ਦੇਸ਼ ਦੇ ਫਾਇਦੇ ਲਈ ਤੀਜਾ ਕਾਰਜਕਾਲ ਜ਼ਰੂਰੀ: ਮੋਦੀ

ਦੇਸ਼ ਦੇ ਫਾਇਦੇ ਲਈ ਤੀਜਾ ਕਾਰਜਕਾਲ ਜ਼ਰੂਰੀ: ਮੋਦੀ

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਨੇ ਜੇਕਰ ਆਪਣੇ ਵੱਡੇ ਟੀਚਿਆਂ ਨੂੰ ਹਕੀਕੀ ਰੂਪ ਦੇਣਾ ਹੈ ਤਾਂ ਭਾਜਪਾ ਨੂੰ ਪਹਿਲਾਂ ਨਾਲੋਂ ਵੀ ਵੱਡੇ ਫ਼ਤਵੇ ਨਾਲ ਸੱਤਾ ਵਿਚ ਵਾਪਸ ਲਿਆਉਣਾ ਪਹਿਲੀ ਸ਼ਰਤ ਹੈ। ਪ੍ਰਧਾਨ ਮੰਤਰੀ ਨੇ ਹਜ਼ਾਰਾਂ ਪਾਰਟੀ ਵਰਕਰਾਂ ਨੂੰ ਨਸੀਹਤ ਦਿੱਤੀ ਕਿ ਉਹ ਅਗਾਮੀ ਲੋਕ ਸਭਾ ਚੋਣਾਂ ਵਿਚ ਵੱਡੀ ਜਿੱਤ ਯਕੀਨੀ ਬਣਾਉਣ ਲਈ ਅਗਲੇ ਸੌ ਦਿਨ ਨਵੀਂ ਊਰਜਾ, ਸ਼ਕਤੀ ਤੇ ਜੋਸ਼ ਨਾਲ ਕੰਮ ਕਰਨ। ਸ੍ਰੀ ਮੋਦੀ ਨੇ ਕਿਹਾ ਕਿ ਉਹ ਸਿਆਸੀ ਨਫ਼ੇ ਲਈ ਨਹੀਂ ਬਲਕਿ ਦੇਸ਼ ਦੇ ਫਾਇਦੇ ਲਈ ਲੋਕਾਂ ਤੋਂ ਤੀਜਾ ਕਾਰਜਕਾਲ ਮੰਗ ਰਹੇ ਹਨ। ਇਥੇ ਭਾਰਤ ਮੰਡਪਮ ਵਿਚ ਦੇਸ਼ ਭਰ ਵਿਚੋਂ ਆਏ ਕਰੀਬ 11,500 ਭਾਜਪਾ ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਉਹ ‘ਸੱਤਾ ਭੋਗ’ (ਸੱਤਾ ਦਾ ਮਜ਼ਾ ਲੈਣ) ਲਈ ਨਹੀਂ ਬਲਕਿ ਦੇਸ਼ ਦੇ ਭਲੇ ਲਈ ਸੱਤਾ ਮੰਗ ਰਹੇ ਹਨ। ਉਨ੍ਹਾਂ ਵਿਰੋਧੀ ਧਿਰਾਂ ਖਾਸ ਕਰ ਕੇ ਕਾਂਗਰਸ ਨੂੰ ਭੰਡਦੇ ਹੋਏ ਕਿਹਾ ਕਿ ਉਹ ਹਰ ਤਰ੍ਹਾਂ ਦੇ ਝੂਠੇ ਵਾਅਦੇ ਕਰਦੀ ਹੈ ਪਰ ਉਸ ਕੋਲ ਵਿਕਸਤ ਭਾਰਤ ਲਈ ਰੋਡ ਮੈਪ ਦੀ ਘਾਟ ਹੈ। ਉਨ੍ਹਾਂ ਸੱਤਾ ਵਿਚ ਮੁੜ ਵਾਪਸੀ ਦਾ ਭਰੋਸਾ ਜਤਾਉਂਦਿਆਂ ਕਿਹਾ ਕਿ ਇਹ ਕੰਮ (ਵਿਕਸਤ ਭਾਰਤ) ਸਿਰਫ਼ ਭਾਜਪਾ ਹੀ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਵਿਦੇਸ਼ੀ ਮੁਲਕਾਂ ਨੇ ਗੱਲਬਾਤ ਲਈ ਉਨ੍ਹਾਂ ਨੂੰ ਜੁਲਾਈ, ਅਗਸਤ ਤੇ ਸਤੰਬਰ ਵਿੱਚ ਸੱਦਿਆ, ਜਿਸ ਤੋਂ ਸਾਫ਼ ਹੈ ਕਿ ਇਨ੍ਹਾਂ ਦੇਸ਼ਾਂ ਨੂੰ ਵੀ ਪਤਾ ਹੈ ਕਿ ‘ਆਏਗਾ ਤੋ ਮੋਦੀ ਹੀ।’ ਅਪਰੈਲ-ਮਈ ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਕੌਮੀ ਕਨਵੈਨਸ਼ਨ ਵਿਚ 65 ਮਿੰਟਾਂ ਦੇ ਵਿਦਾਇਗੀ ਭਾਸ਼ਣ ਵਿਚ ਪ੍ਰਧਾਨ ਮੰਤਰੀ ਨੇ ਭਾਜਪਾ ਮੈਂਬਰਾਂ ਨੂੰ ਸਮਾਜ ਦੇ ਸਾਰੇ ਵਰਗਾਂ ਨਾਲ ਰਾਬਤਾ ਬਣਾ ਕੇ ਰੱਖਣ ਤੇ ਸਾਰਿਆਂ ਦਾ ਭਰੋਸਾ ਜਿੱਤਣ ਲਈ ਕਿਹਾ। ਉਨ੍ਹਾਂ ਕਿਹਾ ਜਦੋਂ ਸਾਰੇ ਮਿਲ ਕੇ ਯਤਨ ਕਰਨਗੇ ਤਾਂ ਭਾਜਪਾ 370 ਤੋਂ ਵੱਧ ਸੀਟਾਂ ਨਾਲ ਜਿੱਤੇਗੀ ਤੇ ਪਾਰਟੀ ਦੀ ਅਗਵਾਈ ਵਾਲੇ ਐੱਨਡੀਏ ਗੱਠਜੋੜ ਦੀਆਂ 543 ਮੈਂਬਰੀ ਸਦਨ ਵਿਚ 400 ਤੋਂ ਵੱਧ ਸੀਟਾਂ ਹੋਣਗੀਆਂ। ਪ੍ਰਧਾਨ ਮੰਤਰੀ ਨੇ ਕਿਹਾ, ‘‘ਸਾਨੂੰ ਹਰੇਕ ਨਾਲ ਰਾਬਤਾ ਰੱਖਣਾ ਹੋਵੇਗਾ, ਸਰਕਾਰ ਬਣਾਉਣ ਲਈ ਨਹੀਂ ਬਲਕਿ ਦੇਸ਼ ਦੇ ਨਿਰਮਾਣ ਲਈ।’’ ਵਿਦੇਸ਼ ਨੀਤੀ ਨਾਲ ਸਿੱਝਣ ਦੀ ਯੋਗਤਾ ਨੂੰ ਲੈ ਕੇ ਕੀਤੇ ਜਾ ਰਹੇ ਸਵਾਲਾਂ ਲਈ ਆਲੋਚਕਾਂ ਨੂੰ ਨਿਸ਼ਾਨਾ ਬਣਾਉਂਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਦੇ ਪੱਛਮੀ ਏਸ਼ੀਆ ਨਾਲ ਰਿਸ਼ਤੇ ਪਹਿਲਾਂ ਨਾਲੋਂ ਵੱਧ ਮਜ਼ਬੂਤ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਹਾਕਿਆਂ ਵਿਚ ਯੂਏਈ ਦੀ ਫੇਰੀ ’ਤੇ ਜਾਣ ਵਾਲੇ ਉਹ ਪਹਿਲੇ ਪ੍ਰਧਾਨ ਮੰਤਰੀ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਪਹਿਲਾਂ ਪੱਛਮੀ ਏਸ਼ੀਆ ਨੂੰ ਪਾਕਿਸਤਾਨ ਦੇ ਨਜ਼ਰੀਏ ਤੋਂ ਦੇਖਦੀ ਸੀ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਨਾ ਹੁਣ ਛੋਟਾ ਸੋਚਦਾ ਹੈ ਤੇ ਨਾ ਹੀ ਛੋਟੇ ਸੁਫ਼ਨੇ ਦੇਖਦਾ ਹੈ। ਭਾਰਤ ਦੇ ਸੁਫ਼ਨੇ ਬਹੁਤ ਵੱਡੇ ਹਨ ਤੇ ਇਸ ਨੇ 2047 ਤੱਕ ਭਾਰਤ ਨੂੰ ਵਿਕਸਤ ਦੇਸ਼ ਬਣਾਉਣ ਦਾ ਵੱਡਾ ਅਹਿਦ ਲਿਆ ਹੈ।