ਕਿਸਾਨਾਂ ਵੱਲੋਂ ਸ਼ੰਭੂ ਰੇਲਵੇ ਸਟੇਸ਼ਨ ’ਤੇ ਧਰਨਾ

ਕਿਸਾਨਾਂ ਵੱਲੋਂ ਸ਼ੰਭੂ ਰੇਲਵੇ ਸਟੇਸ਼ਨ ’ਤੇ ਧਰਨਾ

ਪਟਿਆਲਾ - ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸ਼ੰਭੂ ਅਤੇ ਢਾਬੀਗੁੱਜਰਾਂ ਬਾਰਡਰਾਂ ’ਤੇ ਪਿਛਲੇ ਦੋ ਮਹੀਨੇ ਤੋਂ ਜਾਰੀ ਪੱਕੇ ਮੋਰਚੇ ਦੌਰਾਨ ਹਰਿਆਣਾ ਪੁਲੀਸ ਵੱਲੋਂ ਗ੍ਰਿਫਤਾਰ ਕੀਤੇ ਕਿਸਾਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਹਜ਼ਾਰਾਂ ਕਿਸਾਨਾਂ ਨੇ ਅੱਜ ਸ਼ੰਭੂ ਰੇਲਵੇ ਸਟੇਸ਼ਨ ’ਤੇ ਧਰਨਾ ਲਾ ਦਿੱਤਾ। ਧਰਨੇ ਕਰਕੇ ਰੇਲਵੇ ਵਿਭਾਗ ਨੂੰ ਕਈ ਰੇਲਾਂ ਰੱਦ ਕਰਨੀਆਂ ਪਈਆਂ ਜਿਸ ਦੇ ਚੱਲਦਿਆਂ ਰੇਲਵੇ ਮੁਸਾਫਰਾਂ ਨੂੰ ਅੱਜ ਪਹਿਲੇ ਹੀ ਦਿਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਧਰਨੇ ਕਰਕੇ ਅੱਜ ਅੰਮ੍ਰਿਤਸਰ-ਦਿੱਲੀ ਰੂਟ ’ਤੇ ਪੰਜਾਹ ਦੇ ਕਰੀਬ ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਹਨ। ਇਨ੍ਹਾਂ ਵਿਚੋਂ ਡੇਢ ਦਰਜਨ ਦੇ ਕਰੀਬ ਰੱਦ ਕਰ ਦਿੱਤੀਆਂ ਗਈਆਂ ਜਦਕਿ ਬਾਕੀ ਨੂੰ ਰੋਕ ਲਿਆ ਗਿਆ ਹੈ ਜਾਂ ਉਨ੍ਹਾਂ ਦੇ ਰੂਟ ਬਦਲੇ ਗਏ ਹਨ।
ਧਰਨੇ ਦੀ ਅਗਵਾਈ ਕਰਦਿਆਂ ਕਿਸਾਨ ਆਗੂਆਂ ਸਰਵਣ ਸਿੰਘ ਪੰਧੇਰ, ਜਗਜੀਤ ਡੱਲੇਵਾਲ, ਸੁਰਜੀਤ ਸਿੰਘ ਫੂਲ, ਜਸਵਿੰਦਰ ਲੌਗੋਵਾਲ, ਮਨਜੀਤ ਘੁੁਮਾਣਾ, ਮਨਜੀਤ ਰਾਏ, ਮਨਜੀਤ ਨਿਆਲ਼, ਜੀ.ਐੱਸ ਮਾਂਗਟ, ਅਮਰਜੀਤ ਮੌੜ੍ਹੀ, ਜੰਗ ਸਿੰਘ ਭਟੇੜੀ ਅਤੇ ਗੁਰਧਿਆਨ ਸਿਓਣਾ ਆਦਿ ਨੇ ਇਹ ਧਰਨਾ ਸਬੰਧਤ ਕਿਸਾਨਾਂ ਦੀ ਰਿਹਾਈ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਹਰਿਆਣਾ ਪੁਲੀਸ ਨੇ ਨਵਦੀਪ ਜਲਵੇੜਾ, ਅਨੀਸ਼ ਖਟਕੜ ਅਤੇ ਗੁਰਕੀਰਤ ਸਿੰਘ ਨੂੰ ਸਿਰਫ਼ ਇਸ ਕਰਕੇ ਜੇਲ੍ਹ ਵਿਚ ਡੱਕਿਆ ਹੋਇਆ ਹੈ ਕਿ ਉਹ ਇਸ ਕਿਸਾਨ ਅੰਦੋਲਨ ਦੇ ਹਮਾਇਤੀ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚੋਂ ਦੋ ਜਣਿਆਂ ਨੂੰ ਤਾਂ ਹਰਿਆਣਾ ਪੁਲੀਸ ਮੁਹਾਲੀ ਸਥਿਤ ਹਵਾਈ ਅੱਡੇ ਨੇੜਿਓਂ ਚੁੱਕ ਕੇ ਲੈ ਗਈ ਸੀ ਪਰ ਵਾਰ ਵਾਰ ਮੁੱਦਾ ਚੁੱਕਣ ’ਤੇ ਵੀ ਪੰਜਾਬ ਸਰਕਾਰ ਨੇ ਕੋਈ ਚਾਰਾਜੋਈ ਨਹੀਂ ਕੀਤੀ। ਇਨ੍ਹਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕਿਸਾਨ ਮੋਰਚੇ ਨੇ ਪਹਿਲਾਂ 9 ਅਪਰੈਲ ਨੂੰ ਰੇਲਵੇ ਟਰੈਕ ਜਾਮ ਕਰਨ ਦਾ ਐਲਾਨ ਕੀਤਾ ਸੀ। ਹਾਲਾਂਕਿ ਦੋਵਾਂ ਰਾਜਾਂ ਦੇ ਅਧਿਕਾਰੀਆਂ ਵੱਲੋਂ ਦਿੱਤੇ ਰਿਹਾਈ ਦੇ ਭਰੋਸੇ ਮਗਰੋਂ ਧਰਨੇ ਨੂੰ ਪਹਿਲਾਂ 10 ਤੇ ਫਿਰ 17 ਅਪਰੈਲ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ। ਕਿਸਾਨ ਆਗੂਆਂ ਨੇ ਮੰਗਲਵਾਰ ਨੂੰ ਵੀ ਚਿਤਾਵਨੀ ਦਿੱਤੀ ਸੀ ਕਿ ਜੇਕਰ 16 ਦੀ ਸ਼ਾਮ ਤੱਕ ਵੀ ਰਿਹਾਈਆਂ ਨਾ ਹੋਈਆਂ, ਤਾਂ 17 ਨੂੰ ਉਹ ਸ਼ੰਭੂ ਰੇਲਵੇ ਸਟੇਸ਼ਨ ’ਤੇ ਧਰਨਾ ਮਾਰਨਗੇ। ਇਸ ਤਰ੍ਹਾਂ ਜਦੋਂ ਤੱਕ ਵੀ ਕੋਈ ਰਿਹਾਈ ਸੰਭਵ ਨਾ ਹੋਈ, ਤਾਂ ਕਿਸਾਨਾਂ ਨੇ ਅੱਜ 12 ਵਜੇ ਸ਼ੰਭੂ ਰੇਲਵੇ ਸਟੇਸ਼ਨ ’ਤੇ ਧਰਨਾ ਲਾ ਦਿੱਤਾ। ਸ਼ੰਭੂ ਰੇਲਵੇ ਸਟੇਸ਼ਨ ਸ਼ੰਭੂ ਬਾਰਡਰ ’ਤੇ ਜਾਰੀ ਪੱਕੇ ਮੋਰਚੇ ਤੋਂ ਕਾਫ਼ੀ ਹਟਵਾਂ ਹੈ। ਕਈ ਕਿਸਾਨ ਅੱਜ ਸ਼ੁਰੂ ਕੀਤੇ ਗਏ ਰੇਲਵੇ ਟਰੈਕ ਵਾਲ਼ੇ ਇਸ ਧਰਨੇ ’ਚ ਸ਼ਾਮਲ ਹੋ ਗਏ ਹਨ, ਪਰ ਇਨ੍ਹਾਂ ਦੀਆਂ ਟਰਾਲੀਆਂ ਅਤੇ ਹੋਰ ਸਾਜ਼ੋ-ਸਾਮਾਨ ਸ਼ੰਭੂ ਬਾਰਡਰ ਦੇ ਕੋਲ਼ ਦੋ ਮਹੀਨਿਆਂ ਤੋਂ ਜਾਰੀ ਪੱਕੇ ਮੋਰਚੇ ਵਾਲ਼ੀ ਥਾਂ ’ਤੇ ਹੀ ਮੌਜੂਦ ਹਨ। ਪੱਕੇ ਮੋਰਚੇ ’ਚ ਅਜੇ ਵੀ ਵੱਡੀ ਗਿਣਤੀ ਕਿਸਾਨ ਮੌਜੂਦ ਹਨ। ਉਂਜ ਬਹੁਤੀਆਂ ਸਰਗਰਮੀਆਂ ਹੁਣ ਸ਼ੰਭੂ ਰੇਲਵੇ ਸਟੇਸ਼ਨ ਵਾਲ਼ੇ ਧਰਨੇ ’ਚ ਚੱਲ ਪਈਆਂ ਹਨ। ਉਪਰੋਂ ਅੱਜ ਧੁੱਪ ਅਤੇ ਗਰਮੀ ਦੇ ਚੱਲਦਿਆਂ ਕਿਸਾਨਾਂ ਨੇ ਜਿੱਥੇ ਸਟੇਸ਼ਨ ’ਤੇ ਬਣੇ ਸ਼ੈੱਡਾਂ ਹੇਠਾਂ ਡੇਰੇ ਲਾਏ ਹੋਏ ਹਨ, ਉਥੇ ਹੀ ਉਨ੍ਹਾਂ ਨੇ ਰੇਲਵੇ ਲਾਈਨਾਂ ਅਤੇ ਇਸ ਦੇ ਆਲ਼ੇ ਦੁਆਲ਼ੇ ਵੀ ਤੰਬੂ ਤਾਣ ਲਏ ਹਨ। ਤਰਕ ਦਿੱਤਾ ਜਾ ਰਿਹਾ ਹੈ ਕਿ ਭਾਵੇਂ ਇਥੇ ਉਨ੍ਹਾਂ ਨੂੰ ਕਿੰਨੇ ਵੀ ਦਿਨ ਕਿਉਂ ਨਾ ਬੈਠਣਾ ਪਵੇ, ਪਰ ਉਹ ਆਪਣੇ ਸਾਥੀ ਕਿਸਾਨਾਂ ਦੀ ਰਿਹਾਈ ਤੱਕ ਰੇਲਵੇ ਟਰੈਕ ਖਾਲੀ ਨਹੀਂ ਕਰਨਗੇ। ਇਥੇ ਬਾਕਾਇਦਾ ਸਟੇਜ ਵੀ ਚਲਾਈ ਜਾਣ ਲੱਗੀ ਹੈ।