ਝੂਠੇ ਵਾਅਦਿਆਂ ਦੀ ਸਿਆਸਤ ਦੇ ਦਿਨ ਹੁਣ ਪੁੱਗੇ: ਮੋਦੀ

ਝੂਠੇ ਵਾਅਦਿਆਂ ਦੀ ਸਿਆਸਤ ਦੇ ਦਿਨ ਹੁਣ ਪੁੱਗੇ: ਮੋਦੀ

   ਆਜ਼ਮਗੜ੍ਹ- ਮੁਲਾਇਮ-ਅਖਿਲੇਸ਼ ਯਾਦਵ ਪਰਿਵਾਰ ਨਾਲ ਅਕਸਰ ਜੋੜੇ ਜਾਂਦੇ ਹਲਕੇ ’ਚ ਭਾਈ-ਭਤੀਜਾਵਾਦ ਦੀ ਸਿਆਸਤ ’ਤੇ ਵਰ੍ਹਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਨਾਲ ਤੁਸ਼ਟੀਕਰਨ ਦਾ ਜ਼ਹਿਰ ਕਮਜ਼ੋਰ ਪੈ ਰਿਹਾ ਹੈ। ਮੋਦੀ ਨੇ ਦੇਸ਼ ’ਚ ਵੱਖ ਵੱਖ ਥਾਵਾਂ ’ਤੇ 42 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਵਰਚੁਅਲੀ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਇਨ੍ਹਾਂ ’ਚੋਂ 34,700 ਕਰੋੜ ਰੁਪਏ ਦੇ ਪ੍ਰਾਜੈਕਟ ਯੂਪੀ ’ਚ ਹਨ। ਉਨ੍ਹਾਂ ਪੰਜਾਬ ਦੇ ਆਦਮਪੁਰ, ਯੂਪੀ, ਮੱਧ ਪ੍ਰਦੇਸ਼ ਅਤੇ ਦਿੱਲੀ ਸਮੇਤ 12 ਨਵੀਆਂ ਟਰਮੀਨਲ ਇਮਾਰਤਾਂ ਸਣੇ 15 ਏਅਰਪੋਰਟ ਪ੍ਰਾਜੈਕਟਾਂ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਆਜ਼ਮਗੜ੍ਹ ’ਚ ਮਹਾਰਾਜਾ ਸੁਹੇਲ ਦੇਵ ਸਟੇਟ ਯੂਨੀਵਰਿਸਟੀ ਦਾ ਉਦਘਾਟਨ ਵੀ ਕੀਤਾ। ਆਜ਼ਮਗੜ੍ਹ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਦੋਸ਼ ਲਾਇਆ ਕਿ ਇਸ ਭਾਈ-ਭਤੀਜਾਵਾਦ ਕਾਰਨ ਕੁਝ ਲੋਕ ਉਨ੍ਹਾਂ ਦਾ ਪਰਿਵਾਰ ਨਾ ਹੋਣ ’ਤੇ ਸਵਾਲ ਖੜ੍ਹੇ ਕਰਦੇ ਹਨ। ‘ਪਿਛਲੀਆਂ ਚੋਣਾਂ ’ਚ ਜਿਹੜਾ ਪਰਿਵਾਰ ਆਜ਼ਮਗੜ੍ਹ ਨੂੰ ਆਪਣਾ ਗੜ੍ਹ ਸਮਝਦਾ ਸੀ, ਉਸ ਨੂੰ ਦਿਨੇਸ਼ ਵਰਗੇ ਨੌਜਵਾਨ ਨੇ ਹਰਾ ਦਿੱਤਾ ਸੀ।’ ਸਮਾਜਵਾਦੀ ਪਾਰਟੀ ਦੇ ਸਰਪ੍ਰਸਤ ਮਰਹੂਮ ਮੁਲਾਇਮ ਸਿੰਘ ਯਾਦਵ ਆਜ਼ਮਗੜ੍ਹ ਸੰਸਦੀ ਹਲਕੇ ਤੋਂ 2014 ’ਚ ਚੋਣ ਜਿੱਤੇ ਸਨ। ਉਨ੍ਹਾਂ ਮਗਰੋਂ ਪੁੱਤਰ ਅਖਿਲੇਸ਼ ਯਾਦਵ 2019 ’ਚ ਇਥੋਂ ਲੋਕ ਸਭਾ ਚੋਣ ਜਿੱਤਿਆ ਸੀ। ਸਾਲ 2022 ’ਚ ਅਖਿਲੇਸ਼ ਵੱਲੋਂ ਵਿਧਾਨ ਸਭਾ ਚੋਣ ਲੜਨ ’ਤੇ ਉਨ੍ਹਾਂ ਇਹ ਸੀਟ ਖਾਲੀ ਕਰ ਦਿੱਤੀ ਸੀ ਜਿਸ ਮਗਰੋਂ ਹੋਈ ਜ਼ਿਮਨੀ ਚੋਣ ’ਚ ਭਾਜਪਾ ਦੇ ਦਿਨੇਸ਼ ਲਾਲ ਯਾਦਵ ਨੇ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਨੂੰ ਹਰਾ ਦਿੱਤਾ ਸੀ। ਪ੍ਰਧਾਨ ਮੰਤਰੀ ਨੇ ਕਿਹਾ,‘‘ਪਰਿਵਾਰਵਾਦ ਕਾਰਨ ਲੋਕ ਇੰਨੇ ਅੱਕ ਚੁੱਕੇ ਹਨ ਕਿ ਆਗੂ ਮੋਦੀ ਨੂੰ ਗਾਲ੍ਹਾਂ ਕੱਢਣ ਲੱਗ ਪਏ ਹਨ। ਉਹ ਆਖਦੇ ਹਨ ਕਿ ਮੋਦੀ ਦਾ ਕੋਈ ਪਰਿਵਾਰ ਨਹੀਂ ਹੈ। ਉਹ ਭੁੱਲ ਜਾਂਦੇ ਹਨ ਕਿ ਦੇਸ਼ ਦੀ 140 ਕਰੋੜ ਆਬਾਦੀ ਮੋਦੀ ਦਾ ਪਰਿਵਾਰ ਹੈ।’’ ਉਨ੍ਹਾਂ ਕਿਹਾ ਕਿ ਆਜ਼ਮਗੜ੍ਹ, ਜਿਸ ਨੂੰ ਕਦੇ ਪੱਛੜਿਆ ਸਮਝਿਆ ਜਾਂਦਾ ਸੀ, ਅੱਜ ਚਮਕਦਾ ਸਿਤਾਰਾ ਹੈ ਅਤੇ ਦੇਸ਼ ਲਈ ਵਿਕਾਸ ਦਾ ਨਵਾਂ ਅਧਿਆਏ ਲਿਖ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਾਜੈਕਟਾਂ ਦੇ ਉਦਘਾਟਨ ਨੂੰ ਚੋਣਾਂ ਨਾਲ ਜੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ 2047 ਤੱਕ ਵਿਕਸਤ ਭਾਰਤ ਦਾ ਵਾਅਦਾ ਪੂਰਾ ਕਰਨਾ ਹੈ। ਪਿਛਲੀਆਂ ਸਰਕਾਰਾਂ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਉਹ ਵਾਅਦੇ ਕਰਕੇ ਭੁੱਲ ਜਾਂਦੀਆਂ ਸਨ। ਕਈ ਵਾਰ ਤਾਂ ਉਹ ਸੰਸਦ ’ਚ ਬੈਠ ਕੇ ਨਵੀਆਂ ਰੇਲਵੇ ਯੋਜਨਾਵਾਂ ਦਾ ਐਲਾਨ ਕਰ ਦਿੰਦੇ ਸਨ ਅਤੇ ਸਮਝਦੇ ਸਨ ਕਿ ਬਾਅਦ ’ਚ ਕੋਈ ਨਹੀਂ ਪੁੱਛੇਗਾ। ਮੋਦੀ ਨੇ ਕਿਹਾ ਕਿ ਉਨ੍ਹਾਂ 30-35 ਸਾਲ ਪਹਿਲਾਂ ਕੀਤੇ ਗਏ ਐਲਾਨਾਂ ਨੂੰ ਘੋਖਿਆ ਤਾਂ ਪਤਾ ਲੱਗਾ ਕਿ ਉਹ ਕਈ ਵਾਰ ਚੋਣਾਂ ਤੋਂ ਪਹਿਲਾਂ ਨੀਂਹ ਪੱਥਰ ਰੱਖ ਦਿੰਦੇ ਸਨ ਜੋ ਬਾਅਦ ’ਚ ਗਾਇਬ ਹੋ ਜਾਂਦੇ ਸਨ। ਉਨ੍ਹਾਂ ਕਿਹਾ ਕਿ ਅੱਜ ਮੁਲਕ ਦੇਖ ਰਿਹਾ ਹੈ ਕਿ ਮੋਦੀ ਵੱਖਰੀ ਕਿਸਮ ਦਾ ਬੰਦਾ ਹੈ ਜੋ ਪੂਰੀ ਇਮਾਨਦਾਰੀ ਅਤੇ ਤੇਜ਼ ਰਫ਼ਤਾਰ ਨਾਲ ਵਿਕਾਸ ਕਾਰਜ ਕਰਵਾ ਰਿਹਾ ਹੈ।