸਥਿਤੀ ਦਾ ਜਾਇਜ਼ਾ ਲਿਆ ਜਾਵੇਗਾ। ਕਿਸਾਨ ਨੇਤਾ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਅੱਜ ਪੂਰਾ ਦਿਨ ਕਿਸਾਨ ਘੋਲ ਨੂੰ ਗਲਤ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਆਗੂ ਹਰ ਅਜਿਹੀ ਕੋਸ਼ਿਸ਼ ਨੂੰ ਨਾਕਾਮ ਕਰ ਰਹੇ ਹਨ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਮਸਲੇ ਦੇ ਹੱਲ ਲਈ ਪਾਰਲੀਮੈਂਟ ਦਾ ਇੱਕ ਦਿਨ ਦਾ ਵਿਸ਼ੇਸ਼ ਸੈਸ਼ਨ ਬੁਲਾਏ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਫਸਲਾਂ ’ਤੇ ਐੱਮਐੱਸਪੀ ਦੀ ਕਾਨੂੰਨੀ ਗਰੰਟੀ ਦੇ ਕੇ ਮਜ਼ਬੂਤ ਨੇਤਾ ਹੋਣ ਦੀ ਮਿਸਾਲ ਬਣਨ।