ਕਾਂਗਰਸ ਨੂੰ ਵੋਟਾਂ ਵੇਲੇ ਹੀ ਗਰੀਬ ਤੇ ਕਿਸਾਨ ਚੇਤੇ ਆਉਂਦੇ ਹਨ: ਮੋਦੀ

ਕਾਂਗਰਸ ਨੂੰ ਵੋਟਾਂ ਵੇਲੇ ਹੀ ਗਰੀਬ ਤੇ ਕਿਸਾਨ ਚੇਤੇ ਆਉਂਦੇ ਹਨ: ਮੋਦੀ

ਝਬੂਆ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਭਾਜਪਾ ਅਗਾਮੀ ਲੋਕ ਸਭਾ ਚੋਣਾਂ ਵਿੱਚ 370 ਸੀਟਾਂ ਦਾ ਅੰਕੜਾ ਪਾਰ ਕਰੇਗੀ ਅਤੇ ਇਹੋ ਨਹੀਂ ਸੰਸਦ ਵਿੱਚ ਵਿਰੋਧੀ ਨੇਤਾ ਵੀ ਕਹਿ ਰਹੇ ਹਨ ਕਿ ਸੱਤਾਧਾਰੀ ਰਾਸ਼ਟਰੀ ਜਮਹੂਰੀ ਗੱਠਜੋੜ (ਐੱਨਡੀਏ) ਨੂੰ 400 ਤੋਂ ਵੱਧ ਸੀਟਾਂ ਮਿਲਣਗੀਆਂ। ਪ੍ਰਧਾਨ ਮੰਤਰੀ ਨੇ ਲੰਬੇ ਸਮੇਂ ਤੱਕ ਗਰੀਬਾਂ, ਕਿਸਾਨਾਂ ਅਤੇ ਆਦਿਵਾਸੀਆਂ ਨੂੰ ਅਣਦੇਖਿਆ ਕਰਨ ਸਬੰਧੀ ਵਿਰੋਧੀ ਧਿਰ ਕਾਂਗਰਸ ’ਤੇ ਨਿਸ਼ਾਨਾ ਸੇਧਿਆ। ਉਨ੍ਹਾਂ ਕਿਹਾ, ‘‘ਕਾਂਗਰਸ ਨੂੰ ਸਿਰਫ਼ ਵੋਟਾਂ ਵੇਲੇ ਹੀ ਪਿੰਡ, ਗਰੀਬ ਅਤੇ ਕਿਸਾਨ ਚੇਤੇ ਆਉਂਦੇ ਹਨ। ਕਾਂਗਰਸ ਜਦੋਂ ਸੱਤਾ ਵਿੱਚ ਰਹਿੰਦੀ ਹੈ ਤਾਂ ਲੋਕਾਂ ਨੂੰ ਲੁੱਟਣ ਦਾ ਕੰਮ ਕਰਦੀ ਹੈ ਅਤੇ ਜਦੋਂ ਸੱਤਾ ਤੋਂ ਬਾਹਰ ਹੁੰਦੀ ਹੈ ਤਾਂ ਲੋਕਾਂ ਨੂੰ ਲੜਾਉਣ ਦਾ ਕੰਮ ਕਰਦੀ ਹੈ। ਲੁੱਟ ਅਤੇ ਫੁੱਟ ਕਾਂਗਰਸ ਲਈ ਆਕਸੀਜਨ ਹੈ।’’ ਪ੍ਰਧਾਨ ਮੰਤਰੀ ਮੋਦੀ ਮੱਧ ਪ੍ਰਦੇਸ਼ ਵਿੱਚ 7,550 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਮਗਰੋਂ ਝਬੂਆ ਜ਼ਿਲ੍ਹੇ ਦੇ ਆਦਿਵਾਸੀ ਭਾਈਚਾਰੇ ਦੇ ਮੈਂਬਰਾਂ ਦੀ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਪ੍ਰਧਾਨ ਮੰਤਰੀ ਨੇ ਵੋਟਰਾਂ ਨੂੰ ਪਿਛਲੀਆਂ ਚੋਣਾਂ ਦੌਰਾਨ 543 ਸੀਟਾਂ ਵਿੱਚੋਂ 370 ਸੀਟਾਂ ਜਿਤਾਉਣ ਦੇ ਮੁਕਾਬਲੇ ਹਰੇਕ ਬੂਥ ਤੋਂ 370 ਵਾਧੂ ਵੋਟਾਂ ਦੀ ਪੋਲਿੰਗ ਯਕੀਨੀ ਬਣਾਉਣ ਲਈ ਕਿਹਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੰਨਾ ਹੀ ਨਹੀਂ ਸੰਸਦ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਹੁਣ ਐੱਨਡੀਏ ਲਈ ‘ਅਬ ਕੀ ਬਾਰ 400 ਪਾਰ’ ਦੀ ਗੱਲ ਕਹਿ ਰਹੇ ਹਨ। ਮੋਦੀ ਨੇ ਕਿਹਾ, ‘‘ਮੈਨੂੰ ਯਕੀਨ ਹੈ ਕਿ ਭਾਜਪਾ ਦਾ ਕਮਲ ਚੋਣ ਨਿਸ਼ਾਨ ਯਕੀਨੀ ਤੌਰ ਉੱਤੇ ਆਪਣੇ ਦਮ ’ਤੇ 370 ਦਾ ਅੰਕੜਾ ਪਾਰ ਕਰ ਜਾਵੇਗਾ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਲੋਕ ਸਭਾ ਚੋਣਾਂ ਲਈ ਪ੍ਰਚਾਰ ਕਰਨ ਝਬੂਆ ਨਹੀਂ ਆਏ ਬਲਕਿ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਮੱਧ ਪ੍ਰਦੇਸ਼ ’ਚ ਮਿਲੇ ਜਬਰਦਸਤ ਸਮਰਥਨ ਲਈ ਲੋਕਾਂ ਨੂੰ ਧੰਨਵਾਦ ਦੇਣ ਖਾਤਰ ਇੱਕ ‘ਸੇਵਕ’ ਵਜੋਂ ਆਏ ਹਨ। ਭਾਜਪਾ ਨੇ ਹਾਲ ਹੀ ਵਿੱਚ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ ਹੈ। ਰੈਲੀ ਨੂੰ ਸੰਬੋਧਨ ਕਰਨ ਤੋਂ ਪਹਿਲਾਂ 7,550 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘‘ਸਾਡੀ ‘ਡਬਲ ਇੰਜਣ’ ਸਰਕਾਰ ਮੱਧ ਪ੍ਰਦੇਸ਼ ’ਚ ਦੁੱਗਣੀ ਰਫ਼ਤਾਰ ਨਾਲ ਕੰਮ ਕਰ ਰਹੀ ਹੈ।’’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੈਲੀ ਦੌਰਾਨ ਇੱਕ ਬੱਚੇ ਨੂੰ ਦਰਦ ਤੋਂ ਬਚਣ ਲਈ ਲਗਾਤਾਰ ਹੱਥ ਹਿਲਾ ਕੇ ਸਵਾਗਤ ਨਾ ਕਰਨ ਦੀ ਸਲਾਹ ਦਿੱਤੀ। ਰੈਲੀ ਵਿੱਚ ਉਨ੍ਹਾਂ ਵੱਲ ਦੇਖ ਕੇ ਲਗਾਤਾਰ ਹੱਥ ਹਿਲਾ ਰਹੇ ਬੱਚੇ ਨੂੰ ਪ੍ਰਧਾਨ ਮੰਤਰੀ ਨੇ ਅਪੀਲ ਕੀਤੀ, ‘‘ਮੈਨੂੰ ਤੁਹਾਡਾ ਪਿਆਰ ਮਿਲ ਗਿਆ ਹੈ, ਬੇਟਾ। ਕਿਰਪਾ ਕਰਕੇ ਆਪਣਾ ਹੱਥ ਥੱਲੇ ਕਰ ਲਓ, ਨਹੀਂ ਤਾਂ ਦਰਦ ਹੋਣ ਲੱਗੇਗਾ।’’ ਬੱਚੇ ਨੂੰ ਇੱਕ ਵਿਅਕਤੀ ਨੇ ਫੜਿਆ ਹੋਇਆ ਸੀ, ਜੋ ਕਿ ਸੰਭਾਵੀ ਤੌਰ ’ਤੇ ਉਸ ਦੇ ਪਿਤਾ ਹੋਣਗੇ। ਬੱਚੇ ਦੀ ਭਾਵਨਾ ਦੀ ਸਰਾਹਨਾ ਕਰਦਿਆਂ ਪ੍ਰਧਾਨ ਮੰਤਰੀ ਨੇ ਉਸ ਨੂੰ ਵਾਰ-ਵਾਰ ਕਿਹਾ ਕਿ ਜੇਕਰ ਉਹ ਲਗਾਤਾਰ ਉਨ੍ਹਾਂ ਵੱਲ ਹੱਥ ਹਿਲਾ ਕੇ ਸਵਾਗਤ ਕਰਦਾ ਰਹੇਗਾ ਤਾਂ ਉਸ ਦਾ ਹੱਥ ਦਰਦ ਕਰਨ ਲੱਗੇਗਾ।