ਲੱਦਾਖ਼: ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਵੱਲੋਂ ਭੁੱਖ ਹੜਤਾਲ ਖ਼ਤਮ

ਲੱਦਾਖ਼: ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਵੱਲੋਂ ਭੁੱਖ ਹੜਤਾਲ ਖ਼ਤਮ

ਲੇਹ-ਲੱਦਾਖ਼ ਦਾ ਵਿਸ਼ੇਸ਼ ਰਾਜ ਦਾ ਦਰਜਾ ਬਹਾਲ ਕਰਨ ਅਤੇ ਇਸ ਨੂੰ ਸੰਵਿਧਾਨ ਦੀ ਛੇਵੀਂ ਅਨੁਸੂਚੀ ਵਿੱਚ ਸ਼ਾਮਲ ਕਰਨ ਸਮੇਤ ਹੋਰ ਮੰਗਾਂ ਲਈ ਸੰਘਰਸ਼ ਕਰ ਰਹੇ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਨੇ ਅੱਜ ਸ਼ਾਮ ਨੂੰ ਆਪਣੀ 21 ਰੋਜ਼ਾ ਭੁੱਖ ਹੜਤਾਲ ਖ਼ਤਮ ਕਰ ਦਿੱਤੀ ਹੈ। ਇੱਕ ਛੋਟੀ ਲੜਕੀ ਹੱਥੋਂ ਜੂਸ ਦਾ ਗਲਾਸ ਲੈ ਕੇ ਪੀਣ ਮਗਰੋਂ ਵਾਂਗਚੁਕ ਨੇ ਕਿਹਾ, ‘‘ਪਹਿਲੇ ਗੇੜ ਦੀ ਭੁੱਖ ਹੜਤਾਲ ਅੱਜ ਸਮਾਪਤ ਹੋ ਗਈ ਹੈ ਪਰ ਸੰਘਰਸ਼ ਖ਼ਤਮ ਨਹੀਂ ਹੋਇਆ।’’ ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਮੌਜੂਦਾ ਅੰਦੋਲਨ ਨਵੇਂ ਦੌਰ ਵਿੱਚ ਦਾਖ਼ਲ ਹੋ ਗਿਆ ਹੈ। ਉੱਘੇ ਸਿੱਖਿਆ ਸੁਧਾਰਕ ਵਾਂਗਚੁਕ ਨੇ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਥਾਨਕ ਵਾਸੀਆਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਨਵੇਂ ਸਿਰੇ ਤੋਂ ਅਪੀਲ ਕੀਤੀ। ਵਾਂਗਚੁਕ ਦੀ ‘ਭੁੱਖ ਹੜਤਾਲ’ ਅੱਜ 21ਵੇਂ ਦਿਨ ਵਿੱਚ ਦਾਖ਼ਲ ਹੋ ਗਈ ਸੀ। ‘ਐਕਸ’ ’ਤੇ ਸਾਂਝੀ ਕੀਤੀ ਵੀਡੀਓ ਵਿੱਚ ਉਨ੍ਹਾਂ ਲੱਦਾਖ਼ ਵਾਸੀਆਂ ਨੂੰ ਇਸ ਸਮੇਂ ਆਪਣੀ ਵੋਟ ਦੀ ਵਰਤੋਂ ‘ਬਹੁਤ ਹੀ ਧਿਆਨ’ ਨਾਲ ਦੇਸ਼ ਹਿੱਤ ਵਿੱਚ ਕਰਨ ਦਾ ਸੱਦਾ ਦਿੱਤਾ।