ਪਲਾਟ ਮਾਮਲਾ: ਮਨਪ੍ਰੀਤ ਦੀ ਗ੍ਰਿਫ਼ਤਾਰੀ ਲਈ ਛਾਪੇ

ਪਲਾਟ ਮਾਮਲਾ: ਮਨਪ੍ਰੀਤ ਦੀ ਗ੍ਰਿਫ਼ਤਾਰੀ ਲਈ ਛਾਪੇ

ਲੰਬੀ-ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਆਖ਼ਰ ਪੁਰਾਣੇ ਸੰਗੀ-ਸਾਥੀ ਭਗਵੰਤ ਮਾਨ ਦੀ ਸਰਕਾਰ ਦੇ ਤਿੱਖੇ ਕਾਨੂੰਨੀ ਅਸੂਲਾਂ ਵਿੱਚ ਘਿਰ ਗਏ ਹਨ। ਪਲਾਟ ਖਰੀਦ ਮਾਮਲੇ ’ਚ ਕੇਸ ਦਰਜ ਹੋਣ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਮਨਪ੍ਰੀਤ ਬਾਦਲ ਦੀ ਗ੍ਰਿਫ਼ਤਾਰੀ ਲਈ ਮਸ਼ਕਾਂ ਤੇਜ਼ ਕਰ ਦਿੱਤੀਆਂ ਹਨ। ਵਿਜੀਲੈਂਸ ਟੀਮ ਨੇ ਅੱਜ ਦੇਰ ਸ਼ਾਮ ਭਾਜਪਾ ਆਗੂ ਦੀ ਗ੍ਰਿਫ਼ਤਾਰੀ ਲਈ ਪਿੰਡ ਬਾਦਲ ਵਿਚਲੀ ਉਸ ਦੀ ਰਿਹਾਇਸ਼ ’ਤੇ ਛਾਪਾ ਮਾਰਿਆ। ਟੀਮ ਘੰਟਾ ਭਰ ਉਥੇ ਰੁਕੀ ਅਤੇ ਰਿਹਾਇਸ਼ ਦੇ ਵੱਖ-ਵੱਖ ਹਿੱਸਿਆਂ ਦੀ ਜਾਂਚ ਕੀਤੀ। ਇਸ ਮੌਕੇ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਵਿਜੀਲੈਂਸ ਟੀਮ ਪੰਜ ਗੱਡੀਆਂ ਵਿੱਚ ਡੀਐੱਸਪੀ ਗੁਰਦੇਵ ਭੱਲਾ ਦੀ ਅਗਵਾਈ ਹੇਠ ਪੁੱਜੀ, ਜਿਸ ਵਿੱਚ ਮਾਮਲੇ ਦੇ ਜਾਂਚ ਅਧਿਕਾਰੀ ਡੀਐੱਸਪੀ ਕੁਲਵੰਤ ਸਿੰਘ ਸਮੇਤ ਹੋਰ ਅਧਿਕਾਰੀ ਸ਼ਾਮਲ ਸਨ। ਸੁਰੱਖਿਆ ਪ੍ਰਬੰਧਾਂ ਲਈ ਲੰਬੀ ਸਬ-ਡਿਵੀਜ਼ਨ ਦੇ ਡੀਐੱਸਪੀ ਜਸਪਾਲ ਸਿੰਘ ਧਾਲੀਵਾਲ, ਕਿੱਲਿਆਂਵਾਲੀ ਥਾਣਾ ਦੇ ਮੁਖੀ ਕਰਮਜੀਤ ਸਿੰਘ ਅਤੇ ਲੰਬੀ ਦੇ ਥਾਣਾ ਮੁਖੀ ਰਵਿੰਦਰ ਕੁਮਾਰ ਮੌਜੂਦ ਸਨ।

ਇਹ ਮਾਮਲਾ ਬਠਿੰਡਾ ਮਾਡਲ ਟਾਊਨ ਫੇਜ਼-1 ਨੇੜੇ ਟੀਵੀ ਟਾਵਰ ਵਿਖੇ 1560 ਵਰਗ ਗਜ਼ ਦੇ ਦੋ ਪਲਾਟਾਂ ਦੀ ਖਰੀਦ ਨਾਲ ਜੁੜਿਆ ਹੋਇਆ ਹੈ। ਮਨਪ੍ਰੀਤ ਬਾਦਲ ’ਤੇ ਦੋਸ਼ ਹੈ ਕਿ ਉਨ੍ਹਾਂ 2018 ਤੋਂ 2021 ਤੱਕ ਸੂਬਾ ਸਰਕਾਰ ’ਚ ਵਿੱਤ ਮੰਤਰੀ ਰਹਿੰਦਿਆਂ ਆਪਣੇ ਸਿਆਸੀ ਦਬਾਅ ਅਤੇ ਪ੍ਰਭਾਵ ਸਦਕਾ ਪਲਾਟ ਖਰੀਦੇ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਕਰੀਬ 65 ਲੱਖ ਰੁਪਏ ਦਾ ਮਾਲੀ ਨੁਕਸਾਨ ਹੋਇਆ। ਵਿਜੀਲੈਂਸ ਹੁਣ ਤੱਕ ਤਿੰਨ ਮੁਲਜ਼ਮਾਂ ਰਾਜੀਵ ਕੁਮਾਰ ਵਾਸੀ ਨਿਊ ਸ਼ਕਤੀ ਨਗਰ ਬਠਿੰਡਾ, ਅਮਨਦੀਪ ਸਿੰਘ ਵਾਸੀ ਲਾਲ ਸਿੰਘ ਬਸਤੀ ਬਠਿੰਡਾ ਅਤੇ ਵਿਕਾਸ ਅਰੋੜਾ ਵਾਸੀ ਟੈਗੋਰ ਨਗਰ ਬਠਿੰਡਾ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਵਿਜੀਲੈਂਸ ਬਿਊਰੋ ਦੇ ਤਰਜਮਾਨ ਮੁਤਾਬਕ ਉਪਰੋਕਤ ਮਾਮਲੇ ਨੂੰ ਲੈ ਕੇ ਬਠਿੰਡਾ ਸ਼ਹਿਰੀ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਮਨਪ੍ਰੀਤ ਸਿੰਘ ਬਾਦਲ ਅਤੇ ਹੋਰਾਂ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਸੀ। ਸ਼ਿਕਾਇਤ ਦੀ ਜਾਂਚ ਉਪਰੰਤ ਕੇਸ ਦਰਜ ਕੀਤਾ ਗਿਆ ਹੈ।