ਮਨੀਪੁਰ ਮੁੱਦੇ ’ਤੇ ਚਰਚਾ ਦੇ ਨੇਮਾਂ ਨੂੰ ਲੈ ਕੇ ਦੋਵੇਂ ਸਦਨ ਮੁੜ ਠੱਪ

ਮਨੀਪੁਰ ਮੁੱਦੇ ’ਤੇ ਚਰਚਾ ਦੇ ਨੇਮਾਂ ਨੂੰ ਲੈ ਕੇ ਦੋਵੇਂ ਸਦਨ ਮੁੜ ਠੱਪ

ਨਵੀਂ ਦਿੱਲੀ - ਮਨੀਪੁਰ ਮੁੱਦੇ ’ਤੇ ਸੰਸਦ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰ ਵੱਲੋਂ ਕੀਤੇ ਗਏ ਹੰਗਾਮੇ ਕਾਰਨ ਦੋਵੇਂ ਸਦਨਾਂ ਦੀ ਕਾਰਵਾਈ ਵਾਰ ਵਾਰ ਮੁਲਤਵੀ ਹੋਣ ਮਗਰੋਂ ਦਿਨ ਭਰ ਲਈ ਉਠਾ ਦਿੱਤੀ ਗਈ। ਵਿਰੋਧੀ ਧਿਰ ਨੇਮ 267 ਤਹਿਤ ਚਰਚਾ ਕਰਾਏ ਜਾਣ ਦੀ ਮੰਗ ’ਤੇ ਅੜੀ ਹੋਈ ਹੈ ਜਦਕਿ ਸਰਕਾਰ ਮੁਕੰਮਲ ਬਹਿਸ ਕਰਾਉਣ ਦੀ ਥਾਂ ’ਤੇ ਨੇਮ 176 ਤਹਿਤ ਸਿਰਫ਼ ਦੋ ਕੁ ਘੰਟਿਆਂ ਦੀ ਬਹਿਸ ਕਰਾਉਣਾ ਚਾਹੁੰਦੀ ਹੈ। ਸਰਕਾਰ ਨੇ ਰਾਜ ਸਭਾ ’ਚ ਮਨੀਪੁਰ ਮੁੱਦੇ ’ਤੇ ਚਰਚਾ ਸ਼ੁਰੂ ਕਰਾਉਣ ਦੀ ਕੋਸ਼ਿਸ਼ ਕੀਤੀ। ਹੰਗਾਮੇ ਦੌਰਾਨ ਹੀ ਲੋਕ ਸਭਾ ’ਚ ਫਿਲਮ ਪਾਇਰੇਸੀ ਰੋਕਣ ਵਾਲਾ ਸਿਨੇਮਾਟੋਗ੍ਰਾਫੀ ਸੋਧ ਬਿੱਲ ਪਾਸ ਕਰ ਦਿੱਤਾ ਗਿਆ। ਰਾਜ ਸਭਾ ’ਚ ਇਹ ਬਿੱਲ ਪਹਿਲਾਂ ਹੀ ਪਾਸ ਹੋ ਚੁੱਕਾ ਹੈ। ਬਿੱਲ ’ਚ ਫਿਲਮ ਦੀਆਂ ਪਾਇਰੇਟਿਡ ਕਾਪੀਆਂ ਬਣਾਉਣ ਵਾਲੇ ਵਿਅਕਤੀਆਂ ਨੂੰ ਤਿੰਨ ਸਾਲ ਜੇਲ੍ਹ ਅਤੇ ਫਿਲਮ ਦੀ ਪ੍ਰੋਡਕਸ਼ਨ ਲਾਗਤ ਦਾ ਪੰਜ ਫ਼ੀਸਦੀ ਤੱਕ ਜੁਰਮਾਨੇ ਦਾ ਪ੍ਰਬੰਧ ਕੀਤਾ ਗਿਆ ਹੈ। ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਪਾਇਰੇਸੀ ਕਾਰਨ ਫਿਲਮ ਇੰਡਸਟਰੀ ਨੂੰ ਸਾਲਾਨਾ 20 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿੱਲ ਪਾਸ ਹੋਣ ਨਾਲ ਨੁਕਸਾਨ ਰੁਕੇਗਾ ਅਤੇ ਫਿਲਮ ਸਨਅਤ ਦੀ ਪੁਰਾਣੀ ਮੰਗ ਪੂਰੀ ਹੋ ਜਾਵੇਗੀ। ਇਸ ਤੋਂ ਪਹਿਲਾਂ ਸਦਨ ਜਦੋਂ ਸਵੇਰੇ 11 ਵਜੇ ਜੁੜਿਆ ਤਾਂ ਸਪੀਕਰ ਓਮ ਬਿਰਲਾ ਨੇ ਮਲਾਵੀ ਤੋਂ ਆਏ ਸੰਸਦੀ ਵਫ਼ਦ ਦਾ ਸਵਾਗਤ ਕੀਤਾ। ਜਿਵੇਂ ਹੀ ਉਨ੍ਹਾਂ ਭਾਸ਼ਨ ਖ਼ਤਮ ਕੀਤਾ ਤਾਂ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਮਨੀਪੁਰ ਮੁੱਦੇ ’ਤੇ ਹੰਗਾਮਾ ਸ਼ੁਰੂ ਕਰ ਦਿੱਤਾ। ਉਨ੍ਹਾਂ ਸਪੀਕਰ ਦੇ ਆਸਣ ਅੱਗੇ ਤਖ਼ਤੀਆਂ ਦਿਖਾਉਂਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉਨ੍ਹਾਂ ਮੈਂਬਰਾਂ ਨੂੰ ਆਪਣੀਆਂ ਸੀਟਾਂ ’ਤੇ ਜਾਣ ਲਈ ਕਿਹਾ ਅਤੇ ਜਦੋਂ ਉਹ ਨਾ ਮੰਨੇ ਤਾਂ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ। ਉਧਰ ਰਾਜ ਸਭਾ ’ਚ ਵਿਰੋਧੀ ਧਿਰ ਨੇ ਨੇਮ 267 ਤਹਿਤ ਸਦਨ ’ਚ ਚਰਚਾ ਨੂੰ ਲੈ ਕੇ ਹੰਗਾਮਾ ਜਾਰੀ ਰੱਖਿਆ ਜਿਸ ਕਾਰਨ ਉਪਰਲੇ ਸਦਨ ਦੀ ਕਾਰਵਾਈ ਦਿਨ ਭਰ ਲਈ ਉਠਾ ਦਿੱਤੀ ਗਈ। ਦਿਨ ਸਮੇਂ ਚਾਰ ਵਾਰ ਸਦਨ ਮੁਲਤਵੀ ਹੋਣ ਮਗਰੋਂ ਜਦੋਂ ਰਾਜ ਸਭਾ ਦੀ ਕਾਰਵਾਈ ਦੁਪਹਿਰ ਬਾਅਦ ਸਾਢੇ ਤਿੰਨ ਵਜੇ ਸ਼ੁਰੂ ਹੋਈ ਤਾਂ ਚੇਅਰਮੈਨ ਜਗਦੀਪ ਧਨਖੜ ਨੇ ਕਿਹਾ ਕਿ ਸਰਕਾਰ ਮਨੀਪੁਰ ਦੇ ਮੁੱਦੇ ’ਤੇ ਚਰਚਾ ਲਈ ਹੁਣੇ ਤਿਆਰ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਮੈਂਬਰ ਆਪਣੀਆਂ ਸੀਟਾਂ ’ਤੇ ਜਾਣ ਤਾਂ ਜੋ ਚਰਚਾ ਸ਼ੁਰੂ ਕਰਵਾਈ ਜਾ ਸਕੇ। ਪਰ ਵਿਰੋਧੀ ਮੈਂਬਰ ਨੇਮ 267 ਤਹਿਤ ਚਰਚਾ ਲਈ ਅੜੇ ਰਹੇ। ਹੰਗਾਮੇ ਦੌਰਾਨ ਹੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਜੇਕਰ ਵਿਰੋਧੀ ਧਿਰ ਮਨੀਪੁਰ ਮੁੱਦੇ ਬਾਰੇ ਗੰਭੀਰ ਹੈ ਅਤੇ ਉਹ ਸਿਆਸਤ ਨਹੀਂ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਚਰਚਾ ਸ਼ੁਰੂ ਕਰਨੀ ਚਾਹੀਦੀ ਹੈ। ਵਿਰੋਧੀ ਧਿਰ ਦੇ ਨੇਮ 267 ਤਹਿਤ ਚਰਚਾ ਕਰਾਏ ਜਾਣ ’ਤੇ ਅੜੇ ਰਹਿਣ ਮਗਰੋਂ ਚੇਅਰਮੈਨ ਨੇ ਸਦਨ ਦੀ ਕਾਰਵਾਈ ਮੰਗਲਵਾਰ ਸਵੇਰੇ ਤੱਕ ਲਈ ਉਠਾ ਦਿੱਤੀ।