ਆਤਮ-ਵਿਸ਼ਵਾਸ ਨਾਲ ਭਰੇ ਭਾਰਤ ਦੀ ਵਿਕਾਸ ਗਤੀ 2024 ਵਿੱਚ ਵੀ ਰਹੇਗੀ ਕਾਇਮ : ਮੋਦੀ

ਆਤਮ-ਵਿਸ਼ਵਾਸ ਨਾਲ ਭਰੇ ਭਾਰਤ ਦੀ ਵਿਕਾਸ ਗਤੀ 2024 ਵਿੱਚ ਵੀ ਰਹੇਗੀ ਕਾਇਮ : ਮੋਦੀ

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਆਤਮ-ਵਿਸ਼ਵਾਸ ਨਾਲ ਭਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ‘ਵਿਕਸਿਤ ਭਾਰਤ’ ਤੇ ‘ਆਤਮ-ਨਿਰਭਰਤਾ’ ਦੀ ਭਾਵਨਾ ਵੀ ਵਧ-ਫੁੱਲ ਰਹੀ ਹੈ, ਤੇ ਇਸ ਭਾਵਨਾ ਤੇ ਗਤੀ ਨੂੰ 2024 ਵਿਚ ਵੀ ਕਾਇਮ ਰੱਖਣ ਦੀ ਲੋੜ ਹੈ। ਆਕਾਸ਼ਵਾਣੀ ਦੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੀ 108ਵੀਂ ਕੜੀ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਸਰੀਰਕ ਤੇ ਮਾਨਸਿਕ ਸਿਹਤ ਉਤੇ ਵੀ ਜ਼ੋਰ ਦਿੱਤਾ ਤੇ ‘ਫਿਟ ਇੰਡੀਆ’ ਲਈ ਹੋਏ ਕਈ ਵਿਲੱਖਣ ਯਤਨਾਂ ਉਤੇ ਰੌਸ਼ਨੀ ਪਾਈ। ਪ੍ਰਸਾਰਨ ਦੌਰਾਨ ਈਸ਼ਾ ਫਾਊਂਡੇਸ਼ਨ ਦੇ ਬਾਨੀ ਸਦਗੁਰੂ ਜੱਗੀ ਵਾਸੁਦੇਵ, ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ, ਸ਼ਤਰੰਜ ਦੇ ਮਹਾਰਥੀ ਵਿਸ਼ਵਨਾਥਨ ਆਨੰਦ ਤੇ ਅਭਿਨੇਤਾ ਅਕਸ਼ੈ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਚੰਗੀ ਸਿਹਤ ਦਾ ਰਾਜ਼ ਕੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਵਿਕਸਿਤ ਹੋਣ ਦਾ ਸਭ ਤੋਂ ਵੱਧ ਲਾਭ ਨੌਜਵਾਨਾਂ ਨੂੰ ਹੋਵੇਗਾ, ਪਰ ਇਹ ਲਾਹਾ ਉਹ ਉਦੋਂ ਹੀ ਲੈ ਸਕਣਗੇ ਜਦ ਤੰਦਰੁਸਤ ਹੋਣਗੇ। ਮੋਦੀ ਨੇ ਕਿਹਾ, ‘ਅੱਜ ਭਾਰਤ ਦਾ ਕੋਨਾ-ਕੋਨਾ, ਆਤਮ-ਵਿਸ਼ਵਾਸ ਨਾਲ ਭਰਿਆ ਹੋਇਆ ਹੈ। ਪ੍ਰਸਾਰਨ ਦੌਰਾਨ ਪ੍ਰਧਾਨ ਮੰਤਰੀ ਨੇ ਇਸ ਸਾਲ ਦੇਸ਼ ਵੱਲੋਂ ਵੱਖ-ਵੱਖ ਖੇਤਰਾਂ ਵਿਚ ਕੀਤੀਆਂ ਕਈ ਪ੍ਰਾਪਤੀਆਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਇਸ ਮੌਕੇ ‘ਚੰਦਰਯਾਨ-3’ ਦੀ ਸਫਲਤਾ ਦਾ ਵਿਸ਼ੇਸ਼ ਤੌਰ ਉਤੇ ਜ਼ਿਕਰ ਕੀਤਾ ਤੇ ਕਿਹਾ ਕਿ ‘ਸਾਨੂੰ ਸਾਰਿਆਂ ਨੂੰ ਵਿਗਿਆਨੀਆਂ ਦੀ ਉਪਲਬਧੀ ਉਤੇ ਮਾਣ ਹੈ।’ ਪ੍ਰਧਾਨ ਮੰਤਰੀ ਨੇ ‘ਨਾਟੂ ਨਾਟੂ’ ਵੱਲੋਂ ਆਸਕਰ ਜਿੱਤਣ, ਭਾਰਤੀ ਅਥਲੀਟਾਂ ਵੱਲੋਂ ਏਸ਼ਿਆਈ ਖੇਡਾਂ ਵਿਚ ਕੀਤੇ ਸ਼ਾਨਦਾਰ ਪ੍ਰਦਰਸ਼ਨ ਨੂੰ ਵੀ ਉਭਾਰਿਆ। ਮੋਦੀ ਨੇ ਕਿਹਾ ਕਿ ਕ੍ਰਿਕਟ ਵਿਸ਼ਵ ਕੱਪ ਵਿਚ ਵੀ ਭਾਰਤੀ ਖਿਡਾਰੀਆਂ ਦੀ ਕਾਰਗੁਜ਼ਾਰੀ ਯਾਦਗਾਰੀ ਰਹੀ। ਉਨ੍ਹਾਂ ਕਿਹਾ ਕਿ ਦੇਸ਼ ਨੇ ‘ਆਜ਼ਾਦੀ ਦੇ ਅੰਮ੍ਰਿਤ ਮਹੋਤਸਵ’ ਜਿਹੀਆਂ ਕਈ ਸਫਲ ਮੁਹਿੰਮਾਂ ਵੀ ਦੇਖੀਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਦੇਸ਼ ਹੁਣ ਨਵੀਆਂ ਕਾਢਾਂ ਦਾ ਵੀ ਕੇਂਦਰ ਬਣਦਾ ਜਾ ਰਿਹਾ ਹੈ।’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ਵਿਚ ਰਾਮ ਮੰਦਰ ਬਾਰੇ ਦੇਸ਼ ਵਿਚ ਉਤਸ਼ਾਹ ਦਾ ਜ਼ਿਕਰ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਨਾਲ ਸਬੰਧਤ ਭਜਨ ਵਰਗੀਆਂ ਆਪਣੀ ਰਚਨਾਵਾਂ ਨੂੰ ਸੋਸ਼ਲ ਮੀਡੀਆ ਉਤੇ ਸਾਂਝੀਆਂ ਕਰਨ। ਉਨ੍ਹਾਂ ਕਿਹਾ ਕਿ ਲੋਕ ਆਪਣੀਆਂ ਭਾਵਨਾਵਾਂ ਨੂੰ ਕਈ ਤਰੀਕਿਆਂ ਨਾਲ ਪ੍ਰਗਟ ਕਰ ਰਹੇ ਹਨ।